Saturday, January 11, 2025
spot_img
spot_img
spot_img
spot_img

ਪੰਜਾਬ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਹੁਨਰ ਨਿਖ਼ਾਰਨ ਦੇ ਉਦੇਸ਼ ਨਾਲ ਗੁਜਰਾਤ ਦੀ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ

ਯੈੱਸ ਪੰਜਾਬ
ਚੰਡੀਗੜ੍ਹ, 11 ਨਵੰਬਰ, 2024

ਸੂਬੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਹੁਨਰ ਨੂੰ ਹੋਰ ਨਿਖ਼ਾਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਪੰਜਾਬ ਪੁਲਿਸ ਨੇ ਅੱਜ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ (ਆਰ.ਆਰ.ਯੂ.) ਗਾਂਧੀਨਗਰ, ਗੁਜਰਾਤ ਨਾਲ ਇੱਕ ਸਮਝੌਤੇ (ਐਮ.ਓ.ਯੂ.) ‘ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਦਾ ਉਦੇਸ਼ ਪੁਲਿਸਿੰਗ ਵਿੱਚ ਸਮਕਾਲੀ ਚੁਣੌਤੀਆਂ ਦੇ ਹੱਲ ਕਰਨ ਲਈ ਤਿਆਰ ਕੀਤੇ ਗਏ ਵਿਆਪਕ ਪ੍ਰੋਗਰਾਮਾਂ ਦੀ ਲੜੀ ਰਾਹੀਂ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਹ ਸਮਝੌਤਾ ਇਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਤਕਨੀਕੀ ਸੇਵਾਵਾਂ ਰਾਮ ਸਿੰਘ ਅਤੇ ਆਰ.ਆਰ.ਯੂ. ਦੇ ਉਪ ਕੁਲਪਤੀ ਪ੍ਰੋ (ਡਾ.) ਕਲਪੇਸ਼ ਐਚ ਵਾਂਦਰਾ ਦਰਮਿਆਨ ਸਹੀਬੱਧ ਕੀਤਾ ਗਿਆ।

ਇਸ ਸਮਝੌਤੇ ਤਹਿਤ ਆਰ.ਆਰ.ਯੂ. ਪ੍ਰੋਗਰਾਮਾਂ ਦੀ ਇੱਕ ਵਿਭਿੰਨ ਸ਼੍ਰੇਣੀ ਪ੍ਰਦਾਨ ਕਰੇਗੀ, ਜਿਸ ਵਿੱਚ ਕਲਾਸਰੂਮ-ਅਧਾਰਤ ਸੈਸ਼ਨ, ਆਨਲਾਈਨ ਲਰਨਿੰਗ ਦੇ ਮੌਕੇ ਅਤੇ ਇਨ੍ਹਾਂ ਦੋਵਾਂ ਦੀਆਂ ਵਿਸ਼ੇਸ਼ਤਾਵਾਂ ਵਾਲਾ ਹਾਈਬ੍ਰਿਡ ਮਾਡਲ ਸ਼ਾਮਲ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਮਹਿਲਾ ਸਸ਼ਕਤੀਕਰਨ ਅਤੇ ਪੁਲਿਸਿੰਗ ਵਿੱਚ ਭੂਮਿਕਾ, ਸਾਈਬਰ ਅਪਰਾਧ ਜਾਂਚ ਰਣਨੀਤੀਆਂ, ਬਲੌਕਚੈਨ ਅਤੇ ਕ੍ਰਿਪਟੋਕਰੰਸੀ, ਵਿੱਤੀ ਧੋਖਾਧੜੀ ਰੋਕੂ ਤਕਨੀਕਾਂ, ਨਿਗਰਾਨੀ ਲਈ ਡਰੋਨ ਸਿਖਲਾਈ, ਅੱਤਵਾਦ ਵਿਰੋਧੀ ਵਿਧੀਆਂ, ਵੀ.ਆਈ.ਪੀ. ਸੁਰੱਖਿਆ ਪ੍ਰੋਟੋਕੋਲ ਅਤੇ ਪੰਜਾਬ ਪੁਲਿਸ ਵੱਲੋਂ ਤਜਵੀਜ਼ਤ ਹੋਰ ਸਿਖਲਾਈ ਪ੍ਰੋਟੋਕੋਲਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਇਸ ਸਮਝੌਤੇ ਨੂੰ ਕਾਨੂੰਨ ਲਾਗੂ ਕਰਨ ਦੀ ਸਿੱਖਿਆ ਅਤੇ ਸਿਖਲਾਈ ਵਿੱਚ ਉੱਤਮਤਾ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਪੁਲਿਸਿੰਗ ਅਤੇ ਸੁਰੱਖਿਆ ਵਿੱਚ ਸਮਕਾਲੀ ਚੁਣੌਤੀਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਾਂਝੀਆਂ ਪਹਿਲਕਦਮੀਆਂ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਭਾਰਤ ਵਿੱਚ ਪੁਲਿਸਿੰਗ ਦੇ ਭਵਿੱਖ ਨੂੰ ਬਦਲਣ ਲਈ ਅਜਿਹੇ ਸਮਝੌਤਿਆਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਪੰਜਾਬ ਪੁਲਿਸ ਦੇ ਜਵਾਨਾਂ ਦੇ ਹੁਨਰ ਨੂੰ ਹੋਰ ਨਿਖ਼ਾਰਨ ਵਿੱਚ ਇਸ ਭਾਈਵਾਲੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਹ ਸਮਝੌਤਾ ਵੱਖ-ਵੱਖ ਖੇਤਰਾਂ, ਜਿੱਥੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਵਧੇਰੇ ਉੱਨਤ ਤਕਨੀਆਂ, ਹੁਨਰ ਅਤੇ ਗਿਆਨ ਦੀ ਲੋੜ ਹੁੰਦੀ ਹੈ, ਵਿੱਚ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਵਧੇਰੇ ਲਾਭਦਾਇਕ ਸਿੱਧ ਹੋਵੇਗਾ।

