ਅੱਜ-ਨਾਮਾ
ਚੁੱਕ ਕੇ ਕਦਮ ਬੱਸ ਭਾਜਪਾ ਰੁਕੇ ਨਹੀਂਉਂ,
ਕਰਿਆ ਵਕਫ ਦਾ ਬਿੱਲ ਆ ਪਾਸ ਮੀਆਂ।
ਪਾਸਾ ਇੱਕ ਤਾਂ ਕਰ ਲਿਆ ਖੁਸ਼ੀ ਉਸ ਨੇ,
ਦੂਸਰੀ ਧਿਰ ਦੀ ਪਬਲਿਕ ਉਦਾਸ ਮੀਆਂ।
ਜਿਹੜੇ ਪੱਖ ਦੀ ਦੇਸ਼ ਵਿੱਚ ਬਹੁ-ਗਿਣਤੀ,
ਉਸ ਤੋਂ ਪੂਰੀ ਹਮਾਇਤ ਦੀ ਆਸ ਮੀਆਂ।
ਬਾਹਲਾ ਫਿਕਰ ਵਿਰੋਧ ਦਾ ਕਿਉਂ ਕਰਨਾ,
ਆਉਂਦੇ ਵਿਰੋਧ ਵੀ ਜਦੋਂ ਨੇ ਰਾਸ ਮੀਆਂ।
ਜਿਹੜੇ ਪੱਧਰ ਨੂੰ ਪਹੁੰਚ ਗਈ ਰਾਜਨੀਤੀ,
ਅੰਦਰਲੀ ਸੋਚ ਦੀ ਲੁਕੀ ਨਾ ਦਿੱਖ ਮੀਆਂ।
ਇਹੀਉ ਦਿਸ਼ਾ ਤੇ ਦਸ਼ਾ ਜਦ ਰਹੀ ਜਾਰੀ,
ਲੱਗਦਾ ਭਲਾ ਨਹੀਂ ਬਹੁਤ ਭਵਿੱਖ ਮੀਆਂ।
-ਤੀਸ ਮਾਰ ਖਾਂ
3 ਅਪ੍ਰੈਲ, 2025