Sunday, January 12, 2025
spot_img
spot_img
spot_img
spot_img

ਗਿੱਦੜਬਾਹਾ ’ਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਵੱਡੀ ਰੈਲੀ; ਲੋਕਾਂ ਨੂੰ ਡਿੰਪੀ ਢਿੱਲੋਂ ਦਾ ਸਾਥ ਦੇਣ ਦੀ ਕੀਤੀ ਅਪੀਲ

ਯੈੱਸ ਪੰਜਾਬ
ਗਿੱਦੜਬਾਹਾ, 16 ਨਵੰਬਰ, 2024

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗਿੱਦੜਬਾਹਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਆਗਾਮੀ ਜ਼ਿਮਨੀ ਚੋਣਾਂ ਵਿੱਚ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ।

ਕੇਜਰੀਵਾਲ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਲਿਆਂਦੀਆਂ ਤਬਦੀਲੀਆਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅਸੀਂ ਜ਼ੀਰੋ ਬਿਜਲੀ ਬਿੱਲ, ਮੁਫ਼ਤ ਸਿਹਤ ਸੰਭਾਲ ਅਤੇ ਯੋਗਤਾ ਅਧਾਰਿਤ ਰੁਜ਼ਗਾਰ ਵਰਗੇ ਮੁੱਖ ਵਾਅਦਿਆਂ ਨੂੰ ਪੂਰਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪਾਰਟੀ ਨੂੰ ਇੰਨਾ ਜ਼ਬਰਦਸਤ ਸਮਰਥਨ ਨਹੀਂ ਮਿਲਿਆ। ਤੁਸੀਂ ਸਾਨੂੰ 2022 ਵਿੱਚ 117 ਵਿੱਚੋਂ 92 ਸੀਟਾਂ ਦਿੱਤੀਆਂ ਸਨ। ਪਿਛਲੇ ਢਾਈ ਸਾਲਾਂ ਵਿੱਚ, ਅਸੀਂ ਪੰਜਾਬ ਦੇ ਲੋਕਾਂ ਲਈ ਅਣਥੱਕ ਕੰਮ ਕਰ ਰਹੇ ਹਾਂ। ਅਸੀਂ ਘਰਾਂ ਦੇ ਜ਼ੀਰੋ ਬਿਜਲੀ ਕਰ ਦਿੱਤੇ, ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਅਤੇ ਦਵਾਈਆਂ ਪ੍ਰਦਾਨ ਕਰ ਰਹੇ ਹਾਂ।

ਕੇਜਰੀਵਾਲ ਨੇ ਕਿਹਾ ਕਿ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਡਿੰਪੀ ਢਿੱਲੋਂ ਦੇ ਚੁਣੇ ਜਾਣ ਤੋਂ ਬਾਅਦ ਹਸਪਤਾਲ ਨੂੰ ਅਪਗ੍ਰੇਡ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੋਵੇਗੀ।ਉਨ੍ਹਾਂ ਅੱਗੇ ਕਿਹਾ ਕਿ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ ਅਤੇ ਡਿੰਪੀ ਦੇ ਜਿੱਤਣ ਤੋਂ ਬਾਅਦ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਅਤੇ ਸੂਬੇ ਦੇ ਸਿੱਖਿਆ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ‘ਆਪ’ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਅਧੀਨ 48,000 ਨੌਜਵਾਨਾਂ ਨੂੰ ਪਹਿਲਾਂ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਜਾਂ ਸਿਆਸਤਦਾਨਾਂ ਦੀਆਂ ਸਿਫ਼ਾਰਸ਼ਾਂ ਤੋਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਜੋ ਕਿ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਵਿੱਚ ਅਸੰਭਵ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਅਤੇ ਹੋਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਹੁਣ ਸਰਕਾਰੀ ਮੁਲਾਜ਼ਮ ਪਾਣੀ ਦੀਆਂ ਟੈਂਕੀਆਂ ‘ਤੇ ਨਹੀਂ ਮਿਲਦੇ, ਉਹ ਆਪਣੇ ਕੰਮ ਤੇ ਮਿਲਦੇ ਹਨ।

ਅਰਵਿੰਦ ਕੇਜਰੀਵਾਲ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ਦੇ ਹੱਲ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਇਸ ਖੇਤਰ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ, ਹਰ ਘਰ ਵਿੱਚ ਸਾਫ਼ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਅਤੇ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ।

