ਅੱਜ-ਨਾਮਾ
ਬੋਲਦਾ ਪੁੱਠਾ ਕਰਨਾਟਕ ਦਾ ਜੱਜ ਕਹਿੰਦੇ,
ਟਿਪਣੀ ਕਰਦਿਆਂ ਲੰਘੀ ਉਸ ਹੱਦ ਭਾਈ।
ਫਿਰਕੂ ਜ਼ਹਿਰ ਦੀ ਕਰੇ ਉਹ ਬੋਲ-ਬਾਣੀ,
ਅਦਾਲਤੀ ਫਰਜ਼ ਦਾ ਭੁੱਲ ਕੇ ਕੱਦ ਭਾਈ।
ਏਥੋਂ ਤੱਕ ਵੀ ਉਹ ਨਹੀਂ ਰਿਹਾ ਟਿਕਿਆ,
ਮਰਿਆਦਾ ਮਾਣ ਨੂੰ ਗਿਆ ਉਲੱਦ ਭਾਈ।
ਇਸਤਰੀ ਵਰਗ ਦੇ ਮਾਣ ਨੂੰ ਢਾਹ ਲਾਈ,
ਅਸਲੀ ਮੁੱਦੇ ਦੀ ਭੁੱਲ ਗਿਆ ਮੱਦ ਭਾਈ।
ਜਿਹੜੇ ਦੇਸ਼ ਵਿੱਚ ਇਹੋ ਜਿਹੇ ਜੱਜ ਬੈਠੇ,
ਦੁਨੀਆ ਕਰੂ ਨਹੀਂ ਕਿਵੇਂ ਮਜ਼ਾਕ ਭਾਈ।
ਟਿਪਣੀ ਉਹਦੀ ਆ ਖਾਸ ਸੰਕੇਤ ਕਰਦੀ,
ਜਾਪਦੀ ਇਹ ਨਾ ਨਿਰਾ ਇਤਫਾਕ ਭਾਈ।
ਤੀਸ ਮਾਰ ਖਾਂ
21 ਸਤੰਬਰ, 2024