ਯੈੱਸ ਪੰਜਾਬ
ਪਟਿਆਲਾ, 13 ਦਸੰਬਰ, 2024
ਨਗਰ ਨਿਗਮ Patiala ਦੀਆਂ ਚੋਣਾਂ ਲਈ ਆਬਜ਼ਰਵਰ ਅਤੇ ਸਹਿਕਾਰਤਾ ਵਿਭਾਗ ਦੇ ਸਕੱਤਰ Anandita Mitra ਨੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਨਾਮਜ਼ਦਗੀਆਂ ਦੀ ਅੱਜ ਕੀਤੀ ਪੜਤਾਲ ਦੇ ਵੱਖ-ਵੱਖ ਪਹਿਲੂ ਘੋਖੇ। ਅੱਜ ਸ਼ਾਮ ਇੱਥੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਤੇ ਸਾਰੀਆਂ ਵਾਰਡਾਂ ਦੇ ਚਾਰੇ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਅਨੰਦਿਤਾ ਮਿੱਤਰਾ ਨੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।
ਸਮੁੱਚੇ ਚੋਣ ਅਮਲ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਮੁੱਚੇ ਚੋਣ ਪ੍ਰਬੰਧਾਂ ਦਾ ਵਾਰਡ ਵਾਈਜ਼ ਜਾਇਜਾ ਲੈਂਦਿਆਂ ਚੋਣ ਆਬਜ਼ਰਵਰ ਨੇ ਕਿਹਾ ਕਿ ਵੋਟਾਂ ਦੇ ਇਸ ਪੂਰੇ ਅਮਲ ਦੀ ਵੀਡੀਓਗ੍ਰਾਫ਼ੀ ਤੇ ਸੀ.ਸੀ.ਟੀ.ਵੀ. ਫੁਟੇਜ਼ ਦਾ ਡਾਟਾ ਸੁਰੱਖਿਅਤ ਰੱਖਿਆ ਜਾਵੇ।
ਉਨ੍ਹਾਂ ਨੇ ਦੱਸਿਆ ਕਿ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਵੈਬਕਾਸਟਿੰਗ ਰਾਹੀਂ ਸੀ.ਸੀ.ਟੀ.ਵੀ ਕੈਮਰਿਆਂ ਨਾਲ ਸਾਰੀ ਵੀਡੀਓਗ੍ਰਾਫ਼ੀ ਉਪਰ ਰਾਜ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ ਤੇ ਇਹ ਸਾਰਾ ਡਾਟਾ ਚੋਣ ਕਮਿਸ਼ਨ ਦੇ ਕਲਾਊਡ ‘ਚ ਸੇਵ ਹੋਵੇਗਾ। ਉਨ੍ਹਾਂ ਕਿਹਾ ਕਿ ਈ.ਵੀ.ਐਮਜ਼ ਨਾਲ ਕੋਈ ਛੇੜਛਾੜ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ।
ਅਨੰਦਿਤਾ ਮਿੱਤਰਾ ਨੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ ਅਤੇ ਸਬੰਧਤ ਡੀ.ਐਸ.ਪੀਜ਼ ਨਾਲ ਤਾਲਮੇਲ ਕਰਕੇ ਪੋਲਿੰਗ ਬੂਥਾਂ ਦਾ ਨਿਰੀਖਣ ਕਰ ਲਿਆ ਜਾਵੇ।
ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਦੇ ਪੋਲਿੰਗ ਏਜੰਟ ਆਪਣੇ ਬੂਥ ਪੋਲਿੰਗ ਸਟੇਸ਼ਨ ਤੋਂ 100 ਮੀਟਰ ਦੂਰ ਲਗਾਉਣਗੇ। ਉਨ੍ਹਾਂ ਨੇ ਚੋਣ ਅਮਲੇ ਦੀ ਟ੍ਰੇਨਿੰਗ, ਬੂਥਾਂ ਦੀ ਸੰਵੇਦਨਸ਼ੀਲਤਾ, ਸੁਰੱਖਿਆ ਬਲਾਂ ਦੀ ਤਾਇਨਾਤੀ, ਮੈਡੀਕਲ ਟੀਮਾਂ ਆਦਿ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਰਿਟਰਨਿੰਗ ਅਧਿਕਾਰੀ ਡਾ. ਇਸਮਤ ਵਿਜੇ ਸਿੰਘ, ਨਮਨ ਮਾਰਕੰਨ, ਰਿਚਾ ਗੋਇਲ ਤੇ ਮਨਜੀਤ ਕੌਰ ਵੀ ਮੌਜੂਦ ਸਨ।