ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 23 ਦਸੰਬਰ, 2024
ਜਦੋਂ ਇਹ ਸੁੰਦਰ ਲਾਈਨਾਂ ਕਿ ‘‘ਕਲਗੀਧਰ ਦਸ਼ਮੇਸ਼ ਪਿਤਾ ਜੇਹਾ, ਦੁਨੀਆਂ ਤੇ ਕੋਈ ਹੋਇਆ ਨਾ, ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ, ਇੱਕ ਵੀ ਲਾਲ ਲਕੋਇਆ ਨਾ॥ ਕੰਨਾਂ ਵਿਚ ਗੂੰਜਦੀਆਂ ਹਨ, ਤਾਂ Sri Guru Gobind Singh ਜੀ ਦੀ ਮਹਾਨ ਕੁਰਬਾਨੀ ਸਾਨੂੰ ਆਪਣੇ ਕਿਰਦਾਰਾਂ ਵੱਲ ਨਜ਼ਰ ਮਾਰ ਕੇ ਵੱਡਾ ਹਲੂਣਾ ਦਿੰਦੀ ਹੈ।
ਅਜਿਹੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਣ ਵਾਸਤੇ ਸਾਡੇ ਪ੍ਰਚਾਰਕ ਦੇਸ਼-ਵਿਦੇਸ਼ ਧਾਰਮਿਕ ਫੇਰੀ ਉਤੇ ਰਹਿੰਦੇ ਹਨ। ਪੰਥ ਪ੍ਰਸਿੱਧ ਕਥਾਵਾਚਕ Bhai Harjinder Singh Majhi ਇਨ੍ਹੀਂ ਦਿਨੀਂ New Zealand ਦੇ ਫੇਰੇ ਉਤੇ ਹਨ। ਬੀਤੇ ਦਿਨੀਂ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ 8 ਦਿਨਾਂ ਗੁਰਮਤਿ ਸਮਾਗਮ ਹੋਏ।
ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਤੇ ਇਤਿਹਾਸਕ ਪੱਖ ਉਤੇ ਗੁਰਮਤਿ ਵਿਚਾਰਾਂ ਰੱਖਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਕਿਹਾ ਕਿ ‘‘ਦੁਨੀਆਂ ਦੇ ਇੱਕੋ ਇੱਕ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ , ਜਿੰਨਾ ਨੂੰ ਸਰਬੰਦਾਨੀ ਕਿਹਾ ਜਾਂਦਾ ਹੈ।
ਕਲਗੀਧਰ ਪਿਤਾ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਵਾ ਕੇ ਸਾਨੂੰ ਅਪਣੀ ਗੋਦੀ ’ਚ ਬਿਠਾਇਆ ਹੈ। ਇੰਨ੍ਹਾਂ ਸ਼ਹਾਦਤਾਂ ਦੇ ਦਿਨਾਂ ਵਿਚ ਸਾਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਦਸਮੇਸ਼ ਪਿਤਾ ਜੀ ਦੀ ਗੋਦ ਛੱਡ ਕਿਸੇ ਹੋਰ ਪਾਸੇ ਤਾਂ ਨਹੀ ਭਟਕ ਰਹੇ।?’’ ਉੱਨਾਂ ਇਤਿਹਾਸ ਦੀ ਖੋਜ ਭਰਪੂਰ ਚਰਚਾ ਕਰਦਿਆਂ ਕਿਹਾ ਕਿ ‘‘ਚਮਕੌਰ ਦੇ ਮੈਦਾਨੇ ਜੰਗ ’ਚ ਅਣਗਿਣਤ ਫੌਜਾਂ ਦੇ ਮੁਕਾਬਲੇ ਗੁਰੂ ਸਾਹਿਬ ’ਤੇ ਪੂਰਾ ਯਕੀਨ ਰੱਖਣ ਵਾਲੇ ਅਤੇ ਗੁਰੂ ਦੇ ਪਿਆਰ ’ਚ ਭਿੱਜੇ 40 ਸਿੱਖਾਂ ਨੇ ਵਿਸ਼ਵ ਦਾ ਅਨੋਖਾ ਯੁੱਧ ਲੜਿਆ।
ਕਲਗੀਧਰ ਪਿਤਾ ਨੇ ਆਪਣੇ ਨੌਜਵਾਨ ਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਖ਼ੁਦ ਮੈਦਾਨੇ ਜੰਗ ’ਚ ਭੇਜਕੇ, ਆਪਣੇ ਅੱਖੀਂ ਜ਼ਾਲਿਮ ਨਾਲ ਲੜਕੇ ਸ਼ਹੀਦੀ ਪਾਉਂਦੇ ਸਾਹਿਬਜ਼ਾਦਿਆਂ ਤੱਕ ਕੇ ਸ਼ੱੁਕਰਾਨੇ ਦੇ ਜੈਕਾਰੇ ਛੱਡੇ।’’ ਭਾਵਨਾ ਵਿਚ ਨਮ ਹੋਈਆਂ ਸੰਗਤਾਂ ਨੂੰ ਤੱਕ ਕੇ ਭਾਈ ਮਾਝੀ ਨੇ ਹਾਜ਼ਰ ਸੰਗਤ ਨੂੰ ਕਿਹਾ ਕਿ ‘‘ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਇਕ ਪੁੱਤਰ – ਧੀਆਂ ਬਣਕੇ ਅਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਹੋਈਏ।’’
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਦਾ ਇਕ ਹਫਤੇ ਦੇ ਦੀਵਾਨ ਲਈ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ‘‘ਗੁਰਮਤਿ ਸਮਾਗਮ ਦੌਰਾਨ ਹਾਜ਼ਰ ਸੰਗਤ ਦੇ ਵਿਲੱਖਣ ਸਿੱਖ ਇਤਿਹਾਸ ਨੂੰ ਮਹਿਸੂਸ ਕਰਦਿਆ ਅੱਖਾਂ ਵਿੱਚੋ ਅੱਥਰੂ ਛਲਕ ਰਹੇ ਸਨ ਅਤੇ ਸੰਗਤ ਆਪਣੇ ਆਪ ਨੂੰ ਪ੍ਰੇਰਿਤ ਹੋਈ ਮਹਿਸੂਸ ਕਰਦੀ ਸੀ।’’