ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 25, 2024:
ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਮੌਤ ਦੀ ਸਜ਼ਾ ਪ੍ਰਾਪਤ 46 ਸਾਲਾ ਫਰੈਡੀ ਓਨਜ ਨਾਮੀ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ। ਦੱਖਣੀ ਕੈਰੋਲੀਨਾ ਰਾਜ ਵਿਚ ਪਿਛਲੇ 13 ਸਾਲਾਂ ਦੌਰਾਨ ਇਹ ਪਹਿਲੀ ਫਾਂਸੀ ਹੈ।
ਓਨਜ ਨੂੰ 1 ਨਵੰਬਰ 1997 ਨੂੰ ਗਰੀਨਵਿਲੇ (ਦੱਖਣੀ ਕੈਰੋਲੀਨਾ) ਵਿਚ ਇਕ ਸਟੋਰ ਵਿੱਚ ਲੁੱਟਮਾਰ ਦੌਰਾਨ ਕਲਰਕ ਈਰੇਨ ਗਰੇਵਸ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ ਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ ਸਮੇ ਓਨਜ ਦੀ ਉਮਰ 19 ਸਾਲ ਸੀ।
ਗੋਲੀਬਾਰੀ ਵਿਚ ਮਾਰੀ ਗਈ 41 ਸਾਲਾ ਗਰੇਵਸ 3 ਬੱਚਿਆਂ ਦੀ ਮਾਂ ਸੀ ਤੇ ਜਿਸ ਸਮੇ ਉਸ ਨੂੰ ਗੋਲੀ ਮਾਰੀ ਗਈ ਉਹ ਸਟੋਰ ਵਿਚ ਰਾਤ ਵਾਲੀ ਸ਼ਿਫਟ ਵਿੱਚੇ ਕੰਮ ਕਰ ਰਹੀ ਸੀ। ਜੇਲ ਵਿਭਾਗ ਅਨੁਸਾਰ ਘਟਨਾ ਦੇ ਦੋ ਸਾਲ ਬਾਅਦ 1999 ਵਿਚ ਓਨਜ ਨੂੰ ਹੱਤਿਆ, ਹੱਥਿਆਰਬੰਦ ਲੁੱਟਮਾਰ ਤੇ ਅਪਰਾਧਕ ਸਾਜਿਸ਼ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਉਸ ਤੋਂ ਬਾਅਦ ਲੰਬੀ ਕਾਨੂੰਨੀ ਲੜਾਈ ਲੜੀ ਗਈ। ਦੱਖਣੀ ਕੈਰੋਲੀਨਾ ਦੀ ਸੁਪਰੀਮ ਕੋਰਟ ਨੇ ਬੀਤੇ ਵੀਰਵਾਰ ਉਸ ਦੀ ਸਜ਼ਾ ਉਪਰ ਰੋਕ ਲਾਉਣ ਦੀ ਮੰਗ ਰੱਦ ਕਰ ਦਿੱਤੀ ਸੀ ਤੇ ਹੈਨਰੀ ਗਵਰਨਰ ਮੈਕਮਾਸਟਰ ਨੇ ਵੀ ਰਹਿਮ ਦੀ ਅਪੀਲ ਠੁਕਰਾਅ ਦਿੱਤੀ ਸੀ।
ਮੌਤ ਦੀ ਸਜ਼ਾ ਲਈ ਤੈਅ ਸਮੇ ਤੋਂ ਕੁਝ ਘੰਟੇ ਪਹਿਲਾਂ ਆਖਰੀ ਅਪੀਲ ਵਿਚ ਓਨਜ ਦੇ ਵਕੀਲਾਂ ਨੇ ਮੰਗ ਕੀਤੀ ਸੀ ਕਿ ਉਸ ਦੀ ਸਜ਼ਾ ਉਪਰ ਰੋਕ ਲਾਈ ਜਾਵੇ ਕਿਉਂਕਿ ਦੱਖਣੀ ਕੈਰੋਲੀਨਾ ਦੇ ਜੇਲ ਵਿਭਾਗ ਨੇ ਓਨਜ ਨੂੰ ਜ਼ਹਿਰ ਦੇ ਟੀਕਾ ਬਾਰੇ ਬੁਨਿਆਦੀ ਜਾਣਕਾਰੀ ਨਾ ਦੇ ਕੇ ਪ੍ਰਕ੍ਰਿਆ ਦੀ ਉਲੰਘਣਾ ਕੀਤੀ ਹੈ।
ਸੁਪਰੀਮ ਕੋਰਟ ਨੇ ਵਕੀਲਾਂ ਦੀ ਇਸ ਦਲੀਲ ਵੱਲ ਕੋਈ ਤਵਜ਼ੋਂ ਨਹੀਂ ਦਿੱਤੀ ਤੇ ਅਪੀਲ ਮੂਲੋਂ ਹੀ ਰੱਦ ਕਰ ਦਿੱਤੀ।