Tuesday, July 2, 2024
spot_img
spot_img
spot_img

ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ ਪੰਜਾਬ ਪੁਲਿਸ ਦੀ ਮੁੱਖ ਤਰਜੀਹ

ਯੈੱਸ ਪੰਜਾਬ
ਚੰਡੀਗੜ੍ਹ/ਲੁਧਿਆਣਾ, 22 ਜੂਨ, 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਸੇਧ ਦੇਣ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ।

ਇਹ ਟੂਰਨਾਮੈਂਟ , ਐਸਐਸਪੀ ਲੁਧਿਆਣਾ (ਦਿਹਾਤੀ ) ਨਵਨੀਤ ਸਿੰਘ ਬੈਂਸ ਦੀ ਦੇਖ-ਰੇਖ ਹੇਠ ਅਰਜੁਨਾ ਐਵਾਰਡੀ ਗੁਰਦਿਆਲ ਸਿੰਘ ਮੱਲ੍ਹੀ ਦੇ ਪਿੰਡ ਗੁੜ੍ਹੇ, ਮੁੱਲਾਂਪੁਰ ਦਾਖਾ ਵਿਖੇ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਕਾਰਵਾਈ ਤਹਿਤ ਪੰਜਾਬ ਪੁਲਿਸ ਵੱਲੋਂ ‘ਰੋਕਥਾਮ’ ਦੇ ਹਿੱਸੇ ਵਜੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਨਸ਼ਿਆਂ ਵਿਰੁੱਧ ਜੰਗ ਵਿੱਚ ਆਮ ਲੋਕਾਂ ਦਾ ਸਹਿਯੋਗ ਲੈਣ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਬਾਸਕਟਬਾਲ ਟੂਰਨਾਮੈਂਟ, ਕਬੱਡੀ, ਕ੍ਰਿਕਟ ਮੈਚ, ਵਾਲੀਬਾਲ, ਫੁੱਟਬਾਲ, ਸਾਈਕਲੋਥੌਨ, ਜਾਗਰੂਕਤਾ ਕੈਂਪ, ਨਾਟਕ, ਨੁੱਕੜ ਨਾਟਕ, ਮੈਰਾਥਨ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਸਮਾਗਮ ਕਰਵਾਏ ਜਾ ਰਹੇ ਹਨ।

ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਡੈੱਡਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਨੂੰ ਲਾਗੂ ਕੀਤਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਸਮਾਜ, ਖਾਸ ਕਰਕੇ ਨੌਜਵਾਨਾਂ, ਨੂੰ ਇੱਕਜੁਟ ਕਰਨਾ ਅਤੇ ਖੇਡਾਂ ਜ਼ਰੀਏ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਵੱਲ ਸੇਧਿਤ ਕਰਨਾ ਹੈ।

ਉਹਨਾਂ ਕਿਹਾ ਕਿ ਟੂਰਨਾਮੈਂਟ ਨੇ ਨਾ ਕੇਵਲ ਇੱਕ ਮੁਕਾਬਲੇ ਦੇ ਪਲੇਟਫਾਰਮ ਵਜੋਂ ਕੰਮ ਕੀਤਾ ਹੈ ਬਲਕਿ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਇੱਕ ਅਹਿਮ ਪੇਸ਼ਕਦਮੀ ਵੀ ਸਾਬਤ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਲੁਧਿਆਣਾ ਦਿਹਾਤੀ ਪੁਲਿਸ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਆਪਣੇ ਸਮਰਪਣ ਨੂੰ ਹੋਰ ਮਜ਼ਬੂਤ ਕੀਤਾ ਹੈ।

ਇਹ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ, ਜਿਸ ਵਿੱਚ ਲੜਕਿਆਂ ਦੀਆਂ ਛੇ ਟੀਮਾਂ ਅਤੇ ਲੜਕੀਆਂ ਦੀਆਂ ਦੋ ਟੀਮਾਂ ਸਮੇਤ ਕੁੱਲ ਅੱਠ ਟੀਮਾਂ ਨੇ ਭਾਗ ਲਿਆ। ਪੁਰਸ਼ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜ਼ਿਲ੍ਹਾ ਲੁਧਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਪਹਿਲੇ ਅਤੇ ਲੁਧਿਆਣਾ ਬਾਸਕਟਬਾਲ ਕਲੱਬ ਦੂਜੇ ਸਥਾਨ ’ਤੇ ਰਿਹਾ।

ਇਸ ਮੌਕੇ ਡੀਆਈਜੀ ਧਨਪ੍ਰੀਤ ਕੌਰ ਦੇ ਨਾਲ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

- Advertisment -

ਅਹਿਮ ਖ਼ਬਰਾਂ