ਯੈੱਸ ਪੰਜਾਬ
ਧਰਮਸ਼ਾਲਾ, 13 ਅਗਸਤ, 2024:
ਹਿਮਾਚਲ ਵਿਜੀਲੈਂਸ ਬਿਊਰੋ ਅਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਪੰਜਾਬ ਦੇ ਦੋ ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਵੇਂ ਪ੍ਰੋਫੈਸਰ ਕਾਂਗੜਾ ਦੇ ਫਾਰਮੇਸੀ ਕਾਲਜ ਦਾ ਨਿਰੀਖਣ ਕਰਨ ਲਈ ਫਾਰਮਾਸਿਊਟੀਕਲ ਕੌਂਸਲ ਆਫ ਇੰਡੀਆ ਦੀ ਤਰਫੋਂ ਨਿਰੀਖਣ ਡਿਊਟੀ ’ਤੇ ਸਨ।
ਦੋ ਪ੍ਰੋਫੈਸਰਾਂ, ਫਰੀਦਕੋਟ ਤੋਂ ਰਾਕੇਸ਼ ਚਾਵਲਾ ਅਤੇ ਬਰਨਾਲਾ ਤੋਂ ਪੁਨੀਤ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.5 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ।
ਰਾਕੇਸ਼ ਚਾਵਲਾ ਦੇ ਸੂਟਕੇਸ ਵਿੱਚੋਂ 1.70 ਲੱਖ ਰੁਪਏ ਅਤੇ ਪੁਨੀਤ ਕੁਮਾਰ ਦੇ ਸੂਟਕੇਸ ਵਿੱਚੋਂ 1.80 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਜ਼ਬਤ ਕੀਤੀ ਗਈ ਨਕਦੀ ’ਚ ਐਕਸਿਸ ਬੈਂਕ, ਪਾਲਮਪੁਰ ਬ੍ਰਾਂਚ ਦੀਆਂ ਪਰਚੀਆਂ ਸਨ, ਜੋ ਪੂਰੇ ਘਟਨਾਕ੍ਰਮ ਨੂੰ ਹੋਰ ਸ਼ੱਕੀ ਬਣਾਉਂਦੀਆਂ ਹਨ।
ਪ੍ਰੋਫ਼ੈਸਰਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਜ਼ਬਤ ਕੀਤੇ ਗਏ ਪੈਸਿਆਂ ਦੇ ਸਰੋਤ ਬਾਰੇ ਦੱਸਣ ਤੋਂ ਅਸਮਰੱਥ ਰਹੇ।
ਦੋਵਾਂ ਨੇ ਹਾਲ ਹੀ ਵਿੱਚ ਪਾਲਮਪੁਰ ਵਿੱਚ ਇੱਕ ਯੂਨੀਵਰਸਿਟੀ ਦਾ ਮੁਆਇਨਾ ਕੀਤਾ ਸੀ ਅਤੇ ਇਹ ਸ਼ੱਕ ਹੈ ਕਿ ਉਨ੍ਹਾਂ ਨੇ ਨਿਰੀਖਣ ਸਬੰਧੀ ਅਨੁਕੂਲ ਰਿਪੋਰਟ ਦੇ ਬਦਲੇ ਸਬੰਧਤ ਸੰਸਥਾ ਤੋਂ ਨਾਜਾਇਜ਼ ਫਾਇਦਾ ਲਿਆ ਹੈ।
ਦੋਵਾਂ ਖ਼ਿਲਾਫ਼ ਰੱਕੜ ਥਾਣੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ 3 ਦਿਨ ਦਾ ਵਿਜੀਲੈਂਸ ਰਿਮਾਂਡ ਦਿੱਤਾ ਗਿਆ।