ਪ੍ਰੋਫ਼ੈਸਰ (ਡਾ.) ਕਲਪੇਸ਼ ਐਚ ਵਾਂਦਰਾ ਨੇ ਇਸ ਸਾਂਝੇਦਾਰੀ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਇਸਦੇ ਲੰਬੇ ਸਮੇਂ ਦੇ ਫਾਇਦਿਆਂ, ਜੋ ਦੋਵੇਂ ਸੰਸਥਾਵਾਂ ਲਈ ਲਾਭਦਾਇਕ ਸਿੱਧ ਹੋਣਗੇ, ‘ਤੇ ਚਾਨਣਾ ਪਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮਝੌਤਾ ਵਿਸ਼ੇਸ਼ ਕਰਕੇ ਭਵਿੱਖ ਵਿੱਚ ਭਾਰਤ ਦੇ ਸੁਰੱਖਿਆ ਈਕੋਸਿਸਟਮ ਅੰਦਰ ਸ਼ਾਮਲ ਹੋਣ ਵਾਲੀਆਂ ਉੱਨਤ ਤਕਨੀਕਾਂ ਦੇ ਮੱਦੇਨਜ਼ਰ ਆਰ.ਆਰ.ਯੂ. ਅਤੇ ਪੰਜਾਬ ਪੁਲਿਸ ਦਰਮਿਆਨ ਆਪਸੀ ਤਾਲਮੇਲ ਜ਼ਰੀਏ ਸਿੱਖਣ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਬੇਹੱਦ ਮਹੱਤਵਪੂਰਨ ਸਿੱਧ ਹੋਵੇਗਾ।

ਇਹ ਪਹਿਲਕਦਮੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਸੁਰੱਖਿਆ ਪ੍ਰਣਾਲੀਆਂ ਅਤੇ ਜਨਤਕ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਸਮਰਪਣ ਨੂੰ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਜਨਤਕ ਸੁਰੱਖਿਆ, ਅਪਰਾਧ ਦੀ ਰੋਕਥਾਮ, ਕਮਿਊਨਿਟੀ ਪੁਲਿਸਿੰਗ, ਅੱਤਵਾਦ ਦੇ ਟਾਕਰੇ, ਕੌਮੀ ਸੁਰੱਖਿਆ, ਸਾਈਬਰ ਅਪਰਾਧ ਰੋਕੂ ਗਤੀਵਿਧੀਆਂ ਦੇ ਨਾਲ-ਨਾਲ ਆਪਣੇ ਕਰਮਚਾਰੀਆਂ ਨੂੰ ਨਵੀਨ ਤਕਨੀਕਾਂ ਨਾਲ ਲੈਸ ਕਰਨ ‘ਤੇ ਧਿਆਨ ਕੇਂਦਰਤ ਕਰਦੀ ਹੈ ਅਤੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਨਾਲ ਇਹ ਭਾਈਵਾਲੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