ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 7, 2024:
ਬੀਤੇ ਸ਼ੁੱਕਰਵਾਰ ਵਾਪਰੇ ਇਕ ਹਾਦਸੇ ਜਿਸ ਦੇ ਸਿੱਟੇ ਵਜੋਂ 4 ਲੋਕ ਮਾਰੇ ਗਏ ਤੇ 9 ਹੋਰ ਜ਼ਖਮੀ ਹੋਏ ਹਨ, ਸਬੰਧੀ ਮਿਲੀ ਇਕ ਜਾਣਕਾਰੀ ਅਨੁਸਾਰ ਐਸ ਯੂ ਵੀ ਕਾਰ ਦਾ ਡਰਾਈਵਰ ਨਸ਼ੇ ਵਿਚ ਸੀ।
ਪੁਲਿਸ ਅਨੁਸਾਰ ਡਰਾਈਵਰ ਨੇ ਨਿਊਯਾਰਕ ਦੇ ਲਾਂਗ ਆਈਲੈਂਡ ਨੇਲ ਸੈਲੂਨ ਵਿਚ ਆਪਣੀ ਕਾਰ ਠੋਕ ਦਿੱਤੀ ਜਿਸ ਦੇ ਸਿੱਟੇ ਵਜੋਂ ਇਹ ਭਿਆਨਕ ਹਾਦਸਾ ਵਾਪਰਿਆ।
64 ਸਾਲਾ ਡਰਾਈਵਰ ਸਟੀਵਨ ਸ਼ਵੈਲੀ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਉਸ ਨੇ 18 ਬੀਅਰ ਦੀਆਂ ਬੋਤਲਾਂ ਪੀਤੀਆਂ ਹਨ।
ਅਦਾਲਤੀ ਦਸਤਾਵੇਜ਼ਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਾਦਸੇ ਸਮੇ ਡਰਾਈਵਰ ਨਸ਼ੇ ਵਿਚ ਟੱਲੀ ਸੀ।
ਡਰਾਈਵਰ ਜੋ ਨਾਲ ਲੱਗਦੇ ਖੇਤਰ ਡਿਕਸ ਹਿਲਜ਼ ਦਾ ਰਹਿਣਾ ਵਾਲਾ ਹੈ, ਨੂੰ ਸੁਫੋਲਕ ਕਾਊਂਟੀ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ।
ਸੁਫੋਲਕ ਕਾਊਂਟੀ ਪੁਲਿਸ ਅਨੁਸਾਰ ਇਸ ਹਾਦਸੇ ਵਿਚ ਜਿਆਨਕਾਈ ਚੇਨ (37), ਯਾਨ ਸੂ (41), ਮੀਜ਼ੀ ਝਾਂਗ (50) ਤੇ ਐਮੀਲੀਆ ਰੇਨਹੈਕ (30) ਮਾਰੇ ਗਏ ਹਨ।
ਪੁਲਿਸ ਅਨੁਸਾਰ ਡਰਾਈਵਰ ਵਿਰੁੱਧ ਹੱਤਿਆ ਸਮੇਤ 38 ਦੋਸ਼ ਆਇਦ ਕੀਤੇ ਗਏ ਹਨ।
ਸੁਫੋਲਕ ਕਾਊਂਟੀ ਡਿਸਟ੍ਰਿਕਟ ਅਟਾਰਨੀ ਰੇਮਾਂਡ ਏ ਟਿਰਨੇ ਨੇ ਕਿਹਾ ਹੈ ਕਿ ਸਟੀਵਨ ਸ਼ਵੈਲੀ ਨੂੰ ਬਿਨਾਂ ਜ਼ਮਾਨਤ ਜੇਲ ਵਿਚ ਰੱਖਿਆ ਗਿਆ ਹੈ ਤੇ ਉਸ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਗਿਆ ਹੈ।