ਅੱਜ-ਨਾਮਾ
ਕਰਿਆ ਕੇਂਦਰ ਸਰਕਾਰ ਜਾਂ ਪੇਸ਼ ਬੱਜਟ,
ਪੜ੍ਹ ਕੇ ਵੇਖ ਲਿਆ ਪੂਰਾ ਈ ਸਾਰ ਬੇਲੀ।
ਵਰਗ ਕਿਸੇ ਨੂੰ ਕੀਤਾ ਕੁਝ ਖੁਸ਼ ਲੱਗਦਾ,
ਕਿਸੇ ਹੋਰ ਥਾਂ ਪਾਇਆ ਫਿਰ ਭਾਰ ਬੇਲੀ।
ਮਿੱਤਰ ਮੋਦੀ ਦੇ ਆਖਣ ਕਿ ਬਹੁਤ ਚੰਗਾ,
ਕਦੇ ਵੀ ਗਲਤ ਨਾ ਕਹਿਣਗੇ ਯਾਰ ਬੇਲੀ।
ਧਿਰ ਵਿਰੋਧ ਦੀ ਆਖੂ ਇਹ ਗਲਤ ਪੂਰਾ,
ਕਰ ਲੈਣ ਲੋਕ ਫਿਰ ਆਪ ਵਿਚਾਰ ਬੇਲੀ।
ਵੇਖਿਆ ਰਸਮ ਤੋਂ ਵੱਧ ਨਹੀਂ ਕਦੀ ਬੱਜਟ,
ਗੱਡੀ ਮੂਹਰੇ ਕੁਝ ਖਾਸ ਨਹੀਂ ਰਿੜ੍ਹੀ ਬੇਲੀ।
ਦੱਸਦਾ ਮੀਟਰ ਸਪੀਡ ਪਿਆ ਤੇਜ਼ ਬਹੁਤੀ,
ਪਹੀਆ ਓਥੇ ਹੀ ਜਾਵੇ ਪਿਆ ਗਿੜੀ ਬੇਲੀ।
ਤੀਸ ਮਾਰ ਖਾਂ
24 ਜੁਲਾਈ, 2024