ਲੇਖਕ: ਕਾਮਰੇਡ ਲਹਿੰਬਰ ਸਿੰਘ ਤੱਗੜ
ਸਮੀਖਿਆਕਾਰ: ਰਿੱਪੁਦਮਨ ਰਿੱਪੀ, ਸੰਪਾਦਕ ਰੋਜ਼ਾਨਾ ਦੇਸ਼ ਸੇਵਕ ਪੰਜਾਬੀ
ਲੱਗ ਪੱਗ ਛੇ ਦਹਾਕਿਆਂ ਤੋਂ ਕਮਿਊਨਿਸਟ ਲਹਿਰ ਵਿੱਚ ਕੁਲਵਕਤੀ ਦੇ ਤੌਰ ’ਤੇ ਸਰਗਰਮ Punjab ਦੇ ਇੱਕ ਕਮਿਊਨਿਸਟ ਆਗੂ ਕਾਮਰੇਡ Lahinbar Singh Taggar ਜੋ ਹੁਣ 78 ਸਾਲਾਂ ਨੂੰ ਢੁੱਕਣ ਵਾਲੇ ਹਨ, ਵੱਲੋਂ ਲਿਖੀ 600 ਸਫਿਆਂ ਦੀ ਪੁਸਤਕ ‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ’ ਅੱਜ ਕੱਲ੍ਹ ਕਮਿਊਨਿਸਟ ਸਰਕਲਾਂ ਵਿੱਚ ਕਾਫੀ ਚਰਚਾ ਵਿੱਚ ਹੈ।
ਪੁਸਤਕ ਦੇ ਟਾਈਟਲ ਤੋਂ ਜਾਪਦਾ ਹੈ ਕਿ ਇਹ Punjab ਦੀ ਕਮਿਊਨਿਸਟ ਲਹਿਰ ਬਾਰੇ ਸੰਖੇਪ ਜਾਣਕਾਰੀ ਦੇਵੇਗੀ ਪਰ ਪੜ੍ਹਨ ਤੋਂ ਪਹਿਲਾਂ ਹੀ ਓਪਰੀ ਜਿਹੀ ਨਜ਼ਰ ਮਾਰਿਆਂ ਅਤੇ ਪੜ੍ਹਨ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਪੁਸਤਕ ਦਾ ਘੇਰਾ ਬਹੁਤ ਵਿਸ਼ਾਲ ਹੈ।
ਪੁਸਤਕ ਵਿੱਚ ਲੇਖਕ ਨੇ ਸੰਸਾਰ ਦੀ ਕਮਿਊਨਿਸਟ ਲਹਿਰ, ਭਾਰਤ ਦੀ ਕਮਿਊਨਿਸਟ ਲਹਿਰ, ਦੇਸ਼ ਦੀ ਆਜ਼ਾਦੀ ਦੀ ਲਹਿਰ, ਆਜ਼ਾਦੀ ਤੋਂ ਬਾਅਦ ਦੇ ਪੰਜਾਬ ਅਤੇ ਭਾਰਤ ਦੇ ਰਾਜਨੀਤਿਕ ਇਤਿਹਾਸ ਬਾਰੇ ਪੰਛੀ ਝਾਤ ਪੁਆਈ ਹੈ। ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ ਦੀ ਪਿੱਠਭੂਮੀ ਦੀ ਚਰਚਾ ਕਰਦੇ ਹੋਏ ਲੇਖਕ ਨੇ ਲਿਖਿਆ ਹੈ, ‘‘ਕਮਿਊਨਿਸਟ ਲਹਿਰ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਪਣਪਣ ਅਤੇ ਵਿਕਸਤ ਹੋਣ ਵਾਸਤੇ ਪੰਜਾਬ ਵਿੱਚ ਜਰਖੇਜ਼/ਉਪਜਾਊ ਜ਼ਮੀਨ ਤਾਂ ਪੰਜਾਬੀ ਲੋਕਾਂ ਦੀਆਂ ੲਤਿਹਾਸਕ ਪਰੰਪਰਾਵਾਂ ਅਤੇ ਸਭਿਆਚਾਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ।
ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਖਿਲਾਫ ਲੜਦੇ ਰਹੇ ਹੋਣ ਕਰਕੇ ਧੱਕੇਸ਼ਾਹੀਆਂ ਵਿਰੁੱਧ ਲੜਨਾ ਤਾਂ ਪੰਜਾਬ ਦੇ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਚੁੱਕਾ ਹੈ। ਸਿੱਖ ਧਰਮ, ਸਿੱਖ ਲਹਿਰ ਅਤੇ ਸਿੱਖ ਸੰਘਰਸ਼ ਨੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਡੂੰਘੀ ਥਾਂ ਬਣਾਈ ਹੋਈ ਹੈ।
ਪੰਜਵੇਂ ਅਤੇ ਨੌਵਂੇ ਗੁਰੂ ਸਹਿਬਾਨਾਂ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਨੀਹਾਂ ਵਿੱਚ ਚਿਣੇ ਜਾਣਾ, ਚਰਖੜੀਆਂ ਤੇ ਚੜ੍ਹਨਾ, ਖੋਪਰੀਆਂ ਅਤੇ ਪੁੱਠੀਆਂ ਖੱਲਾਂ ਲੁਹਾਉਣੀਆਂ, ਦੇਗਾਂ ਵਿੱਚ ਉਬਲਣਾ, ਆਰਿਆਂ ਨਾਲ ਚੀਰੇ ਜਾਣਾ ਕੇਵਲ ਸਿੱਖਾਂ ਵਿੱਚ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀਆਂ ਮਨੋ ਅਵਸਥਾਵਾਂ ਵਿੱਚ ਛਾਇਆ ਹੋਇਆ ਹੈ।
ਪੰਜਾਬ ਵਿੱਚ ਜੰਮਦੇ ਬੱਚਿਆਂ ਨੂੰ ਹੀ ਇਹ ਸਭ ਕੁੱਝ ਹਰ ਪਾਸੇ ਤੋਂ ਸੁਣਨ ਲੱਗ ਪੈਂਦਾ ਹੈ। ਸਾਂਝੀਵਾਲਤਾ, ਬਰਾਬਰੀ, ਏਕਤਾ, ਦੇਸ਼ ਭਗਤੀ, ਕੁਰਬਾਨੀ, ਆਪਾ ਵਾਰਨਾ, ਅਣਖਾਂ, ਮਾਣ, ਸਵੈਮਾਣ ਨਾਲ ਜੀਉਣਾ, ਟੈਂਅ ਨਾ ਮੰਨਣੀ ਕਿਸੇ ਦੀ, ਹੱਕ ਸੱਚ ਲਈ ਜੂਝਣਾ, ਗਊ ਗਰੀਬ ਦੀ ਰੱਖਿਆ ਅਤੇ ਅਜਿਹੀਆਂ ਹੋਰ ਅਨੇਕਾਂ ਨਰੋਈਆਂ ਕਦਰਾਂ ਕੀਮਤਾਂ, ਇਹ ਸਾਰਾ ਕੁੱਝ ਪੰਜਾਬੀ ਲੋਕਾਂ ਨੂੰ ਵਿਰਸੇ ਚੋਂ ਹੀ ਪ੍ਰਾਪਤ ਸੀ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗਦਰ ਪਾਰਟੀ ਦੀ ਲਹਿਰ ਇਹ ਸਾਰੀਆਂ ਲਹਿਰਾਂ ਉਪਰੋਕਤ ਵਿਕਸਤ ਹੋ ਚੁਕੀਆਂ ਅਗਾਂਹ ਵਧੂ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਹੀ ਸਨ। ਸਿੱਖੀ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਵੀ ਇਨ੍ਹਾਂ ਲਹਿਰਾਂ ਦਾ ਪ੍ਰੇਰਨਾ ਸਰੋਤ ਸਨ।
