ਅੱਜ-ਨਾਮਾ
ਰੁਕਿਆ ਅੱਜ ਹਰਿਆਣੇ ਦਾ ਚੋਣ ਰੱਫੜ,
ਹਰ ਥਾਂ ਗਈ ਖਾਮੋਸ਼ੀ ਆ ਵਰਤ ਮੀਆਂ।
ਮਹੀਨੇ ਅੱਧ ਤੋਂ ਘਰੀਂ ਨਾ ਜਾਣ ਹੋਇਆ,
ਲੀਡਰ ਘਰਾਂ ਨੂੰ ਅੱਜ ਗਏ ਪਰਤ ਮੀਆਂ।
ਗੱਲ ਹਾਰਨ ਦੀ ਮੰਨੇ ਨਹੀਂ ਕੋਈ ਲੀਡਰ,
ਸਾਰੇ ਜਿੱਤ ਦੀ ਲਾਉਂਦੇ ਨੇ ਸ਼ਰਤ ਮੀਆਂ।
ਲੱਗਾ ਅੰਦਰ ਤੋਂ ਧੁੜਕੂ ਆ ਸਾਰਿਆਂ ਨੂੰ,
ਧੜਕਣ ਓਸ ਤੋਂ ਸਾਰੇ ਹੀ ਡਰਤ ਮੀਆਂ।
ਨਿਕਲਦਾ ਨਹੀਂ ਨਤੀਜਾ ਹੈ ਜਦੋਂ ਤੀਕਰ,
ਹਾਰ-ਜਿੱਤ ਵਿੱਚ ਲਟਕਦੇ ਰਹਿਣਗੇ ਈ।
ਭੰਗੜੇ ਪਾਉਣਗੇ, ਜਾਵਣਗੇ ਜਿੱਤ ਜਿਹੜੇ,
ਦੂਸਰੇ ਹਾਰ ਫਿਰ ਔਖਿਆਂ ਸਹਿਣਗੇ ਈ।
ਤੀਸ ਮਾਰ ਖਾਂ
6 ਅਕਤੂਬਰ, 2024