ਅੱਜ-ਨਾਮਾ
ਹਰਿਆਣਾ ਵਿੱਚ ਹੈ ਚੋਣਾਂ ਦੀ ਬਾਤ ਚੱਲੀ,
ਆਏ ਪਏ ਆਗੂ ਆ ਵਿੱਚ ਮੈਦਾਨ ਬੇਲੀ।
ਕਿਸੇ ਨੂੰ ਕਿਸੇ ਦੀ ਖੋਹੀ ਹੈ ਮਿਲੀ ਟਿਕਟ,
ਕਿਸੇ ਦਾ ਹੁੰਦਾ ਨਹੀਂ ਅਜੇ ਐਲਾਨ ਬੇਲੀ।
ਰੱਖਿਆ ਪੈਸਾ ਜੀ ਕਿਸੇ ਨੇ ਟਿਕਟ ਖਾਤਰ,
ਟਿਕਟੋਂ ਬਾਝ ਪਈ ਨਿਕਲਦੀ ਜਾਨ ਬੇਲੀ।
ਦੂਸਰੀ-ਤੀਸਰੀ ਕਰੇ ਕੋਈ ਦਲ-ਬਦਲੀ,
ਬਦਲਦਾ ਜਿਸ ਤਰ੍ਹਾਂ ਕੋਈ ਮਕਾਨ ਬੇਲੀ।
ਮੌਕਾ-ਪ੍ਰਸਤੀ ਲਈ ਲੱਗਣ ਬਾਜ਼ਾਰ ਲੱਗਾ,
ਵਿਕਦੀ ਵੇਖ ਲਿਉ ਕਾਲੀ ਹਰ ਭੇਡ ਬੇਲੀ।
ਲੋਕਤੰਤਰ ਵਿੱਚ ਲੋਕ ਕੋਈ ਪੁੱਛਦਾ ਨਹੀਂ,
ਖੇਡਦੀ ਵੇਖਿਉ ਮਾਇਆ ਫਿਰ ਖੇਡ ਬੇਲੀ।
ਤੀਸ ਮਾਰ ਖਾਂ
21 ਅਗਸਤ, 2024