ਇਨ੍ਹਾਂ ਇਤਿਹਾਸਕ ਪ੍ਰਸੱਥਿਤੀਆਂ ਦੇ ਪਿੱਠ ਭੂਮੀ ਵਿੱਚ ਹੋਣ ਕਾਰਨ ਜਿਉਂ ਹੀ ਕਮਿਊਨਿਸਟ ਲਹਿਰ ਅਤੇ ਇਸ ਦੀ ਵਿਚਾਰਧਾਰਾ ਨੇ ਪੰਜਾਬ ਵਿੱਚ ਦਸਤਕ ਦਿੱਤੀ, ਪੰਜਾਬੀਆਂ ਨੂੰ ਇਹ ਆਪਣੇ ਇਤਿਹਾਸ ਅਤੇ ਸਭਿਆਚਾਰ ਵਰਗੀ ਹੀ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਸਹਿਜੇ ਹੀ ਇਸ ਨੂੰ ਪ੍ਰਵਾਨ ਕਰਨਾ ਅਤੇ ਅਪਣਾਉਣਾ ਸ਼ੁਰੂ ਕਰ ਲਿਆ। ਇਸ ਵਿੱਚ ਕੁੱਝ ਵੀ ਓਪਰਾਪਨ ਮਹਿਸੂਸ ਨਹੀਂ ਹੋਇਆ’’।
ਪੁਸਤਕ ਦੇ ਆਰੰਭ ਵਿੱਚ ਹੀ ਪ੍ਰਕਾਸ਼ਕ ਅਤੇ ਲੇਖਕ ਵੱਲੋਂ ਲਿਖੇ ਗਏ ‘ਮੁੱਖ ਬੰਧ’, ‘ਇਸ ਕਿਤਾਬ ਬਾਰੇ’ ਅਤੇ ‘ਕੁੱਝ ਆਪਣੇ ਬਾਰੇ’ ਆਰਟੀਕਲਾਂ ਵਿੱਚ ਪੁਸਤਕ ਲਿਖਣ ਦੀ ਪਿੱਠਭੂਮੀ, ਰਚਨ-ਪ੍ਰਕਿਰਿਆ ਅਤੇ ਲੇਖਕ ਦੇ ਰਾਜਸੀ ਅਤੇ ਨਿੱਜੀ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਸਪਸ਼ਟ ਤੌਰ ’ਤੇ ਦਸਿਆ ਗਿਆ ਹੈ ਕਿ ਪੁਸਤਕ ਲੇਖਕ ਦੇ ਨਿੱਜੀ ਵਿਚਾਰਾਂ ਅਨੁਸਾਰ ਨਹੀਂ ਬਲਕਿ ਸੀ.ਪੀ.ਆਈ.(ਐਮ) ਦੇ ਦ੍ਰਿਸ਼ਟੀਕੋਣ ਦੇ ਆਧਾਰ ਤੇ ਲਿਖੀ ਗਈ ਹੈ ਅਤੇ ਪਾਰਟੀ ਵੱਲੋਂ ਪੂਰੀ ਤਰ੍ਹਾਂ ਪ੍ਰਵਾਨਤ ਹੈ।
ਪੁਸਤਕ ਵਿੱਚ 19ਵੀਂ ਸਦੀ ਦੀ ਮੁੱਢਲੀ ਸਿੱਖ ਲਹਿਰ, ਗਦਰ ਪਾਰਟੀ, ਖਿਲਾਫਤ ਮੂਵਮੈਂਟ, ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ, ਹਥਿਆਰਬੰਦ ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਦੀ ਲਹਿਰ, ਰਿਆਸਤੀ ਪਰਜਾ ਮੰਡਲ ਦੀ ਲਹਿਰ, ਆਜ਼ਾਦੀ ਤੋਂ ਪਹਿਲਾਂ ਦੀ ਅਤੇ ਬਾਅਦ ਦੀ ਵਿਦਿਆਰਥੀ ਲਹਿਰ, ਕਿਰਤੀ ਕਮਿਊਨਿਸਟ ਪਾਰਟੀ, ਲਾਲ ਕਮਿਊਨਿਸਟ ਪਾਰਟੀ, ਪਾਕਿਸਤਾਨ ਕਮਿਊਨਿਸਟ ਪਾਰਟੀ, ਇਪਟਾ ਅਤੇ ਸੰਸਾਰ ਅਮਨ ਦੀਆਂ ਲਹਿਰਾਂ, ਗੋਆ ਦੀ ਆਜ਼ਾਦੀ ਦੀ ਲਹਿਰ, ਖੁਸ਼ਹੈਸੀਅਤੀ ਟੈਕਸ ਵਿਰੋਧੀ ਮਹਾਨ ਮੋਰਚਾ, ਪੰਜਾਬ ਦੀ ਮੁਲਾਜ਼ਮ ਲਹਿਰ, ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਿਸਾਨ ਲਹਿਰਾਂ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਛੋਟੀਆਂ ਲਹਿਰਾਂ ਅਤੇ ਸੰਘਰਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਵੀ ਮਿਲਦੀ ਹੈ।
ਪੁਸਤਕ ਵਿੱਚ ਸੰਸਾਰ ਕਮਿਊਨਿਸਟ ਲਹਿਰ ਖਾਸ ਕਰਕੇ ਸੋਵੀਅਤ ਯੂਨੀਅਨ ਅਤੇ ਚੀਨ ਦੀ ਕਮਿਊਨਿਸਟ ਲਹਿਰ ਵਿਚਲੇ ਵੱਡੇ ਮੱਤਭੇਦਾਂ, ਕਾਮਰੇਡ ਸਟਾਲਿਨ ਦੀ ਸ਼ਖਸੀਅਤ ਅਤੇ ੲਤਿਹਾਸਕ ਰੋਲ ਬਾਰੇ ਮੱਤਭੇਦਾਂ, ਭਾਰਤ ਦੀ ਕਮਿਊਨਿਸਟ ਲਹਿਰ ਵਿਚਲੇ ਮੱਤਭੇਦਾਂ ਅਤੇ ਵੰਡ ਬਾਰੇ ਵੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਭਾਰਤ ਵਿੱਚ 1967 ਵਿੱਚ ਪੈਦਾ ਹੋਈ ਨਕਸਲਬਾੜੀ ਲਹਿਰ ਅਤੇ ਇਸ ਲਹਿਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਮੁਕੰਮਲ ਹਿਮਾਇਤ ਦੇਣ ਦੇ ਵਿਸ਼ੇ ਬਾਰੇ ਚਰਚਾ ਕਰਦਿਆਂ ਕਾਮਰੇਡ ਤੱਗੜ ਵੱਲੋਂ ਇੱਕ ਵਖਰਾ ਅਤੇ ਨਵਾਂ ਵਿਚਾਰ ਪੇਸ਼ ਕੀਤਾ ਗਿਆ ਹੈ। ਅੱਜ ਤੱਕ ਸਾਰੀਆਂ ਕਮਿਊਨਿਸਟ ਅਤੇ ਨਕਸਲਾਈਟ ਧਿਰਾਂ ਅਤੇ ਹਰ ਵਿਚਾਰ ਦੇ ਵਿਦਵਾਨਾਂ ਵੱਲੋਂ ਇਹ ਹੀ ਕਿਹਾ ਅਤੇ ਸਮਝਿਆ ਜਾ ਰਿਹਾ ਹੈ ਕਿ ਨਕਸਲਬਾੜੀ ਦੀ ਲਹਿਰ ਮਾਓ ਵਿਚਾਰਧਾਰਾ ਤੋਂ ਪ੍ਰੇਰਤ ਅਤੇ ਸੇਧਤ ਸੀ ਅਤੇ ਅੱਜ ਵੀ ਹੈ।
