ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 28, 2024:
ਗ੍ਰੈਮੀ ਪੁਰਸਕਾਰ ਜੇਤੂ ਰੈਪਰ ਲਿਲ ਡਿਊਰਕ ਨੂੰ ਭਾੜੇ ‘ਤੇ ਹੱਤਿਆ ਕਰਵਾਉਣ ਦੇ ਸੰਘੀ ਦੋਸ਼ਾਂ ਤਹਿਤ ਫਲੋਰਿਡਾ ਵਿਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।
ਇਹ ਘਟਨਾ 2022 ਦੀ ਹੈ ਜਦੋਂ ਰੈਪਰ ਕੁਆਨਡੋ ਰੋਨਡੋ ਨੂੰ ਮਾਰਨ ਲਈ ਲਾਸ ਏਂਜਲਸ ਦੇ ਇਕ ਗੈਸ ਸਟੇਸ਼ਨ ‘ਤੇ ਉਸ ਉਪਰ ਗੋਲੀਆਂ ਚਲਾਈਆਂ ਗਈਆਂ ਸਨ।
ਗੋਲੀਬਾਰੀ ਵਿਚ ਰੋਨਡੋ ਤਾਂ ਬੱਚ ਗਿਆ ਸੀ ਪਰੰਤੂ ਉਸ ਦਾ ਭਤੀਜਾ ਮਾਰਿਆ ਗਿਆ ਸੀ। 32 ਸਾਲਾ ਡਿਊਰਕ ਵਿਰੁੱਧ ਭਾੜੇ ‘ਤੇ ਕਤਲ ਕਰਵਾਉਣ ਲਈ ਸਾਜਿਸ਼ ਰਚਣ ਦੇ ਦੋਸ਼ ਦਾਇਰ ਕੀਤੇ ਗਏ ਹਨ।
ਐਫ ਬੀ ਆਈ ਵੱਲੋਂ ਜਾਰੀ ਬਿਆਨ ਅਨੁਸਾਰ 19 ਅਗਸਤ 2022 ਨੂੰ ਵਾਪਰੀ ਗੋਲੀਬਾਰੀ ਦੀ ਇਸ ਘਟਨਾ ਵਿਚ 24 ਸਾਲਾ ਸਾਵੀਏ ਰਾਬਿਨਸਨ ਦੀ ਮੌਤ ਹੋ ਗਈ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਡਿਊਰਕ ਦੇ ਸ਼ਿਕਾਗੋ ਵਿਚਲੇ ” ਓਨਲੀ ਦ ਫੈਮਲੀ” ਗਰੁੱਪ ਦੇ 5 ਹੋਰ ਮੈਂਬਰਾਂ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਐਫ ਬੀ ਆਈ ਅਨੁਸਾਰ ਡਿਊਰਕ ਨੂੰ ਵੀਰਵਾਰ ਦੀ ਰਾਤ ਨੂੰ ਦੱਖਣੀ ਫਲੋਰਿਡਾ ਵਿਚ ਉਸ ਸਮੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਦੇਸ਼ ਵਿਚੋਂ ਫਰਾਰ ਹੋ ਜਾਣ ਦੀ ਕੋਸ਼ਿਸ਼ ਵਿਚ ਸੀ।