Sunday, June 30, 2024
spot_img
spot_img
spot_img

ਨਿਰਾਸ਼ ਤੱਤਾਂ ਆਪਣੇ ਵਿਚਾਰ ਪ੍ਰਗਟਾਵੇ ਲਈ ਪਾਰਟੀ ਪਲੇਟਫਾਰਮ ਦੀ ਵਰਤੋਂ ਕਰਨ: ਅਕਾਲੀ ਦਲ ਨੇ ਕੀਤੀ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 27 ਜੂਨ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਜੋ ਵੀ ਖਾਲਸਾ ਪੰਥ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੇ ਹਨ, ਉਹਨਾਂ ਨੇ ਪਹਿਲਾਂ ਹੀ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਠੁਕਰਾ ਦਿੱਤਾ ਹੈ ਜਿਸ ਵਿਚ ਇਕ ਪਰਿਵਾਰ ਇਕ ਟਿਕਟ ਦੇਣ ਦੀ ਗੱਲ ਕੀਤੀ ਗਈ ਸੀ।

ਇਥੇ ਦੱਸਣਯੋਗ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਵਜੋਂ ਲੀਡਰਸ਼ਿਪ ਕਬੂਲੀ ਤੇ ਫਿਰ ਇਸ ਕਰ ਕੇ ਬਗਾਵਤ ਕਰ ਦਿੱਤੀ ਕਿ ਪਾਰਟੀ ਨੇ ਉਹਨਾਂ ਦੇ ਪੁੱਤਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ।

ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਆਗੂ ਮੀਟਿੰਗ ਵਿਚ ਕੁਝ ਹੋਰ ਕਹਿੰਦੇ ਹਨ ਤੇ ਬਾਹਰ ਜਾ ਕੇ ਉਸਦੇ ਬਿਲਕੁਲ ਉਲਟ ਬੋਲਦੇ ਹਨ।

ਉਹਨਾਂ ਨੇ ਇਹਨਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨਿੱਜੀ ਅਸਫਲਤਾਵਾਂ ਤੋਂ ਇੰਨੇ ਹਤਾਸ਼ ਨਾ ਹੋਣ ਕਿ ਪਵਿੱਤਰ ਜਥੇਬੰਦੀ ਦਾ ਹੀ ਨੁਕਸਾਨ ਕਰਨ ਲੱਗ ਜਾਣ ਜਿਸਦੇ ਕਰ ਕੇ ਇਹਨਾਂ ਦੀ ਹੋਂਦ ਹੈ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਕਿ ਜੋ ਵੀ ਇਹਨਾਂ ਦੇ ਵਿਚਾਰ ਹਨ ਪਾਰਟੀ ਪਲੇਟਫਾਰਮ ’ਤੇ ਹੀ ਪ੍ਰਗਟ ਕੀਤੇ ਜਾਣ।

ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਦੇ ਧਰਮ ਪਤਨੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਹੀ ਝੂੰਦਾ ਕਮੇਟੀ ਦੀ ਰਿਪੋਰਟ ਅਨੁਸਾਰ ਸਭ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਵਿਚ ਖੜ੍ਹਾ ਕਰਦੀ ਹੈ ਤਾਂ ਉਹ ਇਕ ਪਰਿਵਾਰ ਇਕ ਟਿਕਟ ਦੇ ਸਿਧਾਂਤ ਮੁਤਾਬਕ ਚੋਣਾਂ ਨਹੀਂ ਲੜਨਗੇ।

ਡਾ. ਚੀਮਾ ਨੇ ਕਿਹਾ ਕਿ ਹੋਰ ਕੋਈ ਵੀ ਪਾਰਟੀ ਇੰਨੀ ਲੋਕਤੰਤਰੀ ਆਜ਼ਾਦੀ ਨਹੀਂ ਦਿੰਦੀ ਜਿੰਨੀ ਸ਼੍ਰੋਮਣੀ ਅਕਾਲੀ ਦਲ ਦਿੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਵੀ ਸਮਾਂ ਹੁੰਦਾ ਹੈ ਜਦੋਂ ਸਾਡੇ ਵਿਚਾਰ ਪਾਰਟੀ ਦੀ ਬਹੁ ਗਿਣਤੀ ਤੋਂ ਵੱਖਰੇ ਹੁੰਦੇ ਹਨ ਪਰ ਜਦੋਂ ਇਕ ਵਾਰ ਫੈਸਲਾ ਲੈ ਲਿਆ ਗਿਆ ਤਾਂ ਉਹ ਨਿੱਜੀ ਤੌਰ ’ਤੇ ਪਾਰਟੀ ਦੇ ਬਹੁ ਗਿਣਤੀ ਫੈਸਲੇ ਦਾ ਸਤਿਕਾਰ ਕਰਦਿਆਂ ਉਸਨੂੰ ਪ੍ਰਵਾਨ ਵੀ ਕਰਦੇ ਹਨ ਤੇ ਪ੍ਰਚਾਰਦੇ ਵੀ ਹਨ। ਉਹਨਾਂ ਕਿਹਾ ਕਿ ਇਕ ਜਥੇਬੰਦੀ ਚਲਾਉਣ ਵਾਸਤੇ ਹੋਰ ਦੂਜਾ ਤਰੀਕਾ ਨਹੀਂ ਹੋ ਸਕਦਾ।

