ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 9 ਜਨਵਰੀ, 2025
ਪ੍ਰਸਿੱਧ ਸਮਾਜ ਸੇਵੀ Dr. Amarjit Singh Marwaha ਦਾ 99 ਸਾਲ ਦੀ ਉਮਰ ਵਿਚ ਦੁੱਖਦਾਈ ਦਿਹਾਂਤ ਹੋ ਜਾਣ ਦੀ ਖਬਰ ਹੈ। ਉਹ ਸਿੱਖਾਂ ਤੇ ਹੋਰ ਭਾਈਚਾਰਿਆਂ ਵਿਚ ਜਾਣੇ ਪਛਾਣੇ ਆਗੂ ਸਨ। ਡਾ ਮਰਵਾਹਾ ਨੇ ਕਲਾ, ਸਭਿਆਚਾਰ , ਸਿੱਖਿਆ ਤੇ ਮਨੁੱਖੀ ਭਲਾਈ ਦੇ ਖੇਤਰ ਵਿਚ ਵਰਣਨਯੋਗ ਕੰਮ ਕੀਤਾ। ਡਾ ਮਰਵਾਹਾ ਲਾਸ ਦੀ ਏਂਜਲਸ ਯਾਤਰਾ 1950 ਵਿਚ ਓਦੋਂ ਸ਼ੁਰੂ ਹੋਈ ਸੀ ਜਦੋਂ ਉਹ ਸਕਾਲਰਸ਼ਿੱਪ ‘ਤੇ ਅਮਰੀਕਾ ਆਏ ਸਨ।
1962 ਵਿਚ ਉਹ ਪੱਕੇ ਤੌਰ ‘ਤੇ California ਵਿਚ ਵੱਸ ਗਏ ਜਿਥੇ ਉਨਾਂ ਨੇ ਦੰਦਾਂ ਦੇ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ। ਉਨਾਂ ਦੀ ਪ੍ਰਸਿੱਧੀ ਦਾ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਲਾਸ ਏਂਜਲਸ ਵਿਚ ਵਰਮਾਊਂਟ ਐਵਨਿਊ ਤੇ ਫਿਨਲੇਅ ਸਟਰੀਟ ਚੌਰਾਹੇ ਦਾ ਨਾਂ ਡਾ ਅਮਰਜੀਤ ਸਿੰਘ ਮਰਵਾਹਾ ਚੌਕ ਰਖਿਆ ਗਿਆ ਹੈ।
ਇਹ ਚੌਕ ਉਨਾਂ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ 3 ਫਰਵਰੀ 2019 ਨੂੰ ਸਿਟੀ ਆਫ ਲਾਸ ਏਂਜਲਸ ਦੁਆਰਾ ਉਨਾਂ ਨੂੰ ਸਮਰਪਿਤ ਕੀਤਾ ਗਿਆ ਸੀ। ਡਾ ਮਰਵਾਹਾ ਨੂੰ ਹੋਰ ਲੋਕ ਭਲਾਈ ਕੰਮਾਂ ਤੋਂ ਇਲਾਵਾ 1969 ਵਿਚ ਹਾਲੀਵੁੱਡ ਸਿੱਖ ਗੁਰਦੁਆਰਾ ਬਣਾਉਣ ਵਿੱਚ ਨਿਭਾਈ ਪ੍ਰਮੁੱਖ ਭੂਮਿਕਾ ਲਈ ਵੀ ਯਾਦ ਕੀਤਾ ਜਾਂਦਾ ਰਹੇਗਾ। ਅਮਰੀਕਾ ਵਿਚ ਬਣਿਆ ਇਹ ਪਹਿਲਾ ਗੁਰੂ ਘਰ ਹੈ।