ਕੇਜਰੀਵਾਲ ਨੇ ਨੌਜਵਾਨਾਂ ਲਈ ਖੇਡ ਮੈਦਾਨ ਵਿਕਸਤ ਕਰਨ, ਪਿੰਡਾਂ ਦੇ ਛੱਪੜਾਂ ਦੀ ਮੁਰੰਮਤ ਅਤੇ ਮੰਡੀਆਂ ਵਿੱਚ ਸ਼ੈੱਡ ਬਣਾਉਣ ਲਈ ਵੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਗਿੱਦੜਬਾਹਾ ਦੀ ਪੇਂਡੂ ਆਰਥਿਕਤਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਿਹਤਰ ਸੜਕਾਂ ਅਤੇ ਉਤਪਾਦਾਂ ਲਈ ਸਟੋਰੇਜ ਦੀਆਂ ਬਿਹਤਰ ਸਹੂਲਤਾਂ ਸਮੇਤ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ “ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਾਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗਿੱਦੜਬਾਹਾ ਨੂੰ ਉਹ ਤਰੱਕੀ ਮਿਲੇ ਜਿਸ ਦਾ ਉਹ ਹੱਕਦਾਰ ਹੈ।”

ਕੇਜਰੀਵਾਲ ਨੇ ਲੋਕਾਂ ਨੂੰ ਖੇਤਰ ਦੀ ਤਰੱਕੀ ਲਈ ‘ਆਪ’ ਵਿਧਾਇਕ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਵਿਕਾਸ ਲਈ ‘ਆਪ’ ਵਿਧਾਇਕ ਨੂੰ ਚੁਣੋ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਭਰ ‘ਚ ਚੱਲ ਰਹੀ ਵਿਕਾਸ ਦੀ ਰੇਲਗੱਡੀ ‘ਚ ਗਿੱਦੜਬਾਹਾ ਦੇ ਡੱਬੇ ਨੂੰ ਜੋੜਨਾ ਤੁਹਾਡੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਪਿਛਲੇ 28 ਸਾਲਾਂ ਦੌਰਾਨ ਕਈ ਅਹਿਮ ਪ੍ਰਾਜੈਕਟਾਂ ਵਿੱਚ ਦੇਰੀ ਕੀਤੀ ਗਈ ਹੈ ਅਤੇ ਇਨ੍ਹਾਂ ਰੁਕੇ ਹੋਏ ਕੰਮਾਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਇੱਕੋ ਇੱਕ ਰਸਤਾ ‘ਆਪ’ ਵਿਧਾਇਕ ਦੀ ਚੋਣ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਪਿਛਲੇ 28 ਸਾਲਾਂ ਤੋਂ ਜਿਸ ਕੰਮ ਨੂੰ ਰੋਕਿਆ ਹੋਇਆ ਸੀ, ਉਸ ਨੂੰ ਪੂਰਾ ਕਰਾਉਣ ਲਈ ਸਾਨੂੰ ਫ਼ਤਵਾ ਦਿਓ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ‘ਆਪ’ ਦੀ ਅਗਵਾਈ ‘ਚ ਗਿੱਦੜਬਾਹਾ ‘ਚ ਤੇਜ਼ੀ ਨਾਲ ਵਿਕਾਸ ਹੋਵੇਗਾ ਅਤੇ ਸਾਲਾਂ ਤੋਂ ਅਣਗੌਲੇ ਪਏ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਸਰਕਾਰ ਕੋਲ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਇਹ ਪੈਸਾ ਭ੍ਰਿਸ਼ਟ ਨੇਤਾਵਾਂ ਦੀਆਂ ਜੇਬਾਂ ਅਤੇ ਸਵਿਸ ਬੈਂਕ ਖਾਤਿਆਂ ਵਿੱਚ ਜਾਂਦਾ ਸੀ, ਪਰ ਹੁਣ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ।

ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡਿੰਪੀ ਢਿੱਲੋਂ ਨੂੰ ਚੁਣ ਕੇ ਗਿੱਦੜਬਾਹਾ ਦੀ ਤਰੱਕੀ ਨੂੰ ਯਕੀਨੀ ਬਣਾਓ। ਤੁਹਾਡਾ ਸਮਰਥਨ ਤੁਹਾਡੇ ਬੱਚਿਆਂ ਦੇ ਹੋਰ ਵਿਕਾਸ ਅਤੇ ਉੱਜਵਲ ਭਵਿੱਖ ਦੀ ਗਾਰੰਟੀ ਦੇਵੇਗਾ।

