ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਪ੍ਰੈਲ 8,2025
ਅਮਰੀਕਾ ਦੇ ਸਮੁੱਚੇ 50 ਰਾਜਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨਾਂ ਦੇ ਜੋਟੀਦਾਰ ਅਰਬਪੱਤੀ ਐਲਨ ਮਸਕ ਵਿਰੁੱਧ ਹੋਏ ਪ੍ਰਦਰਸ਼ਨਾਂ ਵਿਚ ਲੱਖਾਂ ਲੋਕਾਂ ਵੱਲੋਂ ਹਿੱਸਾ ਲੈਣ ਦੀ ਖਬਰ ਹੈ। ਇਨਾਂ ਪ੍ਰਦਰਸ਼ਨਾਂ ਦਾ ਅਯੋਜਨ ਇਕ ‘ਪ੍ਰੋ ਡੈਮੋਕਰੇੇਸੀ ਮੂਵਮੈਂਟ’ ਦੁਆਰਾ ਕੀਤਾ ਗਿਆ ਜਿਸ ਨੇ ਕਿਹਾ ਹੈ ਕਿ ਸੱਤਾ ਉਪਰ ਕਾਬਜ਼ ਲੋਕਾਂ ਨੇ ਦੁਸ਼ਮਣੀ ਵਾਲਾ ਵਤੀਰਾ ਅਪਣਾਇਆ ਹੋਇਆ ਹੈ ਤੇ ਉਹ ਅਮਰੀਕੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ਉਪਰ ਹਮਲੇ ਕਰ ਰਹੇ ਹਨ। ਪ੍ਰਬੰਧਕਾਂ ਅਨੁਸਾਰ ਰਾਜਾਂ ਦੀਆਂ ਰਾਜਧਾਨੀਆਂ, ਸੰਘੀ ਇਮਾਰਤਾਂ, ਕਾਂਗਰਸ ਦੇ ਦਫਤਰਾਂ, ਸਮਾਜਿਕ ਸੁਰੱਖਿਆ ਦੇ ਮੁੱਖ ਦਫਤਰਾਂ, ਪਾਰਕਾਂ ਤੇ ਨਗਰ ਨਿਗਮਾਂ ਦੀਆਂ ਇਮਾਰਤਾਂ ਵਿਚ 1400 ਤੋਂ ਵਧ ਸਮੂਹਿਕ ਪ੍ਰਦਰਸ਼ਨ ਕੀਤੇ ਗਏ।
”ਦੂਰ ਰਹੋ” ਦੇ ਨਾਅਰੇ ਹੇਠ ਹੋਏ ਇਹ ਪ੍ਰਦਰਸ਼ਨ ਉਸ ਹਰ ਥਾਂ ਉਪਰ ਕੀਤੇ ਗਏ ਜਿਥੋਂ ਲੋਕਾਂ ਦੀ ਆਵਾਜ਼ ਵਾਈਟ ਹਾਊਸ ਤੱਕ ਪਹੁੰਚ ਸਕੇ। ਪ੍ਰਦਰਸ਼ਨਕਾਰੀਆਂ ਨੇ ਅਰਬਪੱਤੀਆਂ ਦੇ ਸੱਤਾ ਉਪਰ ਕਬਜ਼ੇ ਨੂੰ ਖਤਮ ਕਰਨ ਦੀ ਮੰਗ ਕੀਤੀ। ਪ੍ਰਬੰਧਕਾਂ ਨੇ ਕਿਹਾ ਹੈ ” ਲੋਕਤੰਤਰ ਉਪਰ ਹੋ ਰਹੇ ਹਮਲੇ, ਨੌਕਰੀਆਂ ਵਿੱਚ ਕਟੌਤੀ, ਨਿੱਜਤਾ ਉਪਰ ਹਮਲਿਆਂ ਤੇ ਸੇਵਾਵਾਂ ਉਪਰ ਹਮਲਿਆਂ ਨੇ ਸਾਨੂੰ ਇਕਜੁੱਟ ਹੋਣ ਲਈ ਮਜ਼ਬੂਰ ਕੀਤਾ ਹੈ, ਇਹ ਅੰਦੋਲਨ ਲੋਕਾਂ ਲਈ ਹੈ। ” ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਵਿਚੋਂ ਇਕ ‘ਇੰਡਿਵਿਸੀਬਲ’ ਸੰਸਥਾ ਅਨੁਸਾਰ ਤਕਰੀਬਨ 6 ਲੱਖ ਲੋਕਾਂ ਨੇ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋ ਕੇ ਦਸਤਖਤ ਕੀਤੇ ਹਨ।
ਦੇਸ਼ ਵਿਆਪੀ ਇਹ ਪ੍ਰਦਰਸ਼ਨ ਮਨੁੱਖੀ ਹੱਕਾਂ ਬਾਰੇ ਸੰਸਥਾਵਾਂ, ਸਾਬਕਾ ਫੌਜੀਆਂ, ਔਰਤਾਂ ਦੇ ਹੱਕਾਂ ਨਾਲ ਸਬੰਧਿਤ ਸਮੂੰਹਾਂ, ਕਿਰਤੀਆਂ ਦੀਆਂ ਯੁਨੀਅਨਾਂ ਤੇ ਟਰਾਂਸ ਭਾਈਚਾਰੇ ਦੇ ਹੱਕਾਂ ਦੇ ਅਲੰਬਰਦਾਰਾਂ ਦੇ ਸਹਿਯੋਗ ਨਾਲ ਕੀਤੇ ਗਏ ਹਨ। ਪ੍ਰਬੰਧਕਾਂ ਅਨੁਸਾਰ ਉਨਾਂ ਦੀਆਂ 3 ਮੰਗਾਂ ਹਨ। ਅਰਬਪੱਤੀਆਂ ਦਾ ਸੱਤਾ ਉਪਰ ਕਬਜ਼ਾ ਖਤਮ ਕਰਨਾ ਅਤੇ ਟਰੰਪ ਪ੍ਰਸ਼ਾਸਨ ਵਿਚ ਫੈਲਿਆ ਵਿਆਪਕ ਭਿਸ਼ਟਾਚਾਰ ਖਤਮ ਕਰਨਾ, ਡਾਕਟਰੀ, ਸਮਾਜਿਕ ਸੁਰੱਖਿਆ ਤੇ ਹੋਰ ਪ੍ਰੋਗਰਾਮਾਂ ਜਿਨਾਂ ਉਪਰ ਕਾਮੇ ਨਿਰਭਰ ਹਨ, ਲਈ ਫੰਡਾਂ ਵਿਚ ਕਟੌਤੀ ਨੂੰ ਰੋਕਣਾ ਤੇ ਪ੍ਰਵਾਸੀਆਂ, ਟਰਾਂਸ ਲੋਕਾਂ ਤੇ ਹੋਰ ਭਾਈਚਾਰਿਆਂ ਉਪਰ ਹਮਲਿਆਂ ਨੂੰ ਰੋਕਣਾ ਸ਼ਾਮਿਲ ਹਨ। ਵਾਸ਼ਿੰਗਟਨ, ਡੀ ਸੀ ਵਿਚ ਹੋਏ ਪ੍ਰਦਰਸ਼ਨ ਮੌਕੇ ਡੈਮੋਕਰੈਟਿਕ ਪ੍ਰਤੀਨਿੱਧ ਜੈਮੀ ਰਸਕਿਨ ਮੈਰੀਲੈਂਡ ਸਮੇਤ ਬਹੁਤ ਸਾਰੇ ਪ੍ਰਤੀਨਿਧੀਆਂ ਨੇ ਸੰਬੋਧਨ ਕੀਤਾ ਜਿਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਗਵਾਈ ਵਿਚ ਸਾਡਾ ਕੋਈ ਭਵਿੱਖ ਨਹੀਂ ਹੈ ਜਿਸ ਦੀ ਰਾਜਨੀਤੀ ਮੁਸੋਲੀਨੀ ਵਰਗੀ ਹੈ ਤੇ ਆਰਥਿਕ ਨੀਤੀ ਹਰਬਰਟ ਹੂਵਰ ਵਾਲੀ ਹੈ।
