ਅੱਜ-ਨਾਮਾ
ਪਿੰਡ ਪੱਧਰ ਦੀ ਸੱਤਾ ਲਈ ਬਹੁਤ ਰੱਫੜ,
ਵਧ ਗਿਆ ਪਿੰਡਾਂ ਦੇ ਵਿੱਚ ਤਨਾਅ ਬੇਲੀ।
ਕਿੱਥੇ ਚੱਲੀ ਆ ਗੋਲੀ, ਕਿੱਥੇ ਨਹੀਂ ਚੱਲੀ,
ਪੁੱਛਿਆਂ ਬਿਨਾਂ ਸਭ ਥਾਂਏਂ ਖਿਚਾਅ ਬੇਲੀ।
ਚੌਧਰਾਂ ਭਾਲ ਰਹੇ ਚੇਲੇ ਕਈ ਆਗੂਆਂ ਦੇ,
ਜਿਸ ਵੀ ਪਾਰਟੀ ਦਾ ਲੱਗਣਾ ਦਾਅ ਬੇਲੀ।
ਚੋਣ ਬਾਜ਼ਾਰ ਵਿੱਚ ਬਹੁਤ ਦਲਾਲ ਫਿਰਦੇ,
ਵਧਿਆ ਵੋਟ ਲਈ ਬਹੁਤ ਹੈ ਭਾਅ ਬੇਲੀ।
ਕਰ ਕੇ ਖਰਚ ਸਰਪੰਚੀ ਇਹ ਭਾਲਦੇ ਈ,
ਨੇਕੀ ਪਿੰਡ ਦੇ ਨਾਲ ਨਹੀਂ ਕਰਨਗੇ ਇਹ।
ਏਧਰ-ਓਧਰੋਂ ਜਿੱਥੋਂ ਵੀ ਮਾਲ ਮਿਲਿਆ,
ਜੇਬ ਆਪਣੀ ਰਾਤ-ਦਿਨ ਭਰਨਗੇ ਇਹ।
ਤੀਸ ਮਾਰ ਖਾਂ
11 ਅਕਤੂਬਰ, 2024