ਅੱਜ-ਨਾਮਾ
ਲੜਨੀ ਚੋਣ, ਪਰ ਚੋਣ ਨਾ ਕਿਤੇ ਦਿੱਸਦੀ,
ਪੱਲੇ ਰਹਿ ਗਿਆ ਸਿਰਫ ਹੈ ਲੜਨ ਬੇਲੀ।
ਛਿੱਤਰ-ਪੌਲਾ ਵੀ ਹੋਇਆ ਹੈ ਕਈ ਥਾਂਈਂ,
ਡਾਂਗ-ਸੋਟਾ ਕਈ ਲੱਗੇ ਫਿਰ ਜੜਨ ਬੇਲੀ।
ਸਾਊ ਲੋਕ ਤਾਂ ਨਿਕਲ ਗਏ ਸੁੱਟ ਕਾਗਜ਼,
ਔਖਾ ਦਿੱਸ ਪਿਆ ਜਿੱਥੇ ਸੀ ਖੜਨ ਬੇਲੀ।
ਡੁਰਲੀ-ਜਥਾ ਸੀ ਰੱਖਿਆ ਪਾਲ ਜੀਹਨਾਂ,
ਆਪੋ ਵਿੱਚ ਲੱਗੇ ਈ ਸੰਘੋਂ ਫੜਨ ਬੇਲੀ।
ਜੀਹਦੇ ਪਿੱਛੇ ਕੋਈ ਧਾੜ ਹੈ ਖੜੀ ਡਾਢੀ,
ਵਾਹਣੀਂ ਹੋਰਨਾਂ ਨੂੰ ਉਹੋ ਪਾਈ ਫਿਰਦਾ।
ਵਰ੍ਹਦੀ ਡਾਂਗ, ਨਹੀਂ ਲੱਭਦਾ ਲੋਕਤੰਤਰ,
ਭੈੜਾ ਸਿਰੀ ਆ ਕਿਤੇ ਲੁਕਾਈ ਫਿਰਦਾ।
ਤੀਸ ਮਾਰ ਖਾਂ
7 ਅਕਤੂਬਰ, 2024