ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 21, 2024:
ਦੱਖਣੀ ਕੈਲੀਫੋਰਨੀਆ ਵਿਚ ਇਕ 41 ਸਾਲਾ ਵਿਅਕਤੀ ਵੱਲੋਂ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸਿਰ ਵੱਢ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਪਰਿਵਾਰ ਦੇ ਕੁੱਤੇ ਨੂੰ ਵੀ ਮਾਰ ਦਿੱਤਾ।
ਲਾਅ ਇਨਫੋਰਸਮੈਂਟ ਦੇ ਅਧਿਕਾਰੀ ਮੌਕੇ ਉਪਰ ਪੁੱਜੇ ਤਾਂ ਦ੍ਰਿਸ਼ ਬਹੁਤ ਖੌਫਨਾਕ ਸੀ।
ਉਨਾਂ ਨੂੰ ਬਜ਼ੁਰਗ ਜੋੜੇ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ। ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਵੱਲੋਂ ਕੀਤੀ ਕਾਰਵਾਈ ਵਿਚ ਸ਼ੱਕੀ ਦੋਸ਼ੀ ਵੀ ਗੋਲੀ ਵੱਜਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਸਥਿੱਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ।
ਉਸ ਵਿਰੁੱਧ 2 ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੈਰਿਫ ਦਫਤਰ ਅਨੁਸਾਰ ਇਹ ਦੋਹਰੇ ਕਤਲਕਾਂਡ ਦੀ ਘਟਨਾ ਲਾਗੂਨਾ ਬੀਚ ਦੇ ਦੱਖਣ ਪੂਰਬ ਵਿਚ ਤਕਰੀਬਨ 10 ਮੀਲ ਦੂਰ ਸੈਨ ਜੁਆਨ ਕੈਪਿਸਟਰਾਨੋ ਸ਼ਹਿਰ ਵਿਚ ਵਾਪਰੀ ਹੈ।
ਬਜ਼ੁਰਗ ਮ੍ਰਿਤਕ ਜੋੜੇ ਦੀ ਪਛਾਣ ਐਨਟੋਇਨੇਟ ਗਰਡਵਿਲ (79) ਤੇ ਟੋਨਲਡ ਵਾਲਟਰ ਗਰਡਵਿਲ (77) ਵਜੋਂ ਹੋਈ ਹੈ। ਸ਼ੱਕੀ ਦੋਸ਼ੀ ਦੀ ਪਛਾਣ ਮ੍ਰਿਤਕਾਂ ਦੇ ਪੁੱਤਰ ਜੋਸਫ ਬਰੈਂਡਨ ਗਰਡਵਿਲ (41) ਵਜੋਂ ਹੋਈ ਹੈ।
ਜਾਂਚਕਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਸਫ ਗਰਡਵਿਲ ਘਿਣਾਉਣਾ ਕਾਰਾ ਕਰਨ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਹੀ ਰਹਿੰਦਾ ਸੀ।
ਉਸ ਨੇ ਆਪਣਾ ਮਾਤਾ ਪਿਤਾ ਦੀਆਂ ਹੱਤਿਆਵਾਂ ਕਿਉਂ ਕੀਤੀਆਂ, ਇਸ ਬਾਰੇ ਸਥਿੱਤੀ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਅਨੁਸਾਰ ਮੁਕੰਮਲ ਜਾਂਚ ਉਪਰੰਤ ਹੀ ਹੱਤਿਆਵਾਂ ਦੇ ਅਸਲ ਕਾਰਨ ਦਾ ਪਤਾ ਲੱਗ ਸਕਦਾ ਹੈ।