ਯੈੱਸ ਪੰਜਾਬ
ਐਸ.ਏ.ਐਸ.ਨਗਰ, 5 ਨਵੰਬਰ, 2024
ਜ਼ਿਲ੍ਹੇ ਵਿੱਚ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ, ਮਿੱਥੇ ਰੇਟ ਤੋਂ ਵੱਧ ਵਸੂਲੀ ਜਾਂ ਨਾਲ ਹੋਰ ਖੇਤੀ ਸਮੱਗਰੀ ਦੀ ਵਿੱਕਰੀ (ਟੈਗਿੰਗ) ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਖੇਤੀਬਾੜੀ ਇਨਪੁੱਟ ਡੀਲਰਾਂ ਦੇ ਖਾਦ ਸਟਾਕ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅੱਜ ਸਵੇਰੇ ਡੀ ਸੀ ਦਫ਼ਤਰ ਵਿਖੇ ਏ.ਡੀ.ਸੀ ਸੋਨਮ ਚੌਧਰੀ, ਮੁੱਖ ਖੇਤੀਬਾੜੀ ਅਫ਼ਸਰ (ਸੀ.ਏ.ਓ.) ਡਾ. ਗੁਰਮੇਲ ਸਿੰਘ ਅਤੇ ਡਿਪਟੀ ਰਜਿਸਟਰਾਰ (ਡੀ.ਆਰ.) ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸੀ.ਏ.ਓ ਅਤੇ ਡੀ.ਆਰ. ਨੂੰ ਕਿਹਾ ਕਿ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਕੋਲ ਉਪਲਬਧ ਖਾਦਾਂ ਦੇ ਸਟਾਕ ਨੂੰ ਨੋਟਿਸ ਬੋਰਡ ‘ਤੇ ਰੋਜ਼ਾਨਾ ਦਿਖਾਉਣਾ ਲਾਜ਼ਮੀ ਕੀਤਾ ਜਾਵੇ।
ਇਸ ਤੋਂ ਇਲਾਵਾ, ਕਿਸਾਨਾਂ ਤੋਂ ਡੀ ਏ ਪੀ ਦੀ ਵਿਕਰੀ ਮੌਕੇ ਓਵਰਚਾਰਜਿੰਗ ਕਰਨ ਜਾਂ ਡੀ ਏ ਪੀ ਦੀ ਵਿਕਰੀ ਨਾਲ ਹੋਰ ਖੇਤੀ ਇਨਪੁਟਸ ਦੀ ਟੈਗਿੰਗ ਬਾਰੇ ਵੀ ਸਖ਼ਤੀ ਨਾਲ ਰੋਕ ਲਾਈ ਜਾਵੇ।
ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਾਦ ਡੀਲਰਾਂ ਦੀ ਅਚਨਚੇਤ ਜਾਂਚ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਟੀਮਾਂ ਬਣਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ 3033 ਮੀਟਰਿਕ ਟਨ ਖਾਦਾਂ ਦਾ ਸਟਾਕ ਹੈ ਅਤੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਨ੍ਹਾਂ ਵਿੱਚ 41P ਦੇ ਬਦਲ ਜਿਵੇਂ ਕਿ ਐਨਪੀ ਕੇ (12:32:16, 15:15:15, 20:20:0:13, 16:16:16), ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨੀਆਂ ਵੱਲੋਂ ਦਿੱਤੀ ਸਲਾਹ ਅਨੁਸਾਰ ਡੀ ਏ ਪੀ ਵਿੱਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਦਾ ਮਿਸ਼ਰਣ ਹੁੰਦਾ ਹੈ ਜਦਕਿ ਸਿੰਗਲ ਸੁਪਰਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ। ਕਿਸਾਨ ਡੀ ਏ ਪੀ ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ। ਇਸ ਤੋਂ ਇਲਾਵਾ, ਇਹ ਵਾਧੂ ਸਲਫਰ ਵੀ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ, ਐਨ ਪੀ ਕੇ 12:32:16 ਵਿੱਚ 32% ਫਾਸਫੋਰਸ ਹੁੰਦਾ ਹੈ।
ਐਨ ਪੀ ਕੇ 12:32:16 ਦੇ ਡੇਢ ਬੈਗ ਡੀ ਏ ਪੀ ਦੇ ਇੱਕ ਬੈਗ ਦੇ ਬਰਾਬਰ ਹਨ। ਇਹ ਪੋਟਾਸ਼ ਦੇ ਵਾਧੂ ਲਾਭ ਦੀ ਪੇਸ਼ਕਸ਼ ਵੀ ਕਰਦਾ ਹੈ, ਜੋ ਕਿ ਡੀ ਏ ਪੀ ਵਿੱਚ ਮੌਜੂਦ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਭੂਮੀ ਵਿਗਿਆਨੀਆਂ ਦੀ ਸਲਾਹ ਅਨੁਸਾਰ, ਟ੍ਰਿਪਲ ਸੁਪਰਫਾਸਫੇਟ ਵਿੱਚ 46% ਫਾਸਫੋਰਸ ਹੁੰਦਾ ਹੈ ਅਤੇ ਇਸਨੂੰ ਡੀ ਏ ਪੀ ਦੇ ਬਰਾਬਰ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ, ਜਿਸ ਨਾਲ ਵਾਧੂ ਸਲਫਰ ਦਾ ਲਾਭ ਮਿਲਦਾ ਹੈ, ਜਦੋਂ ਕਿ ਐਨ ਪੀ ਕੇ 10:26:26 ਵਿੱਚ ਕੁੱਲ ਫਾਸਫੋਰਸ ਦਾ 26% ਹੁੰਦਾ ਹੈ ਅਤੇ ਇਹ ਫਸਲਾਂ ਦੀ ਫਾਸਫੋਰਸ ਲੋੜਾਂ ਨੂੰ ਵੀ ਪੂਰਾ ਕਰ ਸਕਦਾ ਹੈ। ਇਹ ਪੋਟਾਸ਼ ਦਾ ਵਾਧੂ ਫਾਇਦਾ ਵੀ ਪ੍ਰਦਾਨ ਕਰਦਾ ਹੈ, ਜੋ ਕਿ ਡੀ ਏ ਪੀ ਵਿੱਚ ਮੌਜੂਦ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਡੀ ਏ ਪੀ ਦੀ ਕਥਿਤ ਕਮੀ ਬਾਰੇ ਚਿੰਤਾ ਨਾ ਕਰਨ ਦਾ ਭਰੋਸਾ ਦਿਵਾਇਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਭਾਵਸ਼ਾਲੀ ਅਤੇ ਆਸਾਨੀ ਨਾਲ ਉਪਲਬਧ ਖਾਦ ਦੇ ਬਦਲਾਂ ਦੀ ਸਫਲਤਾਪੂਰਵਕ ਵਰਤੋਂ ਕੀਤੀ ਜਾ ਸਕਦੀ ਹੈ।