ਇਸ ਪੁਸਤਕ ਵਿੱਚ ਕਾਮਰੇਡ ਤੱਗੜ ਨੇ ਇਸ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਨਕਸਲਬਾੜੀ ਦੀ ਲਹਿਰ ਕਾਮਰੇਡ ਮਾਓ ਦੀ ਵਿਚਾਰਧਾਰਾ ਅਨੁਸਾਰ ਨਹੀਂ ਬਲਕਿ ਇੱਕ ਗਦਾਰ ਲਿਨ ਪਿਆਓ ਦੀ ਲਾਈਨ ਅਨੁਸਾਰ ਆਰੰਭ ਹੋਈ। ਲਿਨ ਪਿਆਓ ਕਾਮਰੇਡ ਮਾਓ ਨੂੰ ਉਨ੍ਹਾਂ ਦੀ ਬੁਢਾਪੇ ਕਾਰਨ ਗਿਰ ਰਹੀ ਸਿਹਤ ਦੇ ਚਲਦਿਆਂ ਉਨ੍ਹਾਂ ਦੀ ਪਤਨੀ ਮੈਡਮ ਚਿਆਂਗ ਚਿੰਗ ਨਾਲ ਮਿਲਕੇ 1966 ਤੱਕ ਸਾਜ਼ਸੀ ਢੰਗ ਤਰੀਕਿਆਂ ਨਾਲ ਪੂਰੀ ਤਰ੍ਹਾਂ ਆਪਣੇ ਪ੍ਰਭਾਵ ਹੇਠ ਲਿਆਉਣ ਵਿੱਚ ਸਫਲ ਹੋ ਗਿਆ ਸੀ।
ਉਸਨੇ ਚੀਨੀ ਇਨਕਲਾਬ ਦੇ ਲਿਓ ਸ਼ਾਓ ਚੀ, ਤਿੰਗ ਸਿਆਓ ਪੈਂਗ ਵਰਗੇ ਇਤਿਹਾਸਕ ਆਗੂਆਂ ਨੂੰ ‘‘ਪੂੰਜੀਵਾਦ ਦੇ ਏਜੰਟ’’ ਗਰਦਾਨ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਸੀ ਅਤੇ ਉਹ ਆਪਣੇ ਆਪ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਵਿਧਾਨ ਵਿੱਚ ‘‘ਕਾਮਰੇਡ ਮਾਓ ਦੇ ਵਾਰਸ’’ ਦੇ ਤੌਰ ਤੇ ਦਰਜ਼ ਕਰਵਾਉਣ ਵਿੱਚ ਵੀ ਸਫਲ ਹੋ ਗਿਆ ਸੀ।
ਉਹ ‘ਮਾਓ ਵਿਚਾਰਧਾਰਾ’ ਦੇ ਨਾਂ ਹੇਠ ਆਪਣੀ ਨੁਕਸਾਨਦੇਹ ਅਤੇ ਖਤਰਨਾਕ ਵਿਚਾਰਧਾਰਾ ਚਲਾ ਰਿਹਾ ਸੀ। ਭਾਰਤ ਵਿੱਚ ਨਕਸਲਬਾੜੀ ਲਹਿਰ ਦਾ ਆਰੰਭ ਕਰਨ ਵਾਲੇ ਕਾਮਰੇਡ ਚਾਰੂ ਮੌਜ਼ੂਮਦਾਰ, ਜੰਗਲ ਸੰਥਾਲ, ਕਾਨੂੰ ਸਨਿਆਲ ਵਰਗੇ ਆਗੂ ਲਿਨ ਪਿਆਓ ਦੀ ਮਾਅਰੇਕਬਾਜ਼ ਲਾਈਨ ਨੂੰ ਮਾਓ ਵਿਚਾਰਧਾਰਾ ਸਮਝਕੇ ਹੀ ਇਸ ਰਾਹ ’ਤੇ ਚਲੇ ਸਨ ਅਤੇ ਚਲਦੇ ਰਹੇ। ਸ਼ਾਇਦ ਅੱਜ ਦੇ ਨਕਸਲੀ ਆਗੂ ਵੀ ਇਸ ਹਕੀਕਤ ਨੂੰ ਨਾ ਸਮਝਦੇ ਹੋਣ। ਉਪਰੋਕਤ ਲਿਨ ਪਿਆਓ ਵਰਤਾਰੇ ਦੇ ਸਾਰੇ ਵੇਰਵੇ ਪੁਸਤਕ ਵਿੱਚ ਦਰਜ ਕੀਤੇ ਗਏ ਹਨ।
ਪੁਸਤਕ ਦਾ ਸਰਵਰਕ (ਟਾਈਟਲ ਪੇਜ਼) ਬਹੁਤ ਸੂਝ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਦੇ ਇਤਿਹਾਸਕ ਕਮਿਊਨਿਸਟ ਆਗੂਆਂ ਦੀਆਂ ਤਰਤੀਬਵਾਰ ਤਸਵੀਰਾਂ ਲਾਈਆਂ ਗਈਆਂ ਹਨ।
