ਯੈੱਸ ਪੰਜਾਬ
ਮੋਹਾਲੀ, 25 ਅਗਸਤ, 2022:
ਪੰਜਾਬ ਵਿਜੀਲੈਂਸ ਬਿਓਰੋ ਦੀ ਇਕ ਟੀਮ ਵੀਰਵਾਰ ਸਵੇਰੇ ਪੰਜਾਬ ਪੁਲਿਸ ਦੇ ਏ.ਆਈ.ਜੀ. ਸ੍ਰੀ ਅਸ਼ੀਸ਼ ਕਪੂਰ ਦੇ ਮੋਹਾਲੀ ਸਥਿਤ ਘਰ ਪੁੱਜੀ ਹੈ। ਇਹ ਮਾਮਲਾ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਏ ਜਾਣ ਨਾਲ ਜੁੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਸ੍ਰੀ ਅਸ਼ੀਸ਼ ਕਪੂਰ ਦੇ ਖਿਲਾਫ਼ ਇਕ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ ਅਤੇ ਅੱਜ ਉਨ੍ਹਾਂ ਦੀ ਸੈਕਟਰ 88 ਸਥਿਤ ਦੋ ਮੰਜਲੀ ਕੋਠੀ 2010 ’ਤੇ ਪੁੱਜੀ ਟੈਕਨੀਕਲ ਟੀਮ ਵੱਲੋਂ ਕੋਠੀ ਦੀ ਪੈਮਾਇਸ਼ ਕਰਨ ਅਤੇ ਇਸ ਵਿੱਚ ਲੱਗੇ ਸਾਜ਼ੋ-ਸਾਮਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਦੀ ਇਸ ਕਾਰਵਾਈ ਦੌਰਾਨ ਸ੍ਰੀ ਅਸ਼ੀਸ਼ ਕਪੂਰ ਆਪਣੇ ਘਰ ਵਿੱਚ ਹੀ ਮੌਜੂਦ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪਾਕ-ਸਾਫ਼ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਹ ਵਿਜੀਲੈਂਸ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ।
ਵਿਜੀਲੈਂਸ ਦੀ ਟੀਮ ਨੇ ਵੀ ਇਸ ਨੂੰ ਟੈਕਨੀਕਲ ਟੀਮ ਦੀ ਜਾਂਚ ਦਾ ਹਿੱਸਾ ਹੀ ਦੱਸਿਆ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਸ੍ਰੀ ਅਸ਼ੀਸ਼ ਕਪੂਰ ਖ਼ੁਦ ਵਿਜੀਲੈਂਸ ਬਿਓਰੋ ਵਿੱਚ ਐਸ.ਪੀ.ਰਹੇ ਹਨ ਅਤੇ ਉਨ੍ਹਾਂ ਦੇ ਵਿਜੀਲੈਂਸ ਵਿੱਚ ਰਹਿੰਦਿਆਂ ਵੀ ਉਹ ਵਿਵਾਦਾਂ ਵਿੱਚ ਰਹੇ ਸਨ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਬਿਓਰੋ ਵਿੱਚ ਰਹਿੰਦਿਆਂ ਹੀ ਉਨ੍ਹਾਂ ’ਤੇ ਹਰਿਆਣਾ ਦੀ ਇਕ ਔਰਤ ਵੱਲੋਂ ਗੰਭੀਰ ਦੋਸ਼ ਲਗਾਏ ਗਏ ਸਨ।
ਅਸ਼ੀਸ਼ ਕਪੂਰ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਦੇ ਏ.ਡੀ.ਸੀ. ਵੀ ਰਹੇ ਹਨ।