Friday, January 10, 2025
spot_img
spot_img
spot_img
spot_img

ਲੋਕ ਸਭਾ ਮੈਂਬਰ Dr. Dharamvir Gandhi ਅਤੇ Malvinder Singh Kang ਨੇ MPLAD ਫੰਡ ਅਤੇ ਕੇਂਦਰੀ ਸਕੀਮਾਂ ਦਾ ਲਿਆ ਜਾਇਜ਼ਾ

ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜਨਵਰੀ, 2025

ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ (ਡਿਸਟਿ੍ਰਕਟ ਡਿਵੈਲਪਮੈਂਟ ਕੋਅਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ) ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਚੇਅਰਮੈਨ Dr. Dharamvir Gandhi (ਮੈਂਬਰ, ਲੋਕ ਸਭਾ ਪਟਿਆਲਾ ਸੰਸਦੀ ਹਲਕਾ) ਅਤੇ ਕੋ-ਚੇਅਰਮੈਨ Malvinder Singh Kang (ਮੈਂਬਰ, ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕਾ) ਨੇ ਅਧਿਕਾਰੀਆਂ ਨੂੰ ਆਮ ਵਰਗਾਂ ਅਤੇ ਕਮਜ਼ੋਰ ਵਰਗਾਂ ਲਈ ਆਉਂਦੇ ਫੰਡਾਂ ਨੂੰ ਦਿਨਆਨਤਦਾਰੀ ਨਾਲ ਵਰਤਣ ਦੀ ਅਪੀਲ ਕੀਤੀ।

ਅੱਜ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਐਮ ਪੀ ਲੋਕਲ ਫ਼ੰਡ ਅਤੇ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਗਾਂਧੀ ਅਤੇ ਸ੍ਰੀ ਕੰਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰੀ ਭਲਾਈ ਸਕੀਮਾਂ ਦੀ ਲੋੜਵੰਦ ਅਤੇ ਯੋਗ ਲੋਕਾਂ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਸਾਡਾ ਰਵੱਈਆ ਹਾਂ-ਪੱਖੀ ਅਤੇ ਮਾਨਵਤਾ ਭਰਪੂਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਆਮ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਬੇਹਤਰੀ ਲਈ ਰਾਜ ਅਤੇ ਕੇਂਦਰ ਪੱਧਰ ’ਤੇ ਬਹੁਤ ਸਾਰੀਆਂ ਯੋਜਨਾਵਾਂ ਜਿਵੇਂ ਕਿ ਮਨਰੇਗਾ, ਆਯੂਸ਼ਮਾਨ ਸਿਹਤ ਬੀਮਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਯੋਜਨਾ, ਮੁਫ਼ਤ ਕਣਕ, ਆਂਗਨਵਾੜੀ ਕੇਂਦਰਾਂ ਰਾਹੀਂ ਗਰਭਵਤੀ, ਨਵ-ਜਨਮੇ ਬੱਚਿਆਂ ਦੀ ਮਾਂਵਾਂ, ਕਿਸ਼ੋਰ ਲੜਕੀਆਂ, 0 ਤੋਂ 6 ਸਾਲ ਦੇ ਬੱਚਿਆਂ ਲਈ ਪੋਸ਼ਕ ਖੁਰਾਕ ਯੋਜਨਾਵਾਂ, ਸਿਹਤ ਵਿਭਾਗ ਨਾਲ ਸਬੰਧਤ ਟੀਕਾਕਰਣ ਤੇ ਹੋਰ ਸੁਵਿਧਾਵਾ,

ਮਿਡ ਡੇ ਮੀਲ, ਸਕੂਲੀ ਢਾਂਚੇ ਦਾ ਅਪਗ੍ਰੇਡੇਸ਼ਨ ਆਦਿ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਕੁੱਝ ਵਿੱਚ ਰਾਜ ਸਰਕਾਰਾਂ ਦਾ ਵੀ ਮਾਲੀ ਹਿੱਸਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਇਸ ਮੀਟਿੰਗ ਦਾ ਮੰਤਵ ਮਹਿਜ਼ ਅੰਕੜਿਆਂ ਦੀ ਪ੍ਰਗਤੀ ਨਾ ਹੋ ਕੇ ਜ਼ਮੀਨੀ ਪੱਧਰ ’ਤੇ ਇਨ੍ਹਾਂ ਲੋੜਵੰਦ ਲੋਕਾਂ ਦੀ ਭਲਾਈ ਦੀ ਸਮੀਖਿਆ ਕਰਨਾ ਹੁੰਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ‘ਟੀਮ ਵਰਕ’ ਕਰਨ ਦੀ ਲੋੜ ਹੈ।

ਡਾ. ਧਰਮਵੀਰ ਨੇ ਪੰਜਾਬ ’ਚ ਫ਼ੈਲ ਰਹੀ ਕੈਂਸਰ ਦੀ ਬਿਮਾਰੀ ਲਈ ਜਾਗਰੂਕਤਾ ਮੁਹਿੰਮ ’ਤੇ ਜ਼ੋਰ ਦਿੰਦਿਆਂ ਕਿ ਸਾਨੂੰ ਸਿਖਿਆ ਸੰਸਥਾਨਾਂ, ਸਿਹਤ ਸੰਸਥਾਂਵਾਂ ਅਤੇ ਜਨਤਕ ਥਾਂਵਾਂ ’ਤੇ ਇਸ ਸਬੰਧੀ 9 ਪ੍ਰਮੁੱਖ ਨੁਕਤਿਆਂ ਨੂੰ ਉਭਾਰ ਕੇ ਲੋਕਾਂ ਨੂੰ ਇਸ ਤੋਂ ਬਚਾਅ ਲਈ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਅੱਜ ਕੈਂਸਰ ਦਾ ਮੁਕਾਬਲਾ ਕਰਕੇ ਜ਼ਿੰਦਗੀ ਦੀ ਜੰਗ ਜਿੱਤਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮੌਜੂਦ ਹਨ।

