ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 8, 2024:
ਪਿਛਲੇ ਸਾਲ ਇਕ ਮਾਮਲੇ ਦੀ ਜਾਂਚ ਸਬੰਧੀ ਅਮਰੀਕਾ ਦੇ ਕੰਸਾਸ ਰਾਜ ਦੇ ਇਕ ਛੋਟੇ ਅਖਬਾਰ ‘ਤੇ ਛਾਪਾ ਮਾਰਨ ਦੇ ਮਾਮਲੇ ਵਿਚ ਰਾਜ ਦੇ ਪੁਲਿਸ ਮੁੱਖੀ ਨੂੰ ਨਿਆਇਕ ਪ੍ਰਕ੍ਰਿਆ ਵਿਚ ਦਖਲ ਅੰਦਾਜੀ ਕਰਨ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਐਲਾਨ ਵਿਸ਼ੇਸ਼ ਸਰਕਾਰੀ ਅਧਿਕਾਰੀਆਂ ਨੇ ਕੀਤਾ ਹੈ। ਸੈਜਵਿਕ ਕਾਊਂਟੀ ਡਿਸਟ੍ਰਿਕਟ ਅਟਾਰਨੀ ਮਾਰਕ ਬੈਨੇਟ ਤੇ ਰਿਲੀ ਕਾਊਂਟੀ ਅਟਾਰਨੀ ਬੈਰੀ ਵਿਲਕਰਸਨ ਦੀ 124 ਸਫਿਆਂ ‘ਤੇ ਅਧਾਰਤ ਰਿਪੋਰਟ ਅਨੁਸਾਰ ਪੁਲਿਸ ਮੁੱਖੀ ਗਿਡਨ ਕੋਡੀ ਵਿਰੁੱਧ ਮੈਰੀਅਨ ਕਾਊਂਟੀ ਡਿਸਟ੍ਰਿਕਟ ਕੋਰਟ ਵਿਚ ਦੋਸ਼ ਆਇਦ ਹੋਣਗੇ।
ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਤਗਾਸਾ ਪੱਖ ਅਨੁਸਾਰ ਸੰਭਾਵੀ ਤੌਰ ‘ਤੇ ਕੋਡੀ ਨੇ ਜਾਣੇ ਅਣਜਾਣੇ ਵਿਚ ਨਿਆਂ ਵਿਚ ਰੁਕਾਵਟ ਪਾ ਕੇ ਅਪਰਾਧ ਕੀਤਾ ਹੈ।
ਇਸਤਗਾਸਾ ਪੱਖ ਨੇ ਲਾਏ ਜਾਣੇ ਵਾਲੇ ਦੋਸ਼ਾਂ ਬਾਰੇ ਸਪੱਸ਼ਟ ਤੌਰ ‘ਤੇ ਕੁੁਝ ਨਹੀਂ ਕਿਹਾ ਪਰੰਤੂ ਏਨਾ ਜਰੂਰ ਕਿਹਾ ਹੈ ਕਿ ਇਹ ਦੋਸ਼ ਛਾਪੇ ਤੋਂ ਬਾਅਦ ਸਥਾਨਕ ਰੈਸਟੋਰੈਂਟ ਮਾਲਕ ਕਾਰੀ ਨਿਵੈਲ ਤੇ ਕੋਡੀ ਵਿਚਾਲੇ ਹੋਏ ਲਿਖਤੀ ਸ਼ਬਦੀ ਵਟਾਂਦਰੇ ਨਾਲ ਸਬੰਧਿਤ ਹੈ।
ਇਥੇ ਜਿਕਰਯੋਗ ਹੈ ਕਿ ਛਾਪੇ ਤੋਂ ਬਾਅਦ ਕੋਡੀ ਨੇ ਮੈਰੀਅਨ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਸੀ।
ਰਿਪੋਰਟ ਵਿਚ ਵਿਸਥਾਰ ਨਾਲ ਦਸਿਆ ਗਿਆ ਹੈ ਕਿ ਮੈਰੀਅਨ ਕਾਊਂਟੀ ਰਿਕਾਰਡ ਦਾ ਦਫਤਰ ਜੋ ਪ੍ਰਕਾਸ਼ਕ ਏਰਿਕ ਮੇਯਰ ਤੇ ਸਥਾਨਕ ਔਰਤ ਕੌਂਸਲ ਮੈਂਬਰ ਦਾ ਘਰ ਹੈ, ਵਿਖੇ ਅਗਸਤ 2023 ਵਿਚ ਮਾਰੇ ਛਾਪੇ ਤੋਂ ਪਹਿਲਾਂ ਤੇ ਛਾਪੇ ਦੌਰਾਨ ਕੀ ਕੁਝ ਹੋਇਆ।
ਛਾਪੇ ਸਮੇ ਮੈਰੀਅਨ ਕਾਊਂਟੀ ਸ਼ੈਰਿਫ ਦਫਤਰ ਨੇ ਕਿਹਾ ਸੀ ਕਿ ਇਹ ਛਾਪਾ ” ਪਛਾਣ ਚੋਰੀ” ਤੇ ਕੰਪਿਊਟਰਾਂ ਨਾਲ ਸਬੰਧਿਤ ਗੈਰ ਕਾਨੂੰਨੀ ਸਰਗਰਮੀਆਂ ਦੀ ਜਾਂਚ ਸਬੰਧੀ ਮਾਰਿਆ ਗਿਆ ਹੈ ਜੋ ਜਾਂਚ ਇਸ ਵਿਸ਼ਵਾਸ਼ ‘ਤੇ ਅਧਾਰਤ ਹੈ ਕਿ ਰਿਪੋਰਟਰ ਨੇ ਨਿਵੈਲ ਬਾਰੇ ਅਖਬਾਰ ਵਿਚ ਰਿਪੋਰਟ ਛਾਪਣ ਤੋਂ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਉਸ ਦਾ ਡਰਾਈਵਿੰਗ ਰਿਕਾਰਡ ਲੈ ਲਿਆ ਸੀ।
ਇਸ ਛਾਪੇ ਦੀ ਵੱਡੀ ਪੱਧਰ ‘ਤੇ ਹੋਈ ਅਲੋਚਨਾ ਤੋਂ ਬਾਅਦ ਇਕ ਹਫਤੇ ਬਾਅਦ ਹੀ ਮੈਰੀਅਨ ਕਾਊਂਟੀ ਵਕੀਲ ਜੋਏਲ ਐਨਸੇ ਨੇ ਤਲਾਸ਼ੀ ਵਾਰੰਟ ਵਾਪਿਸ ਲੈ ਲਏ ਸਨ ਤੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਛਾਪੇ ਦੌਰਾਨ ਜ਼ਬਤ ਕੀਤਾ ਸਮਾਨ ਵਾਪਿਸ ਕਰ ਦਿੱਤਾ ਜਾਵੇ।