ਪਹਿਲੀਆਂ ਦੋ ਤਸਵੀਰਾਂ ਪੰਜਾਬ ਵਿੱਚ ਕਮਿਊਨਿਸਟ ਲਹਿਰ ਦਾ ਬੀਜ ਬੀਜਣ ਵਾਲੇ ਸਿਰੜੀ ਯੋਧਿਆਂ ਭਾਈ ਰਤਨ ਸਿੰਘ ਰਾਇਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ ਧਰਦਿਓ ਦੀਆਂ ਹਨ। ਅਗਲੀਆਂ ਚਾਰ ਤਸਵੀਰਾਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਕਰਮ ਸਿੰਘ ਚੀਮਾਂ, ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਬਾਬਾ ਭਾਗ ਸਿੰਘ ਕੈਨੇਡੀਅਨ (ਉੱਪਲ ਭੂਪਾ) ਦੀਆਂ ਹਨ ਜਿਨ੍ਹਾਂ ਨੇ ਲੱਗ ਪੱਗ ਸਾਰੇ ਗਦਰੀ ਸੂਰਮਿਆਂ ਨੂੰ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਕਰਨ ਲਈ ਇਤਿਹਾਸਕ ਰੋਲ ਅਦਾ ਕੀਤਾ।
ਉਨ੍ਹਾਂ ਤੋਂ ਅਗਲੇ ਬਾਬਾ ਬੂਝਾ ਸਿੰਘ ਹਨ ਜਿਨ੍ਹਾਂ ਨੇ ਸਾਰੀ ਉਮਰ ਕਮਿਊਨਿਸਟ ਲਹਿਰ ਵਿੱਚ ਕੰਮ ਕੀਤਾ ਅਤੇ ਅੰਤ 80 ਸਾਲ ਦੀ ਉਮਰ ਵਿੱਚ ਉਸ ਰਣਨੀਤੀ ਤੇ ਚਲਦਿਆਂ ਸ਼ਹੀਦੀ ਪ੍ਰਾਪਤ ਕੀਤੀ ਜਿਸ ਨੂੰ ਉਹ ਸਹੀ ਸਮਝਦੇ ਸਨ। ਅਗੇ ਕਾਮਰੇਡ ਸੋਹਣ ਸਿੰਘ ਜੋਸ਼ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਹਨ ਜਿਨ੍ਹਾਂ ਦੀ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਕਮਿਊਨਿਸਟ ਲਹਿਰ ਵਿੱਚ ਇਤਿਹਾਸਕ ਭੂਮਿਕਾ ਰਹੀ ਹੈ।
ਇਨ੍ਹਾਂ ਤੋਂ ਅਗਲੇ ਕਮਿਊਨਿਸਟ ਲਹਿਰ ਨੂੰ ਪੰਜਾਬ ਦੇ ਮਾਲਵਾ ਖੇਤਰ ਵਿੱਚ ਲੈ ਕੇ ਜਾਣ ਅਤੇ ਫੈਲਾਉਣ ਵਾਲੇ ਇਤਿਹਾਸਕ ਆਗੂ ਕਾਮਰੇਡ ਹਰਨਾਮ ਸਿੰਘ ਚਮਕ ਅਤੇ ਜਥੇਦਾਰ ਹਰਦਿੱਤ ਸਿੰਘ ਭੱਠਲ ਹਨ। ਅਗੇ 1930 ਵਿਆਂ ਦੇ ਦੂਸਰੇ ਅੱਧ ਵਿੱਚ ਸਰਗਰਮ ਹੋਏ ਚਾਰ ਸਾਥੀ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ, ਅਵਤਾਰ ਸਿੰਘ ਮਲਹੋਤਰਾ, ਸਤਵੰਤ ਸਿੰਘ ਅਤੇ ਗੁਰਚਰਨ ਸਿੰਘ ਰੰਧਾਵਾ ਹਨ।
