Tuesday, October 22, 2024
spot_img
spot_img

ਹੁਸ਼ਿਆਰਪੁਰ ਦੋਹਰਾ ਕਤਲ ਮਾਮਲਾ: ਚਾਰ ਟੀਮਾਂ ਦਾ ਗਠਨ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ: SSP ਸੁਰੇਂਦਰ ਲਾਂਬਾ

ਯੈੱਸ ਪੰਜਾਬ
ਹੁਸ਼ਿਆਰਪੁਰ, 21 ਅਕਤੂਬਰ, 2024

ਬੀਤੀ ਸ਼ਾਮ ਪੁਲਿਸ ਸਟੇਸ਼ਨ ਬੁੱਲੋਵਾਲ ਦੇ ਇਲਾਕੇ ’ਚ ਹੋਏ ਦੋਹਰੇ ਕਤਲ ਦੇ ਮਾਮਲੇ ਵਿਚ ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਅੱਜ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਵਿਚ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਪੁਲਿਸ ਅਧਿਕਾਰੀਆਂ ਸਮੇਤ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਮਾਮਲੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਖੁਦ ਅਤੇ ਐਸ.ਪੀ. (ਡੀ) ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੀ ਪੂਰੀ ਗੰਭੀਰਤਾ ਨਾਲ ਨਜ਼ਰਸਾਨੀ ਕਰ ਰਹੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਮੁਤਾਬਕ ਬਣਦੀਆਂ ਸਜ਼ਾਵਾਂ ਦੁਆਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਤੁਰੰਤ ਪੁਲਿਸ ਪਾਰਟੀਆਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਲਿਆਂਦਾ ਜਿਨ੍ਹਾਂ ਵਿਚੋਂ ਪਿਓ-ਪੁੱਤ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਅਤੇ ਦੋ ਬੱਚੇ ਜ਼ਖਮੀ ਹੋਏ ਜੋ ਕਿ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਘਟਨਾ ਦਾ ਕਾਰਨ ਦੋਵਾਂ ਧਿਰਾਂ ਦੀ ਆਪਸੀ ਰੰਜ਼ਿਸ਼ ਸਾਹਮਣੇ ਆਇਆ ਹੈ ਅਤੇ ਦੋਵਾਂ ਧਿਰਾਂ ਦੀਆਂ ਆਪਸ ਵਿਚ ਇਕ-ਦੂਜੇ ’ਤੇ ਕਰਾਸ ਐਫ.ਆਈ.ਆਰ. ਵੀ ਦਰਜ਼ ਹਨ।

ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ ਤਾਂ ਜੋ ਇਸ ਘਿਨਾਉਣੀ ਘਟਨਾ ਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੀੜਤ ਧਿਰ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਜਿਨ੍ਹਾਂ ਦੋਸ਼ੀਆਂ ਦੇ ਨਾਮ ਲਿਖਵਾਏ ਗਏ ਸਨ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਨਸ਼ਿਆਂ ਦਾ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਜਦਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਜਾਂਚ ਦੌਰਾਨ ਸਾਰੇ ਪੱਖ ਸਾਹਮਣੇ ਆ ਜਾਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