27.1 C
Delhi
Friday, April 26, 2024
spot_img
spot_img

ਵਿਧਾਨ ਸਭਾ ਸੈਸ਼ਨ ’ਤੇ ਲੱਗਾ ਪ੍ਰਸ਼ਨ ਚਿੰਨ੍ਹ – ਹੁਣ ਤਕ 9 ਵਿਧਾਇਕ ਕੋਰੋਨਾ ਪਾਜ਼ਿਟਿਵ

ਯੈੱਸ ਪੰਜਾਬ
ਚੰਡੀਗੜ੍ਹ, 26 ਅਗਸਤ, 2020:
ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਲੈ ਕੇ ਕੀਤੇ ਜਾ ਰਹੇ ਕੋਰੋਨਾ ਟੈਸਟਾਂ ਦੇ ਚੱਲਦਿਆਂ ਬੁੱਧਵਾਰ ਸਵੇਰ ਚੜ੍ਹਦਿਆਂ ਤਕ ਹੀ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ 9 ਵਿਧਾਇਕਾਂ ਦੇ ਕੋਰੋਨਾ ਪਾਜ਼ਿਟਿਵ ਆ ਜਾਣ ਦੀ ਖ਼ਬਰ ਹੈ ਜਦਕਿ ਅਜੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਦੇ ਕੋਰੋਨਾ ਟੈਸਟ ਕੀਤੇ ਜਾਣੇ ਹਨ ਜਾਂ ਫ਼ਿਰ ਰਿਪੋਰਟ ਆਉਣੀ ਬਾਕੀ ਹੈ। ਪਾਜ਼ਿਟਿਵ ਆਏ ਵਿਧਾਇਕਾਂ ਵਿੱਚ ਇਕ ਮੰਤਰੀ ਵੀ ਸ਼ਾਮਲ ਹੈ।

ਸਰਕਾਰ ਵੱਲੋਂ ਇਕ ਦਿਨ ਦਾ ਵਿਧਾਨ ਸਭਾ ਸੈਸ਼ਨ ਸੱਦੇ ਜਾਣ ਦੇ ਚੱਲਦਿਆਂ ਵਿਰੋਧੀ ਪਾਰਟੀਆਂ ਅਤੇ ਸਰਕਾਰ ਵਿਚਾਲੇ ਚੱਲ ਰਹੀ ਕਸ਼ਮਕਸ਼ ਤਾਂ ਹੁਣ ਕਿਤੇ ਪਿੱਛੇ ਰਹਿ ਗਈ ਜਾਪਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਵਿਧਾਇਕਾਂ ਦੇ ਪਾਜ਼ਿਟਿਵ ਆ ਜਾਣ ਕਾਰਨ ਹੁਣ ਵਿਧਾਨ ਸਭਾ ਸੈਸ਼ਨ ਦੇ ਹੋ ਸਕਣ ’ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਤੋਂ ਹੀ ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ, ਰਾਜਪੁਰਾ ਦੇ ਕਾਂਗਰਸ ਵਿਧਾਇਕ ਸ: ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਕਾਂਗਰਸ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੋਂ ਇਲਾਵਾ ਅਕਾਲੀ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ, ਸ: ਹਰਿੰਦਰ ਪਾਲ ਸਿੰਘ ਚੰਦੂਮਾਜਰਾ ਅਤੇ ‘ਆਪ’ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਸ: ਮਨਜੀਤ ਸਿੰਘ ਬਿਲਾਸਪੁਰ ਕੋਰੋਨਾ ਪਾਜ਼ਿਟਿਵ ਆਏ ਸਨ।

ਬੁੱਧਵਾਰ ਚੜ੍ਹਦੇ ਦੀ ਖ਼ਬਰ ਹੈ ਇਹ ਹੈ ਕਿ ਜਲੰਧਰ ਛਾਉਣੀ ਤੋਂ ਕਾਂਗਰਸ ਵਿਧਾਇਕ ਸ: ਪਰਗਟ ਸਿੰਘ ਅਤੇ ‘ਆਪ’ ਦੇ ਮਹਿਲ ਕਲਾਂ ਤੋਂ ਵਿਧਾਇਕ ਸ: ਕੁਲਵੰਤ ਸਿੰਘ ਪੰਡੋਰੀ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਅਤੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ, ਕਾਂਗਰਸ ਵਿਧਾਇਕ ਸ੍ਰੀ ਧਰਮਬੀਰ ਅਗਨੀਹੋਤਰੀ ਅਤੇ ਅਕਾਲੀ ਵਿਧਾਇਕ ਸ: ਮਨਪ੍ਰੀਤ ਸਿੰਘ ਇਆਲੀ ਆਦਿ ਵੀ ਪਾਜ਼ਿਟਿਵ ