ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 28, 2024:
ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੇ ਅਮਰੀਕੀਆਂ ਦੀ ਅਗਵਾਈ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ ਤੇ ਮੇਰੇ ਲਈ ਸਭ ਬਰਾਬਰ ਹਨ। ਉਨਾਂ ਕਿਹਾ ਕਿ ਉਹ ਸਮੁੱਚੇ ਅਮਰੀਕੀਆਂ ਦੀ ਰਾਸ਼ਟਰਪਤੀ ਹੋਵੇਗੀ।
ਚੋਣਾਂ ਵਿਚ 2 ਹਫਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤੇ ਆਪਣੇ ਰੁਝੇਂਵੇਂ ਭਰੇ ਚੋਣ ਦੌਰੇ ਵਿਚੋਂ ਸਮਾਂ ਕੱਢ ਕੇ ਜਾਰਜੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਫਿਲਾਡੈਲਫੀਆ ਵਿਚ ਪੱਤਰਕਾਰਾਂ ਦੇ ਇਕ ਸਮੂੰਹ ਨਾਲ ਗੱਲਬਾਤ ਕਰਦਿਆਂ ਹੈਰਿਸ ਨੇ ਕਿਹਾ ਕਿ ਉਹ ਵੇਖ ਰਹੀ ਹੈ ਕਿ ਔਰਤਾਂ ਤੇ ਮਰਦ ਲੋਕਤੰਤਰ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।
ਉਨਾਂ ਕਿਹਾ ਕਿ ਅਮਰੀਕੀ ਲੋਕ ਅਜਿਹਾ ਰਾਸ਼ਟਰਪਤੀ ਚਹੁੰਦੇ ਹਨ ਜੋ ਆਸ਼ਾਵਾਦੀ ਹੋਵੇ ਤੇ ਉਹ ਅਮਰੀਕੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਹੈਰਿਸ ਨੇ ਡੋਨਾਲਡ ਟਰੰਪ ਉਪਰ ਦੋਸ਼ ਲਾਇਆ ਕਿ ਉਹ ਲੋਕਾਂ ਦੀ ਮੌਲਿਕ ਆਜ਼ਾਦੀ ਖੋਹ ਲੈਣਾ ਚਹੁੰਦਾ ਹੈ।
ਇਹ ਪੁੱਛੇ ਜਾਣ ‘ਤੇ ਕਿ ਉਹ ਚੋਣਾਂ ਵਿਚ ਲਿੰਗ ਪਾੜੇ ਨੂੰ ਕਿਵੇਂ ਲੈਂਦੇ ਹਨ ਤੇ ਉਹ ਇਹ ਕਿਉਂ ਸੋਚਦੇ ਹਨ ਕਿ ਉਸ ਨੂੰ ਟਰੰਪ ਦੀ ਤੁਲਨਾ ਵਿਚ ਔਰਤਾਂ ਦਾ ਵਧ ਸਮਰਥਨ ਮਿਲ ਰਿਹਾ ਹੈ ਤਾਂ ਹੈਰਿਸ ਨੇ ਕਿਹਾ ਕਿ ਮੈ ਇਮਾਨਦਾਰੀ ਨਾਲ ਕਹਿੰਦੀ ਹਾਂ ਕਿ ਅਜਿਹਾ ਮੈ ਨਹੀਂ ਸੋਚਦੀ, ਮੇਰੀਆਂ ਰੈਲੀਆਂ ਤੋਂ ਵੀ ਸਪੱਸ਼ਟ ਹੈ ਕਿ ਅਜਿਹਾ ਨਹੀਂ ਹੈ। ਰੈਲੀਆਂ ਵਿਚ ਔਰਤਾਂ ਤੇ ਮਰਦਾਂ ਦੀ ਬਰਾਬਰ ਸ਼ਮੂਲੀਅਤ ਹੁੰਦੀ ਹੈ।
ਜ਼ਮੀਨੀ ਪੱਧਰ ‘ਤੇ ਮਰਦ ਤੇ ਔਰਤਾਂ ਦੋਨੋਂ ਹੀ ਦੇਸ਼ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਹ ਚਹੁੰਦੇ ਹਨ ਕਿ ਉਨਾਂ ਦੀਆਂ ਸਮੱਸਿਆਵਾਂ ਹੱਲ ਹੋਣ, ਇਹ ਸਮੱਸਿਆਵਾਂ ਭਾਵੇਂ ਵਧ ਰਹੀ ਮਹਿੰਗਾਈ ਨਾਲ ਸਬੰਧਿਤ ਹੋਣ ਜਾਂ ਛੋਟੇ ਕਾਰਬਾਰਾਂ ਵਿਚ ਨਿਵੇਸ਼ ਜਾਂ ਘਰ ਖਰੀਦਣ ਨਾਲ ਸਬੰਧਿਤ ਹੋਣ।
ਹੈਰਿਸ ਨੇ ਹੋਰ ਕਿਹਾ ਕਿ ਅਸਲ ਵਿਚ ਉਹ ਕਿਸੇ ਕਿਸਮ ਦੇ ਵੱਖਰੇਵੇਂ ਵਿਚ ਵਿਸ਼ਵਾਸ਼ ਨਹੀਂ ਰੱਖਦੀ ਤੇ ਉਹ ਸਮੁੱਚੇ ਅਮਰੀਕੀਆਂ ਦੀ ਰਾਸ਼ਟਰਪਤੀ ਬਣਨਾ ਚਹੁੰਦੀ ਹੈ।
ਉਹ ਲੋਕਾਂ ਦੀ ਮੌਲਿਕ ਆਜ਼ਾਦੀ ਨੂੰ ਕਾਇਮ ਰਖਣ, ਔਰਤ ਆਪਣੇ ਸਰੀਰ ਬਾਰੇ ਖੁਦ ਨਿਰਨਾ ਲੈਣ ਲਈ ਆਜ਼ਾਦ ਹੋਵੇ ਤੇ ਸਭ ਲਈ ਬਰਾਬਰ ਮੌਕਿਆਂ ਦੇ ਨਾਲ ਨਾਲ ਲੋਕਾਂ ਦੀਆਂ ਨਿੱਜੀ ਆਰਥਕ ਲੋੜਾਂ ਤੇ ਪਰਿਵਾਰਕ ਲੋੜਾਂ ਨੂੰ ਤਰਜੀਹ ਦੇਵੇਗੀ। ਹੈ
ਰਿਸ ਨੇ ਕਿਹਾ ਇਸ ਦੇ ਨਾਲ ਹੀ ਸਾਨੂੰ ਮਜ਼ਬੂਤੀ ਨਾਲ ਕੌਮਾਂਤਰੀ ਪੱਧਰ ‘ਤੇ ਖੜੇ ਹੋਣਾ ਪਵੇਗਾ। ਉਨਾਂ ਸਰਹੱਦ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਉਹ ਸਰੱਹਦੀ ਸੁਰੱਖਿਆ ਨੂੰ ਉੱਚ ਤਰਜੀਹ ਦੇਵੇਗੀ ਤੇ ਸਾਧਨਾਂ ਦੀ ਵਰਤੋਂ ਸਰਹੱਦਾਂ ਸੁਰੱਖਿਅਤ ਕਰਨ ਲਈ ਕੀਤੀ ਜਾਵੇਗੀ।
ਹੈਰਿਸ ਨੇ ਵਾਅਦਾ ਕੀਤਾ ਕਿ ਜੇ ਉਹ ਰਾਸ਼ਟਰਪਤੀ ਬਣ ਗਈ ਤਾਂ ਦੋਨਾਂ ਧਿਰਾਂ ਦੀ ਸਹਿਮਤੀ ਵਾਲਾ ਸਰਹੱਦ ਸੁਰੱਖਿਆ ਬਿੱਲ ਲਿਆਵੇਗੀ ਤੇ ਇਸ ਨੂੰ ਕਾਨੂੰਨ ਵਿਚ ਬਦਲੇਗੀ।
ਜਿਸ ਬਿੱਲ ਨੂੰ ਟਰੰਪ ਦੇ ਇਸ਼ਾਰੇ ‘ਤੇ ਰਿਪਬਲੀਕਨਾਂ ਨੇ ਪਾਸ ਨਹੀਂ ਸੀ ਹੋਣ ਦਿੱਤਾ। ਉਨਾਂ ਕਿਹਾ ਕਿ ਟਰੰਪ ਸਮੱਸਿਆਵਾਂ ਨੂੰ ਜਿਉਂ ਦਾ ਤਿਉਂ ਰੱਖਣਾ ਚਹੁੰਦੇ ਹਨ। ਉਨਾਂ ਹੋਰ ਕਿਹਾ ਕਿ ਸਾਡੇ ਇਮੀਗ੍ਰੇਸ਼ਨ ਸਿਸਟਮ ਵਿਚ ਖਾਮੀਆਂ ਹਨ ਜਿਨਾਂ ਨੂੰ ਦੂਰ ਕਰਨ ਦੀ ਲੋੜ ਹੈ।