ਵਾਸ਼ਿੰਗਟਨ ਮੋਨੂਮੈਂਟ ਵਿਖੇ ਹਜਾਰਾਂ ਦੀ ਤਾਦਾਦ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਰਸਕਿਨ ਨੇ ਕਿਹਾ ਕਿ ਸਾਡੇ ਮੋਢੀਆਂ ਦੁਆਰਾ ਲਿਖਿਆ ਸੰਵਿਧਾਨ ”ਅਸੀਂ ਤਾਨਾਸ਼ਾਹ ਹਾਂ” ਸ਼ਬਦਾਂ ਨਾਲ ਸ਼ੁਰੂ ਨਹੀਂ ਹੁੰਦਾ ਬਲ ਕਿ ”ਅਸੀਂ ਲੋਕ ਹਾਂ” ਨਾਲ ਸ਼ੁਰੂ ਹੁੰਦਾ ਹੈ। ਮਿਨੀਸੋਟਾ ਦੇ ਡੈਮੋਕਰੈਟਿਕ ਪ੍ਰਤੀਨਿੱਧ ਇਹਾਨ ਉਮਰ ਨੇ ਕਿਹਾ ਕਿ ਜੇਕਰ ਤੁਸੀਂ ਇਕ ਅਜਿਹਾ ਦੇਸ਼ ਚਹੁੰਦੇ ਹੋ ਜੋ ਲੋੜੀਂਦੀ ਪ੍ਰਕ੍ਰਿਆ ਵਿਚ ਵਿਸ਼ਵਾਸ਼ ਰਖਦਾ ਹੋਵੇ ਤਾਂ ਸਾਨੂੰ ਇਸ ਵਾਸਤੇ ਲੜਨਾ ਪਵੇਗਾ।
ਉਨਾਂ ਕਿਹਾ ਕਿ ਜੇਕਰ ਤੁਸੀਂ ਅਜਿਹੇ ਦੇਸ਼ ਵਿਚ ਵਿਸ਼ਵਾਸ਼ ਰਖਦੇ ਹੋ ਜਿਥੇ ਸਾਡੇ ਗਵਾਂਢੀਆਂ ਦੀ ਦੇਖਰੇਖ ਹੋਵੇ, ਗਰੀਬਾਂ ਦੀ ਗੱਲ ਹੋਵੇ ਤੇ ਸਾਡੇ ਬੱਚਿਆਂ ਦਾ ਯਕੀਨਨ ਭਵਿੱਖ ਹੋਵੇ ਤਾਂ ਇਸ ਵਾਸਤੇ ਸਾਨੂੰ ਜਦੋਜਹਿਦ ਕਰਨੀ ਪਵੇਗੀ। ਫਲੋਰਿਡਾ ਦੇ ਸਾਂਸਦ ਮੈਕਸਵੈਲ ਫਰਾਸਟ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਿਖਾਵੇ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ।
ਉਨਾਂ ਕਿਹਾ ਕਿ ਮਨੁੱਖੀ ਇਤਿਹਾਸ ਗਵਾਹ ਹੈ ਕਿ ਤਾਨਾਸ਼ਾਹ ਆਪਣੀ ਤਾਕਤ ਤੋਂ ਕਦੀ ਵੀ ਸੰਤੁਸ਼ਟ ਨਹੀਂ ਹੋਏ, ਉਹ ਹੱਦਾਂ ਪਾਰ ਕਰਦੇ ਹਨ, ਕਾਨੂੰਨ ਤੋੜਦੇ ਹਨ ਅਤੇ ਬਾਅਦ ਵਿਚ ਲੋਕਾਂ ਵੱਲ ਵੇਖਦੇ ਹਨ ਕਿ ਉਹ ਚੁੱਪ ਹਨ ਜਾਂ ਰੌਲਾ ਪਾ ਰਹੇ ਹਨ।” ਇਸ ਲਈ ਆਓ ਇਕਜੁੱਟ ਹੋ ਕੇ ਆਜ਼ਾਦੀ ਲਈ ਜਦੋਜਹਿਦ ਕਰੀਏ।