ਕਾਮਰੇਡ ਲਾਇਲਪੁਰੀ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ 1987 ਤੱਕ ਚੋਟੀ ਦੇ ਕਮਿਊਨਿਸਟ ਆਗੂ ਰਹੇ ਅਤੇ ਬਾਅਦ ਵਿੱਚ ਵੀ ਆਪਣੀ ਸੋਚ ਅਨੁਸਾਰ ਸਰਗਰਮ ਰਹੇ। ਸਾਥੀ ਮਲਹੋਤਰਾ 1948 ਤੋਂ 1950 ਤੱਕ ਸਾਂਝੀ ਸੀਪੀਆਈ ਦੇ ਸੂਬਾ ਸਕੱਤਰ ਰਹੇ ਅਤੇ 1963 ਤੋਂ ਬਾਅਦ ਲੰਬਾ ਸਮਾਂ ਸੀਪੀਆਈ ਦੇ ਸੂਬਾ ਸਕੱਤਰ ਰਹੇ।
ਕਾਮਰੇਡ ਸਤਵੰਤ ਸਿੰਘ ਅਤੇ ਰੰਧਾਵਾ ਜੀ ਸੀਪੀਆਈ(ਐਮ) ਦੇ ਸੂਬਾ ਸਕੱਤਰ ਰਹੇ। ਸਭ ਤੋਂ ਅਖੀਰ ਵਿੱਚ ਸੀਪੀਆਈ(ਐਮ) ਦੇ ਵਰਤਮਾਨ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹਨ। ਇਨ੍ਹਾਂ ਸਾਰਿਆਂ ਦੇ ਵਿਚਕਾਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਵੱਡ ਆਕਾਰੀ ਤਸਵੀਰ ਹੈ ਜਿਸ ਦੇ ਕਿ ਉਹ ਹੱਕਦਾਰ ਹਨ।
ਉਪਰੋਕਤ ਆਗੂਆਂ ਵਿੱਚੋਂ ਤਿੰਨ ਕਾਮਰੇਡ ਜੋਸ਼, ਸੁਤੰਤਰ ਅਤੇ ਮਲਹੋਤਰਾ ਅਜਿਹੇ ਆਗੂ ਸਨ ਜਿਹੜੇ ਕਦੇ ਵੀ ਸੀਪੀਆਈ(ਐਮ) ਵਿੱਚ ਸ਼ਾਮਲ ਨਹੀਂ ਹੋਏ ਸਨ। ਕਾਮਰੇਡ ਲਾਇਲਪੁਰੀ ਅਤੇ ਬਾਬਾ ਬੂਝਾ ਸਿੰਘ ਅਜਿਹੇ ਆਗੂ ਸਨ ਜਿਹੜੇ ਅਖੀਰ ਵਿੱਚ ਸੀਪੀਆਈ(ਐਮ) ਨੂੰ ਛੱਡ ਗਏ ਸਨ। ਉਪਰੋਕਤ ਪੰਜਾਂ ਆਗੂਆਂ ਨੂੰ ਪੁਸਤਕ ਦੇ ਟਾਈਟਲ ਵਿੱਚ ਵਿਖਾਉਣਾ ਲੇਖਕ ਦੇ ਵਿਸ਼ਾਲਤਮ ਤੇ ਖੁਲ੍ਹੇ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਹੈ। ਟਾਈਟਲ ਪੇਜ਼ ਤੋਂ ਹੀ ਪੰਜਾਬ ਦੀ ਸਮੁੱਚੀ ਕਮਿਊਨਿਸਟ ਲਹਿਰ ਦੇ ਇਤਿਹਾਸ ਦਾ ਝਲਕਾਰਾ ਪੈਣ ਲੱਗ ਪੈਂਦਾ ਹੈ ਅਤੇ ਸਮੁੱਚਾ ਇਤਿਹਾਸ ਹੀ ਰੂਪਮਾਨ ਹੋ ਜਾਂਦਾ ਹੈ।
