ਅੱਜ-ਨਾਮਾ
ਕਸੂਤੇ ਗੇੜ ਵਿੱਚ ਫਸ ਗਿਆ ਫੇਰ ਆਸ਼ੂ,
ਈ ਡੀ ਵਾਲਿਆਂ ਨੇ ਲਿਆ ਹੈ ਫੜ ਬੇਲੀ।
ਜਿਹੜੇ ਕੇਸਾਂ ਦੀ ਕੀਤੀ ਤਫਤੀਸ਼ ਪਹਿਲਾਂ,
ਉਹ ਹੀ ਪੇਚਾ ਫਿਰ ਗਿਆ ਹੈ ਅੜ ਬੇਲੀ।
ਪਹਿਲੇ ਕੇਸ ਵੀ ਉਂਜ ਤਾਂ ਘੱਟ ਹੈ ਨਹੀਂ,
ਨਵੇਂ ਇਹ ਦੇਣਗੇ ਹੋਰ ਕਈ ਜੜ ਬੇਲੀ।
ਵਿਹੜੇ ਓਸ ਤੋਂ ਈ ਡੀ ਤਾਂ ਨਿਕਲਦੀ ਨਾ,
ਜਿਹੜੇ ਵਿਹੜੇ ਵਿੱਚ ਜਾਂਵਦੀ ਵੜ ਬੇਲੀ।
ਚੱਲੂ ਚੱਕਰ ਤਾਂ ਲੱਗਾ ਨਾ ਰਹਿਣ ਸੀਮਤ,
ਚੱਕਰ ਖਬਰ ਨਹੀਂ ਕਿੰਨੇ ਘੁਮਾਊ ਬੇਲੀ।
ਫਿਕਰ ਪਿਆ ਈ ਆੜੀਆਂ-ਬੇਲੀਆਂ ਨੂੰ,
ਕਿਸ ਨੂੰ ਪਤਾ ਨਹੀਂ ਨਾਲ ਫਸਾਊ ਬੇਲੀ।
ਤੀਸ ਮਾਰ ਖਾਂ
3 ਅਗਸਤ, 2024