ਉਨ੍ਹਾਂ ਅਖੀਰ ਵਿੱਚ ਕਿਹਾ ਕਿ ਗਿੱਦੜਬਾਹਾ ਦੀ ਕਿਸਮਤ ਹੁਣ ਤੁਹਾਡੇ ਹੱਥਾਂ ਵਿੱਚ ਹੈ। ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਭਵਿੱਖ ਬਦਲਣ ਵਿੱਚ ਮਦਦ ਕੀਤੀ ਸੀ, ਉਸੇ ਤਰ੍ਹਾਂ ਹੁਣ ਡਿੰਪੀ ਢਿੱਲੋਂ ਨੂੰ ਚੁਣ ਕੇ ਗਿੱਦੜਬਾਹਾ ਦਾ ਭਵਿੱਖ ਬਦਲਣ ਦਾ ਸਮਾਂ ਆ ਗਿਆ ਹੈ।

ਲੋਕਾਂ ਦਾ ਫ਼ਤਵਾ ਹੀ ਅਸਲ ਸਰਟੀਫਿਕੇਟ ਹੈ – 20 ਨਵੰਬਰ ਨੂੰ ਡਿੰਪੀ ਢਿੱਲੋਂ ਨੂੰ ਦਿੱਤੀ ਤੁਹਾਡੀ ਵੋਟ ਗਿੱਦੜਬਾਹਾ ਦੇ ਵਿਕਾਸ ਨੂੰ ਯਕੀਨੀ ਬਣਾਏਗੀ: ਭਗਵੰਤ ਮਾਨ

ਅਸੀਂ ਆਪਣੇ ਵਾਅਦੇ ਪੂਰੇ ਕੀਤੇ – ਅਸੀਂ ਸਿੱਖਿਆ, ਹਸਪਤਾਲ, ਮੁਫ਼ਤ ਬਿਜਲੀ, ਖੇਤਾਂ ਲਈ ਨਹਿਰੀ ਪਾਣੀ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ: ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਖਾਲੀ ਵਾਅਦਿਆਂ ਦੇ ਉਲਟ ‘ਆਪ’ ਵੱਲੋਂ ਸੂਬੇ ‘ਚ ਕੀਤੇ ਗਏ ਠੋਸ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਸੀਵਰੇਜ, ਸਿਹਤ ਸੰਭਾਲ ਅਤੇ ਬਿਜਲੀ ਵਰਗੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਲਈ ਰਵਾਇਤੀ ਸਿਆਸੀ ਪਾਰਟੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਹੱਲ ਕਰਨ ਲਈ ‘ਆਪ’ ਨੇ ਅਣਥੱਕ ਮਿਹਨਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ, ਰਾਜਨੀਤੀ ਕਦੇ ਵੀ ਅਸਲ ਕੰਮ ਬਾਰੇ ਨਹੀਂ ਹੁੰਦੀ ਸੀ। ਫਿਰ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਆ ਕੇ ਸਾਡੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ। ਅੱਜ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਹਰ ਪਾਰਟੀ ਅਸਲ ਵਿੱਚ ਮਹੱਤਵਪੂਰਨ ਮੁੱਦਿਆਂ ਸਕੂਲ, ਹਸਪਤਾਲ, ਬਿਜਲੀ ਅਤੇ ਰੁਜ਼ਗਾਰ ਬਾਰੇ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਪੁਲਿਸ ਵਿੱਚ 1,706 ਨਵੇਂ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਦੇ ਨਾਲ-ਨਾਲ 48,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਪੱਖਪਾਤ ਦੇ ਦਿੱਤੀਆਂ ਹਨ।

ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ ਅਤੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਹੀ ਭਰੋਸੇਯੋਗਤਾ ਦਾ ਸੱਚਾ “ਸਰਟੀਫਿਕੇਟ” ਕਰਾਰ ਦਿੱਤਾ। ਉਨ੍ਹਾਂ ਝੂਠੇ ਅਤੇ ਖੋਖਲੇ ਦਾਅਵੇ ਕਰਨ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚ ਕੋਈ ਹਕੀਕਤ ਨਹੀਂ ਹੈ। ਮਾਨ ਨੇ ਕਿਹਾ ਕਿ ਅਸਲ ਸਰਟੀਫਿਕੇਟ ਲੋਕਾਂ ਨੇ ਆਪਣੀ ਵੋਟ ਰਾਹੀਂ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਝੂਠਾ ਸਮਰਥਨ ਜਾਂ ਗੁੰਮਰਾਹਕੁੰਨ ਬਿਰਤਾਂਤ ਲੋਕਾਂ ਦੇ ਸਮਰਥਨ ਦੀ ਸ਼ਕਤੀ ਨਾਲ ਤੁਲਨਾ ਨਹੀਂ ਕਰ ਸਕਦਾ। ਸਾਡਾ ਸਰਟੀਫਿਕੇਟ ਤੁਹਾਡਾ ਪਿਆਰ ਅਤੇ ਸਮਰਥਨ ਹੈ ਅਤੇ ਇਹ ਸਭ ਮਹੱਤਵਪੂਰਨ ਹੈ। ਮਾਨ ਨੇ ਅੰਤ ਵਿੱਚ ਕਿਹਾ ਕਿ ਇਹ ਚੋਣਾਂ ਲੋਕਾਂ ਲਈ ਪੁਰਾਣੀ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਫੈਸਲਾਕੁੰਨ ਤੌਰ ‘ਤੇ ਰੱਦ ਕਰਨ ਅਤੇ ‘ਆਪ’ ਸਰਕਾਰ ਦੁਆਰਾ ਪ੍ਰਦਾਨ ਕੀਤੀ ਅਸਲ ਤਰੱਕੀ ਨੂੰ ਗਲੇ ਲਗਾਉਣ ਦਾ ਮੌਕਾ ਹੈ।

ਅਸੀਂ ਜੋ ਕਿਹਾ, ਕਰਕੇ ਵਿਖਾਇਆ ਅਤੇ ਅਸੀਂ ਕਰਦੇ ਰਹਾਂਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਗਿੱਦੜਬਾਹਾ ਇਸ ਤਬਦੀਲੀ ਦਾ ਹਿੱਸਾ ਬਣੇ ਤਾਂ ਤੁਹਾਨੂੰ ਡਿੰਪੀ ਢਿੱਲੋਂ ਦਾ ਸਮਰਥਨ ਕਰਨਾ ਚਾਹੀਦਾ ਹੈ। ਇਹ ਚੋਣ ਗਿੱਦੜਬਾਹਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿ ਇਹ ਵੀ ਧਿਆਨ ਕੇਂਦਰਿਤ ਅਤੇ ਤਰੱਕੀ ਦਾ ਹੱਕਦਾਰ ਹੈ।

ਢਾਈ ਸਾਲਾਂ ‘ਚ ‘ਆਪ’ ਸਰਕਾਰ ਗਿੱਦੜਬਾਹਾ ਵਿੱਚ 28 ਸਾਲਾਂ ਨਾਲੋਂ ਜ਼ਿਆਦਾ ਕੰਮ ਕਰੇਗੀ- ਡਿੰਪੀ ਢਿੱਲੋਂ

ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਗਿੱਦੜਬਾਹਾ ਦੇ ਲੋਕਾਂ ਲਈ ਅਣਥੱਕ ਮਿਹਨਤ ਕਰਨ ਦਾ ਅਹਿਦ ਲਿਆ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਲੀਡਰਸ਼ਿਪ ਪਿਛਲੇ 28 ਸਾਲਾਂ ਦੀ ਤੁਲਨਾ ਵਿੱਚ ਢਾਈ ਸਾਲਾਂ ਵਿੱਚ ਜ਼ਿਆਦਾ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਗਲੇ ਢਾਈ ਸਾਲਾਂ ਵਿੱਚ ਗਿੱਦੜਬਾਹਾ ਲਈ ਜਿੰਨਾ ਕੰਮ ਕਿਸੇ ਹੋਰ (ਬਾਦਲ ਅਤੇ ਵੜਿੰਗ) ਨੇ ਪਿਛਲੇ 28 ਸਾਲਾਂ ਵਿੱਚ ਕੀਤਾ ਹੈ, ਉਸ ਤੋਂ ਵੱਧ ਕੰਮ ਮੈਂ ਕਰਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਗਿੱਦੜਬਾਹਾ ਵਿੱਚ ਅਸਲ ਤਬਦੀਲੀ ਲਿਆਵਾਂਗੇ। ਢਿੱਲੋਂ ਨੇ ਇਲਾਕੇ ਦੇ ਵਿਕਾਸ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