ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, ਜੁਲਾਈ 15, 2024:
ਜਾਂਚਕਾਰ ਇਕ ਨਿਸ਼ਾਨਚੀ (ਸ਼ੂਟਰ) ਵੱਲੋਂ ਪੈਨਸਿਲਵਾਨੀਆ ਰਾਜ ਵਿਚ ਬਟਲਰ ਵਿਖੇ ਇਕ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਕਰੀਬਨ 150 ਮੀਟਰ ਤੋਂ ਗੋਲੀਆਂ ਚਲਾ ਕੇ ਜ਼ਖਮੀ ਕਰ ਦੇਣ ਦੀ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।
ਇਕ ਸਾਬਕਾ ਲਾਅ ਇਨਫੋਰਸਮੈਂਟ ਅਫਸਰ ਨੇ ਕਿਹਾ ਹੈ ਕਿ ਜਾਂਚਕਾਰਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਕੀ ਸੀਕਰਟ ਸਰਵਿਸ ਪ੍ਰੋਟੋਕਾਲ ਦੀ ਉਲੰਘਣਾ ਹੋਈ ਹੈ?
ਸਾਬਕਾ ਸੀਕਰਟ ਸਰਵਿਸ ਮੁਖੀ ਜੁਲੀਆ ਪੀਅਰਸਨ ਨੇ ਕਿਹਾ ਹੈ ਕਿ ਸ਼ੂਟਰ ਤਕਰੀਬਨ 150 ਮੀਟਰ ਦੀ ਦੂਰੀ ਤੋਂ ਗੋਲੀਆਂ ਚਲਾ ਕੇ ਡੋਨਲਡ ਟਰੰਪ ਦੀ ਜਾਨ ਲੈਣ ਦੇ ਨੇੜੇ ਪੁੱਜ ਗਿਆ ਸੀ ਜੋ ਰਾਸ਼ਟਰਪਤੀ ਦੇ ਅਹੁੱਦੇ ਲਈ ਸੰਭਾਵੀ ਨਾਮਜ਼ਦ ਉਮੀਦਵਾਰ ਹਨ।
ਉਨਾਂ ਕਿਹਾ ਕਿ ਜੇਕਰ ਇਕ ਇੰਚ ਗੋਲੀ ਇਧਰ ਉਧਰ ਹੋ ਜਾਂਦੀ ਤਾਂ ਅੱਜ ਟਰੰਪ ਸਾਡੇ ਵਿਚ ਨਾ ਹੁੰਦੇ। ਪੀਅਰਸਨ ਅਨੁਸਾਰ ਮੇਰਾ ਵਿਚਾਰ ਹੈ ਕਿ ਨਿਸ਼ਾਨਚੀ ਦੀ ਸਮਰੱਥਾ 1000 ਮੀਟਰ ਤੋਂ ਨਿਸ਼ਾਨਾ ਲਾਉਣ ਦੀ ਹੋ ਸਕਦੀ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।
1000 ਮੀਟਰ ਦੇ ਘੇਰੇ ਵਿਚ ਸ਼ੂਟਰ ਕੁਝ ਵੀ ਕਰ ਸਕਦੇ ਹਨ। ਪੀਅਰਸਨ ਜੋ ਸੀਕਰਟ ਸਰਵਿਸ ਵਿਚ 3 ਦਹਾਕੇ ਤੱਕ ਤਾਇਨਾਤ ਰਹੇ ਹਨ, ਨੇ ਕਿਹਾ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਰੂਬਨ ਗਾਲੇਗੋ ਸਾਬਕਾ ਸੈਨਿਕ ਤੇ ਐਰੀਜ਼ੋਨਾ ਡੈਮੋਕਰੈਟਿਕ ਆਗੂ ਨੇ ਕਿਹਾ ਹੈ ਕਿ ਟਰੰਪ ਲਈ ਸੁਰੱਖਿਆ ਯੋਜਨਾ ਨਾ ਕਾਫੀ ਸੀ ਜਿਸ ਦੀ ਕਾਂਗਰਸ ਵਿਚ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਸਬੰਧੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਇਸੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਦੇ ਆਦੇਸ਼ ਅਨੁਸਾਰ ਸੀਕਰਟ ਸਰਵਿਸ ਮੁਖੀ ਕਿੰਬਰਲੀ ਚੀਟਲ ਵੱਲੋਂ ਮਿਲਵੌਕੀ ਵਿਚ ਅੱਜ ਸ਼ੁਰੂ ਹੋ ਰਹੀ ਰਿਪਬਲੀਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਾਸਤੇ ਸੁਰੱਖਿਆ ਦਾ ਨਵੇਂ ਸਿਰੇ ਤੋਂ ਜਾਇਜ਼ਾ ਲੈ ਕੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਇਸ ਕਨਵੈਨਸ਼ਨ ਵਿਚ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਵਜੋਂ ਡੋਨਲਡ ਟਰੰਪ ਦੇ ਨਾਂ ‘ਤੇ ਮੋਹਰ ਲਾਈ ਜਾਣੀ ਹੈ।