ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਜੁਲਾਈ 2024:
ਦੁਨੀਆ ਚੰਦ ਤੋਂ ਅੱਗੇ ਨਿਕਲ ਮੰਗਲ ਗ੍ਰਹਿ ਤੋਂ ਮਿੱਟੀ ਲੈ ਕੇ ਵਾਪਿਸ ਇਥੇ ਪਹੁੰਚ ਗਏ ਹਨ, ਪਰ ਧਰਤੀ ਉਤੇ ਰਹਿੰਦੇ ਕਈ ਪ੍ਰਾਣੀ ਅਜੇ ਜਾਦੂ ਟੂਣਿਆਂ ਦੇ ਵਿਚ ਵਿਸ਼ਵਾਸ਼ ਕਰਕੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ।
ਪਾਪਾਟੋਏਟੋਏ ਵਿਖੇ ਬੀਤੇ ਹਫਤੇ ਦੀ ਇਸ ਘਟਨਾ ਨੇ ਇਕ ਭਾਰਤੀ ਮਕਾਨ ਮਾਲਕ ਦੇ ਪਰਿਵਾਰ ਨੂੰ ਇਹ ਗੱਲ ਕਹਿਣ ਲਈ ਮਜ਼ਬੂਰ ਕੀਤਾ ਕਿ ਅਜਿਹੇ ਕਾਰੇ ਕਰਨ ਵਾਲਿਓ ਸ਼ਰਮ ਕਰੋ।
ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਛੋਟੀ ਫੈਂਸ ਦੇ ਅੰਦਰ ਵੀਰਵਾਰ ਵਾਲੇ ਦਿਨ ਇਕ ਉਰਦੂ ਦੀ ਆਇਤ ਵਰਗੀ ਭਾਸ਼ਾ ਲਿਖੀ ਇਕ ਤਸਵੀਰ (ਸਿਨਰੀ) ਫੈਂਸ ਦੇ ਅੰਦਰਲੇ ਪਾਸੇ ਰੱਖ ਦਿੱਤੀ ਗਈ।
ਪਰਿਵਾਰ ਨੇ ਸਮਝਿਆ ਕਿ ਕੋਈ ਵੈਸੇ ਸੁੱਟ ਗਿਆ ਹੋਵੇਗਾ, ਉਨ੍ਹਾਂ ਨੇ ਉਸਨੂੰ ਹਟਾ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਸ਼ੁੱਕਰਵਾਰ ਉਸੇ ਥਾਂ ਉਤੇ ਇਤਰ (ਸੈਂਟ) ਦੀਆਂ ਸ਼ੀਸ਼ੀਆਂ ਰੱਖ ਦਿੱਤੀਆਂ ਗਈਆਂ।
ਇਥੇ ਹੀ ਬੱਸ ਨਹੀਂ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਥਰਮਾਕੋਲ ਅਤੇ ਟੈਲਕਮ ਪਾਊਡਰ ਦੇ ਡੱਬੇ ਬਾਹਰ ਰੱਖੇ ਗਏ, ਜਿਵੇਂ ਕੋਈ ਜਾਦੂ ਟੂਣਾ ਕੀਤਾ ਹੋਵੇ। ਇਹ ਔਰਤ ਗ੍ਰੇਟ ਸਾਊਥ ਵਾਲੇ ਪਾਸੇ ਜਾ ਕੇ ਦੁਬਾਰਾ ਫਿਰ ਵੇਖਣ ਆਉਂਦੀ ਹੈ ਕਿ ਉਸਦਾ ਜਾਦੂ ਟੂਣਾ ਵੇਖ ਲਿਆ ਗਿਆ ਕਿ ਨਹੀਂ।
ਸੀ. ਸੀ. ਟੀ.ਵੀ. ਦੇ ਵਿਚ ਜਿਸ ਔਰਤ ਨੇ ਇਹ ਕਾਰਾ ਕੀਤਾ ਉਸਨੂੰ ਵੇਖ ਲਿਆ ਗਿਆ ਹੈ। ਉਸਦੀਆਂ ਤਸਵੀਰਾਂ ਫੇਸ ਬੁੱਕ ਉਤੇ ਇਸ ਕਰਕੇ ਪਾਈਆਂ ਗਈਆਂ ਹਨ ਤਾਂ ਕਿ ਅਜਿਹੀ ਜਾਦੂ ਟੂਣੇ ਵਾਲੀ ਦੁਨੀਆ ਤੋਂ ਬਚਾਅ ਰੱਖਿਆ ਜਾ ਸਕੇ।
ਇਸ ਘਟਨਾ ਤੋਂ ਇਥੇ ਦੇ ਸਥਾਨਿਕ ਗੁਆਂਢੀ ਵੀ ਹੈਰਾਨ ਹਨ ਕਿ ਇਹ ਲੋਕ ਕੀ ਕਰ ਰਹੇ ਹਨ।