ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 21, 2024:
1998 ਵਿੱਚ ਲੁੱਟਮਾਰ ਦੌਰਾਨ ਇਕ ਡਲਿਵਰੀ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲੈ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ।
ਦੱਖਣ ਪੱਛਮੀ ਅਲਾਬਾਮਾ ਵਿਚ ਵਿਲੀਅਮ ਸੀ ਹੋਲਮੈਨ ਜੇਲ ਵਿਚ 64 ਸਾਲਾ ਕੀਥ ਏਡਮੁੰਡ ਗੈਵਿਨ ਨੂੰ ਰਸਾਇਣਕ ਟੀਕਾ ਲਾਉਣ ਉਪਰੰਤ ਸ਼ਾਮ 6.32 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ।
ਕੀਥ ਨੂੰ ਚੇਰੋਕੀ ਕਾਊਂਟੀ ਵਿਚ ਡਲਿਵਰੀ ਡਰਾਈਵਰ ਵਿਲੀਅਮ ਕਲੇਟੋਨ ਜੂਨੀਅਰ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਇਸਤਗਾਸਾ ਪੱਖ ਅਨੁਸਾਰ ਕਲੇਟੋਨ ਇਕ ਕੋਰੀਅਰ ਸਰਵਿਸ ਡਰਾਈਵਰ ਸੀ।
ਉਹ 6 ਮਾਰਚ,1998 ਨੂੰ ਆਪਣਾ ਕੰਮ ਖਤਮ ਕਰਕੇ ਘਰ ਨੂੰ ਜਾਣ ਹੀ ਵਾਲਾ ਸੀ ਕਿ ਗੈਵਿਨ ਨੇ ਲੁੱਟ ਮਾਰ ਦੇ ਇਰਾਦੇ ਨਾਲ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਉਹ ਫਰਾਰ ਹੋ ਗਿਆ ਸੀ।
ਗੈਵਿਨ ਨੇ ਆਪਣੇ ਹੱਥ ਨਾਲ ਲਿਖੀ ਦਰਖਾਸਤ ਵਿਚ ਫਾਂਸੀ ਉਪਰ ਰੋਕ ਲਾਉਣ ਦੀ ਆਖਰੀ ਬੇਨਤੀ ਕੀਤੀ ਸੀ ਜਿਸ ਨੂੰ ਰਾਜ ਦੀ ਹਾਈਕੋਰਟ ਨੇ ਬਿਨਾਂ ਕੋਈ ਟਿੱਪਣੀ ਕੀਤੇ ਰੱਦ ਕਰ ਦਿੱਤਾ ਸੀ।