ਹੁਣ ਤੱਕ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਵੱਡੇ ਵੱਡੇ ਕਮਿਊਨਿਸਟ ਆਗੂਆਂ, ਵਿਦਵਾਨਾਂ ਅਤੇ ਲੇਖਕਾਂ ਵੱਲੋਂ ਅਨੇਕਾਂ ਪੁਸਤਕਾਂ ਲਿਖੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਜਾਂ ਤਾਂ ਵੱਡੇ ਆਗੂਆਂ ਦੀਆਂ ਜੀਵਨੀਆਂ ਹਨ ਅਤੇ ਜਾਂ ਫਿਰ ਵੱਖ ਵੱਖ ਇਤਿਹਾਸਕ ਸੰਘਰਸ਼ਾਂ ਬਾਰੇ ਹਨ। ਕੁੱਝ ਵਿਦਵਾਨਾਂ ਵੱਲੋਂ ਜੋ ਕੁੱਝ ਕਿਤਾਬਾਂ ਸਮੁੱਚੀ ਲਹਿਰ ਬਾਰੇ ਲਿਖੀਆਂ ਵੀ ਗਈਆਂ ਹਨ, ਉਨ੍ਹਾਂ ਵਿੱਚ ਲਹਿਰ ਦੀਆਂ ਪ੍ਰਾਪਤੀਆਂ ਬਾਰੇ ਘੱਟ ਲਿਖਿਆ ਗਿਆ ਹੈ ਅਤੇ ਗਲਤੀਆਂ ਅਤੇ ਅਸਫਲਤਾਵਾਂ ਬਾਰੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ।
ਇਸ ਪਿੱਠਭੂਮੀ ਵਿੱਚ ਸਾਡਾ ਦਾਅਵਾ ਹੈ ਕਿ ਕਾਮਰੇਡ ਤੱਗੜ ਦੀ ਇਹ ਪੁਸਤਕ ਅਜਿਹੀ ਪਹਿਲੀ ਪੁਸਤਕ ਹੈ ਜਿਸ ਵਿੱਚ ਪੰਜਾਬ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਆਰੰਭ ਤੋਂ ਲੈ ਕੇ ਅੱਜ ਤੱਕ ਸਮੁੱਚੇ ਤੌਰ ’ਤੇ ਸਿਲਸਿਲੇਵਾਰ ਪੇਸ਼ ਕੀਤਾ ਗਿਆ ਹੈ। ਰਾਜਨੀਤੀ ਅਤੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਖੋਜ ਕਰਤਾਵਾਂ ਲਈ ਇਹ ਇੱਕ ਅਹਿਮ ਅਤੇ ਇਤਿਹਾਸਕ ਦਸਤਾਵੇਜ਼ ਹੈ। ਪੁਸਤਕ ਗੁੱਗਲ ਅਤੇ ਫੇਸ ਬੁੱਕ ਤੇ ਉਪਲੱਬਧ ਹੈ ਅਤੇ ਯੂ.ਟਿਊਬ ਚੈਨਲ ’ਤੇ ਵੀ ਆਡੀਓ ਬੁੱਕ ਦੇ ਤੌਰ ’ਤੇ ਪਾਉਣ ਦੀ ਪ੍ਰਕਿਰਿਆ ਚਲ ਰਹੀ ਹੈ।
ਪ੍ਰਕਾਸ਼ਨ – ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪ੍ਰਕਾਸ਼ਕ -ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
ਸਫੇ-600 ਕੀਮਤ-600 ਰੁਪਏ