ਉਨ੍ਹਾਂ ਨੇ ਪਿੰਡਾਂ ਦੇ ਕਲੱਸਟਰ ਬਣਾ ਕੇ ਉਨ੍ਹਾਂ ਨੂੰ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਾਸਤੇ ਸਸਤੇ ਰੇਟਾਂ ’ਤੇ ਥਾਂ ਮੁਹੱਈਆ ਕਰਵਾਉਣ ਲਈ ਕਮਿਊਨਿਟੀ ਸੈਂਟਰ ਅਧਾਰਿਤ ਛੋਟੇ ਮੈਰਿਜ ਪੈਲੇਸ ਬਣਾਉਣ ’ਤੇ ਵੀ ਜ਼ੋਰ ਦਿੱਤਾ, ਜਿਸ ਲਈ ਉਨ੍ਹਾਂ ਐਮ ਪੀ ਲੈਡ ਫੰਡ ’ਚੋਂ ਗ੍ਰਾਂਟ ਦੇਣ ਦੀ ਇੱਛਾ ਵੀ ਜਤਾਈ।

ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖਿਜ਼ਰਾਬਾਦ ਤੋਂ ਚਟੌਲੀ ਸੜ੍ਹਕ ਦਾ ਹਵਾਲਾ ਦਿੰਦਿਆਂ, ਜ਼ਿਲ੍ਹੇ ’ਚ ਅਜਿਹੀਆਂ ਹੋਰ ਵੱਧ ਤੋਂ ਵੱਧ ਸੜ੍ਹਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜ੍ਹਕ ਯੋਜਨਾ ਜਾਂ ਹੋਰ ਕੇਂਦਰੀ ਸੜ੍ਹਕ ਯੋਜਨਾਵਾਂ ਤਹਿਤ ਲਿਆ ਕੇ ਕੇਂਦਰੀ ਫੰਡਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਖਿਆ।

ਉਨ੍ਹਾਂ ਵੱਲੋਂ ਮਸੌਲ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਪੁੱਛੇ ਜਾਣ ’ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਲਈ ਜਲ ਸਪਲਾਈ ਯੋਜਨਾ ਤਿਆਰ ਕਰ ਦਿੱਤੀ ਗਈ ਹੈ ਅਤੇ ਇੱਕ-ਦੋ ਦਿਨ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਖਰੜ ਅਤੇ ਕੁਰਾਲੀ ਲਈ ਜਲ ਸੋਧਕ ਪਲਾਂਟ ਅਮਰੂਤ ਯੋਜਨਾ ਤਹਿਤ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦਾ ਅੱਧੋ-ਅੱਧ ਮਾਲੀ ਯੋਗਦਾਨ ਹੋਵੇਗਾ। ਇਸ ਨਾਲ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਨਹਿਰੀ ਪਾਣੀ ਦੇਣ ਦਾ ਰਾਹ ਪੱਧਰਾ ਹੋ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਦੋਵਾਂ ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ’ਚ ਕੇਂਦਰੀ ਗਰਾਂਟਾਂ ਅਤੇ ਐਮ ਪੀ ਸਥਾਨਕ ਏਰੀਆ ਵਿਕਾਸਸ ਗ੍ਰਾਂਟਾਂ ਦਾ ਇੱਕ-ਇੱਕ ਰੁਪਈਆ ਯੋਗ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਕੁੱਝ ਪਿੰਡਾਂ ਦੇ ਕਲੱਸਟਰ ਬਣਾ ਕੇ ਛੋਟੇ ਮੈਟਿਜ ਪੈਲੇਸ ਬਣਾਉਣ ਦੀ ਯੋਜਨਾ ਨੂੰ ਦੋਵਾਂ ਸੰਸਦ ਮੈਂਬਰਾਂ ਨੇ ਭਰਪੂਰ ਸਲਾਹਿਆ ਅਤੇ ਆਪਣੇ ਵੱਲੋਨ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਅਧਿਕਾਰੀਆਂ ਵਿੱਚ ਏ ਡੀ ਸੀ ਸ਼ਹਿਰੀ ਵਿਕਾਸ ਅਨਮੋਲ ਸਿੰਘ ਧਾਲੀਵਾਲ, ਏ ਡੀ ਸੀ ਦਿਹਾਤੀ ਵਿਕਾਸ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਟੀ ਬੈਨਿਥ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਮੁੱਖ ਮੰਤਰੀ ਫ਼ੀਲਡ ਅਫ਼ਸਰ ਦੀਪਾਂਕਰ ਗਰਗ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ,

ਜ਼ਿਲ੍ਹਾ ਪ੍ਰੀਸ਼ਦ ਦੇ ਉੱਪ ਮੁੱਖ ਕਾਰਜਕਾਰੀ ਅਫ਼ਸਰ ਰਣਜੀਤ ਸਿੰਘ, ਸਿਵਲ ਸਰਜਨ ਡਾ. ਸੰਗੀਤਾ ਜੈਨ, ਜੀ ਐਮ ਜ਼ਿਲ੍ਹਾ ਉਦਯੋਗ ਕੇਂਦਰ ਅਰਸ਼ਜੀਤ ਸਿੰਘ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ, ਡੀ ਈ ਓ ਡਾ. ਗਿੰਨੀ ਦੁੱਗਲ ਤੇ ਪ੍ਰੇਮ ਮਿੱਤਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਮਿ੍ਰਤ ਬਾਲਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸ ਐਸ ਭੁਲੱਰ ਤੇ ਸ਼ਿਵਪ੍ਰੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