ਡਾ. ਚੀਮਾ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਲਈ ’ਬਾਗੀ ਧੜਾ’ ਵਰਗੇ ਸ਼ਬਦਾਂ ਦੀ ਵਰਤੋਂ ਨਾ ਕਰਨ ਕਿਉਂਕਿ ਅਕਾਲੀ ਦਲ ਇਕ ਪਾਰਟੀ ਹੈ ਤੇ ਮੀਡੀਆ ਨੇ ਆਪ ਵੇਖਿਆ ਹੈ ਕਿ ਸਾਡੇ ਕੇਡਰ, ਵਰਕਿੰਗ ਕਮੇਟੀ, ਜ਼ਿਲ੍ਹਾ ਜਥੇਦਾਰਾਂ ਤੇ ਹਲਕਾ ਪ੍ਰਧਾਨਾਂ ਵਿਚੋਂ 99 ਫੀਸਦੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟ ਕੀਤਾ ਹੈ ਤੇ ਪਾਰਟੀ ਪਲੇਟਫਾਰਮ ’ਤੇ ਲਏ ਫੈਸਲਿਆਂ ਦੀ ਹਮਾਇਤ ਕੀਤੀ ਹੈ।

ਉਹਨਾਂ ਕਿਹਾ ਕਿ ਹਾਂ ਜੇਕਰ ਕੁਝ ਚੋਣਵੇਂ ਆਗੂ ਜਾ ਕੇ ਆਪਣੀ ਢਾਈ ਪਾ ਖਿੱਚੜੀ ਪਕਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਬਾਗੀ ਧੜਾ ਆਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਪਾਰਟੀ ਹੈ ਕੋਈ ਧੜਾ ਨਹੀਂ ਹੈ।

ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਜੋ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪਾਰਟੀ ਵੱਲੋਂ ਐਲਾਨੀ ਚਾਰ ਮੈਂਬਰੀ ਕਮੇਟੀ ਦੇ ਮੈਂਬਰ ਹਨ, ਨੇ ਦੱਸਿਆ ਕਿ ਪਾਰਟੀ ਨੇ ਉਮੀਦਵਾਰ ਸੁਰਜੀਤ ਕੌਰ ਨੂੰ ਬਕਾਇਦਾ ਇਸ ਫੈਸਲੇ ਤੋਂ ਜਾਣੂ ਕਰਵਾਇਆ ਸੀ ਕਿ ਉਹ ਜ਼ਿਮਨੀ ਚੋਣ ਨਹੀਂ ਲੜੇਗੀ ਤੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਸਹਿਮਤੀ ਵੀ ਦਿੱਤੀ ਸੀ ਪਰ ਬਾਅਦ ਵਿਚ ਉਹ ਫੈਸਲੇ ਤੋਂ ਪਲਟ ਗਏ।

ਪਾਰਟੀ ਆਗੂਆਂ ਨੇ ਬਾਗੀਆਂ ਨੂੰ ਇਹ ਵੀ ਪੁੱਛਿਆ ਗਿਆ ਕਿ ਬੀਬੀ ਸੁਰਜੀਤ ਕੌਰ ਨੂੰ ਕਿਉਂ ਖੜ੍ਹਾ ਕੀਤਾ ਗਿਆ ਤੇ ਫਿਰ ਜਲੰਧਰ ਵਿਚ ਮਾਹੌਲ ਕਿਉਂ ਖਰਾਬ ਕੀਤਾ ਗਿਆ ਅਤੇ ਕਿਹਾ ਕਿ ਇਕ ਯੋਜਨਾ ਤਹਿਤ ਸੁਰਜੀਤ ਕੌਰ ਨੂੰ ਹਰਵਾ ਕੇ ਉਸਦਾ ਦੋਸ਼ ਵੀ ਪਾਰਟੀ ਪ੍ਰਧਾਨ ਸਿਰ ਮੜ੍ਹਨ ਦੀ ਸਾਜ਼ਿਸ਼ ਰਚੀ ਗਈ।

ਅਕਾਲੀ ਦਲ ਦੇ ਪ੍ਰਧਾਨ ਪਾਰਟੀ ਕੇਡਰ ਨਾਲ ਮੀਟਿੰਗਾਂ ਜਾਰੀ ਰੱਖਣਗੇ

ਡਾ. ਚੀਮਾ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਸਿਖ਼ਰ ਤੱਕ ਮਜ਼ਬੂਤ ਕਰਨ ਲਈ ਦਿੜ੍ਹ ਹਨ। ਉਹਨਾਂ ਐਲਾਨ ਕੀਤਾ ਕਿ ਪਾਰਟੀ ਪ੍ਰਧਾਨ ਵੱਲੋਂ ਆਉਂਦੇ ਦਿਨਾਂ ਵਿਚ ਪਾਰਟੀ ਕੇਡਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ 29 ਜੂਨ ਨੂੰ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ, 1 ਜੁਲਾਈ ਨੂੰ ਇਸਤਰੀ ਅਕਾਲੀ ਦਲ ਤੇ ਐਸ ਸੀ ਵਿੰਗ ਅਤੇ 2 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਬੀ ਸੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ।

- Advertisment -

ਅਹਿਮ ਖ਼ਬਰਾਂ