ਯੈੱਸ ਪੰਜਾਬ
ਚੰਡੀਗੜ੍ਹ, 19 ਦਸੰਬਰ, 2024
Punjab ਰਾਜ ਭਵਨ, Chandigarh ਨੇ ਅੱਜ NAAC ਦੇ ਨਵੇਂ ਸੁਧਾਰਾਂ ‘ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ, ਜਿਸ ਵਿੱਚ ਵੱਖ-ਵੱਖ ਵਿਦਿਅਕ ਅਦਾਰਿਆਂ ਨੂੰ ਪ੍ਰੇਰਿਤ ਕਰਨ ਅਤੇ ਸ਼ਾਮਲ ਕਰਨ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਸੈਮੀਨਾਰ ਵਿੱਚ ਉਹ ਸਾਰੇ ਕਾਲਜ ਵੀ ਸ਼ਾਮਲ ਹਨ ਜਿਨ੍ਹਾਂ ਨੇ NAAC ਮਾਨਤਾ ਲਈ ਕਦੇ ਵੀ ਅਪਲਾਈ ਨਹੀਂ ਕੀਤਾ ਜਾਂ ਜਿਹੜੇ ਪਿਛਲੇ ਪੰਜ ਸਾਲਾਂ ਤੋਂ ਇਸ ਲਈ ਅਪਲਾਈ ਨਹੀਂ ਕਰ ਰਹੇ ਅਤੇ ਉਹ ਨਵੀਆਂ ਯੂਨੀਵਰਸਿਟੀਆਂ ਵੀ ਸ਼ਾਮਲ ਸਨ, ਜਿਹੜੀਆਂ ਪਹਿਲੀ ਵਾਰ NAAC ਮਾਨਤਾ ਲਈ ਅਪਲਾਈ ਕਰਨ ਜਾ ਰਹੀਆਂ ਹਨ। ਇਸ ਸਮਾਗਮ ਨੇ ਸੂਬੇ ਭਰ ਵਿੱਚ ਵਿਆਪਕ ਅਕਾਦਮਿਕ ਉੱਤਮਤਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਸੰਸਥਾਵਾਂ ਨੂੰ ਮੁੜ ਸ਼ਾਮਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ Gulab Chand Kataria, ਜੋ ਇਸ ਸਮਾਗਮ ਦੇ ਮੁੱਖ ਮਹਿਮਾਨ ਵੀ ਸਨ, ਨੇ ਨੌਜਵਾਨਾਂ ਨੂੰ ਆਲਮੀ ਲੋੜਾਂ ਅਨੁਸਾਰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਆਧੁਨਿਕ ਹੁਨਰਾਂ ਨਾਲ ਲੈਸ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਰਾਜਪਾਲ ਨੇ ਦੱਸਿਆ ਕਿ ਤੇਜ਼ੀ ਨਾਲ ਬਦਲਦੇ ਵਿਸ਼ਵ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਵਿਕਸਤ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਦੱਸਿਆ ਕਿ ਸਿੱਖਿਆ ਸਿਰਫ਼ ਰੋਜ਼ਗਾਰ ਦੇਣ ਦਾ ਜ਼ਰੀਆ ਨਹੀਂ ਹੈ, ਸਗੋਂ ਇੱਕ ਪਰਿਵਰਤਨਸ਼ੀਲ ਸ਼ਕਤੀ ਹੈ ਜੋ ਇੱਕ ਰਾਸ਼ਟਰ ਦੀ ਤਰੱਕੀ ਨੂੰ ਚਲਾਉਂਦੀ ਹੈ।
ਆਪਣੇ ਭਾਸ਼ਣ ਵਿੱਚ ਸ੍ਰੀ ਕਟਾਰੀਆ ਨੇ ਨਾਲੰਦਾ, ਵਿਕਰਮਸ਼ੀਲਾ, ਅਤੇ ਤਕਸ਼ਸ਼ਿਲਾ ਵਰਗੇ ਪ੍ਰਾਚੀਨ ਸਿੱਖਿਆ ਕੇਂਦਰਾਂ ਦੀ ਵਿਸ਼ਵਵਿਆਪੀ ਪ੍ਰਸ਼ੰਸਾ ਨੂੰ ਉਜਾਗਰ ਕਰਦੇ ਹੋਏ, ਭਾਰਤ ਦੀ ਸਿੱਖਿਆ ਦੀ ਇਤਿਹਾਸਕ ਵਿਰਾਸਤ ਬਾਰੇ ਚਾਣਨਾ ਪਾਇਆ । ਉਨ੍ਹਾਂ ਕਿਹਾ ਕਿ ਆਪਣੀ ਸ਼ਮੂਲੀਅਤ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਲਈ ਜਾਣੇ ਜਾਂਦੇ, ਇਨ੍ਹਾਂ ਸੰਸਥਾਵਾਂ ਨੇ ਅਜਿਹੇ ਮਾਪਦੰਡ ਬਣਾਏ ਹਨ ਜੋ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਪ੍ਰੇਰਿਤ ਕਰਦੇ ਹਨ।
ਭਾਰਤ ਦੀਆਂ ਵਿਦਿਅਕ ਨੀਤੀਆਂ ਦੇ ਵਿਕਾਸ ਨੂੰ ਉਜਾਗਰ ਕਰਦੇ ਹੋਏ, ਰਾਜਪਾਲ ਨੇ 1968, 1986, ਅਤੇ 2020 ਰਾਸ਼ਟਰੀ ਸਿੱਖਿਆ ਨੀਤੀਆਂ (ਐਨ.ਈ.ਪੀ.) ਦੇ ਪਰਿਵਰਤਨਸ਼ੀਲ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਮਿਆਰੀ ਸਿੱਖਿਆ ’ਤੇ ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਟੀਚੇ 4 (ਐਸਡੀਜੀ 4) ਨਾਲ ਇਸਦੀ ਇਕਸਾਰਤਾ ਨੂੰ ਨੋਟ ਕਰਦੇ ਹੋਏ ਬਹੁ-ਅਨੁਸ਼ਾਸਨੀ ਸਿੱਖਿਆ, ਪਾਠਕ੍ਰਮ ਦੀ ਲਚਕਤਾ ਅਤੇ ਤਕਨਾਲੋਜੀ ਦੇ ਏਕੀਕਰਣ ’ਤੇ ਫੋਕਸ ਕਰਨ ਲਈ ਐਨ.ਈ.ਪੀ. 2020 ਦੀ ਸ਼ਲਾਘਾ ਕੀਤੀ।
ਸ੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਐਨ.ਈ.ਪੀ. 2020 ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਰਵਾਇਤੀ ਕਦਰਾਂ-ਕੀਮਤਾਂ ਅਤੇ ਆਧੁਨਿਕ ਪਹੁੰਚ ਨਾਲ ਸੰਤੁਲਨ ਕਾਇਮ ਕਰਦੇ ਹੋਏ ਮਿਆਰੀ ਸਿੱਖਿਆ ਅਤੇ ਹੁਨਰ ਨੂੰ ਵਧਾਉਣ ਲਈ ਇੱਕ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।
ਸ੍ਰੀ ਕਟਾਰੀਆ ਨੇ ਪੰਜਾਬ ਦੇ ਇਤਿਹਾਸਕ ਯੋਗਦਾਨ, ਖਾਸ ਤੌਰ ’ਤੇ ਹਰੀ ਕ੍ਰਾਂਤੀ ਦੌਰਾਨ ਇਸਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਐਨਈਪੀ -2020 ਨੂੰ ਲਾਗੂ ਕਰਨ ਵਿੱਚ ਭਾਰਤ ਦੀ ਅਗਵਾਈ ਕਰਨ ਲਈ ਵਿਦਿਅਕ ਸੁਧਾਰਾਂ ਲਈ ਰਾਜ ਦੀ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟਾਇਆ।
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਸ੍ਰੀ ਕਟਾਰੀਆ ਨੇ ਮੁੱਲ-ਆਧਾਰਿਤ ਸਿੱਖਿਆ ਅਤੇ ਸੰਸਥਾਗਤ ਜ਼ਿੰਮੇਵਾਰੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਐਨ.ਏ.ਏ.ਸੀ. ਸਿਰਫ਼ ਇੱਕ ਮੁਲਾਂਕਣ ਸਾਧਨ ਨਹੀਂ ਹੈ; ਇਹ ਨਿਰੰਤਰ ਸੁਧਾਰ ਦੀ ਇੱਕ ਪ੍ਰਕਿਰਿਆ ਹੈ ਜੋ ਸੰਸਥਾਵਾਂ ਨੂੰ ਵਿਸ਼ਵ ਪੱਧਰ ’ਤੇ ਉੱਚਾ ਚੁੱਕਦੀ ਹੈ। ਸਿੱਖਿਆ ਨੂੰ ਇੱਕ ਮਿਸ਼ਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਇੱਕ ਕਾਰੋਬਾਰ ਵਜੋਂ, ਸਾਡੇ ਨੌਜਵਾਨਾਂ ਨੂੰ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥ ਬਣਾਉਣ ਲਈ।
ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਨੇ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਭਵਿੱਖ ਨੂੰ ਬਣਾਉਣ ਵਿੱਚ ਇਸਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ, ਜਿਸ ਦਾ ਉਦੇਸ਼ ਸੂਬੇ ਨੂੰ ਵਿਸ਼ਵ ਪੱਧਰੀ ਸਿੱਖਿਆ ਹੱਬ ਵਜੋਂ ਸਥਾਪਿਤ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਨਾ ਜਾਣਾ ਪਵੇ।
ਸ਼੍ਰੀ ਬੈਂਸ ਨੇ ਸੈਮੀਨਾਰ ਨੂੰ ਨਵੀਨਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਪ੍ਰਸ਼ੰਸਾ ਕੀਤੀ ਅਤੇ ਪੰਜਾਬ ਨੂੰ ਉੱਚ ਸਿੱਖਿਆ ਵਿੱਚ ਮੋਹਰੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜੋ ਕਿ 2047 ਤੱਕ ਭਾਰਤ ਦੇ ਇੱਕ ਵਿਕਸਤ ਰਾਸ਼ਟਰ ਬਣਨ ਦੇ ਸੰਕਲਪ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਡਾ. ਕੇ. ਰਮਾ, ਸਲਾਹਕਾਰ ਐਨ.ਏ.ਏ.ਸੀ., ਨੇ ਐਨ.ਏ.ਏ.ਸੀ. ਦੇ ਮਿਸ਼ਨ ਅਤੇ ਭਵਿੱਖੀ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਐਨ.ਏ.ਏ.ਸੀ. ਸਿਰਫ ਗਰੇਡਿੰਗ ਬਾਰੇ ਨਹੀਂ ਹੈ ਬਲਕਿ ਉੱਚ ਸਿੱਖਿਆ ਵਿੱਚ ਨਿਰੰਤਰ ਸੁਧਾਰ ਲਈ ਇੱਕ ਸਾਧਨ ਹੈ।
ਐਨ.ਏ.ਏ.ਸੀ. ਦੇ 25-ਸਾਲ ਦੇ ਸਫ਼ਰ ’ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਮੌਜੂਦਾ ਗਰੇਡਿੰਗ ਪ੍ਰਣਾਲੀ ਤੋਂ ਇੱਕ ਬਾਈਨਰੀ ਐਕਰੀਡੀਸ਼ਨ ਮਾਡਲ ਅਤੇ ਪਰਿਪੱਕਤਾ-ਅਧਾਰਤ ਮਾਨਤਾ ਪ੍ਰਣਾਲੀ ਵਿੱਚ ਤਬਦੀਲੀ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹੁੰਚ ਹਰ ਯੂਨੀਵਰਸਿਟੀ ਨੂੰ ਇੱਕ ਢਾਂਚਾਗਤ ਪ੍ਰਣਾਲੀ ਨਾਲ ਜੋੜਦੀ ਹੈ, ਸਪਸ਼ਟਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਦੀ ਹੈ।
ਡਾ. ਕੇ. ਰਮਾ ਨੇ ਪਰਿਪੱਕਤਾ-ਅਧਾਰਤ ਗਰੇਡਿੰਗ ਦੀ ਧਾਰਨਾ ਵੀ ਪੇਸ਼ ਕੀਤੀ, ਜੋ ਪੰਜ ਪ੍ਰਗਤੀਸ਼ੀਲ ਪੱਧਰਾਂ ’ਤੇ ਕੰਮ ਕਰੇਗੀ। ਪਹਿਲੇ ਚਾਰ ਪੱਧਰ ਸਥਾਨਕ ਅਤੇ ਰਾਸ਼ਟਰੀ ਮਾਪਦੰਡਾਂ ਦੇ ਅਧਾਰ ’ਤੇ ਸੰਸਥਾਵਾਂ ਦਾ ਮੁਲਾਂਕਣ ਕਰਨਗੇ, ਜਦੋਂ ਕਿ ਪੰਜਵਾਂ ਪੱਧਰ ਜੋ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਮੇਲ ਖਾਂਦਾ ਹੈ, ਭਾਰਤੀ ਯੂਨੀਵਰਸਿਟੀਆਂ ਲਈ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਏਗਾ।
ਡੀਜੀਪੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਯਾਦਵ ਨੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਰੁਝਾਨ ਜਿਹੇ ਗੰਭੀਰ ਮੁੱਦੇ ’ਤੇ ਅਧਾਰਤ ਸੈਮੀਨਾਰ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਨੇ ਵਿਦਿਅਕ ਸੰਸਥਾਵਾਂ ਨੂੰ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੰਪੂਰਨ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਮਨਪ੍ਰੀਤ ਸਿੰਘ ਮੰਨਾ ਅਤੇ ਉੱਘੇ ਸਿੱਖਿਆ ਸ਼ਾਸਤਰੀ, ਸ. ਆਰ.ਐਸ. ਬਾਵਾ ਨੇ ਆਪਣੇ ਨੁਕਤੇ ਸਾਂਝੇ ਕੀਤੇ ਕਿ ਕਿਵੇਂ ਐਨ.ਏ.ਏ.ਸੀ. ਨਾਲ ਜੁੜਨਾ ਹੈ ਅਤੇ ਆਪਣੀਆਂ ਪ੍ਰਾਪਤੀਆਂ ਨੂੰ ਐਨ.ਏ.ਏ.ਸੀ. ਅੱਗੇ ਬਿਹਤਰ ਤਰੀਕੇ ਨਾਲ ਪੇਸ਼ ਕਰਨਾ ਹੈ।
ਕਾਨਫਰੰਸ ਵਿੱਚ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਅਤੇ ਸ਼. ਕੇ.ਕੇ. ਯਾਦਵ, ਸਿੱਖਿਆ ਸਕੱਤਰ ਪੰਜਾਬ, ਸੈਮੀਨਾਰ ਦੇ ਕੋਆਰਡੀਨੇਟਰ ਲਲਿਤ ਜੈਨ, ਪੰਜਾਬ ਦੀਆਂ ਵੱਖ-ਵੱਖ ਉੱਚ ਵਿਦਿਅਕ ਸੰਸਥਾਵਾਂ ਦੇ ਵਾਈਸ ਚਾਂਸਲਰ, ਰਜਿਸਟਰਾਰ, ਪ੍ਰਿੰਸੀਪਲ ਸ਼ਾਮਲ ਹੋਏ।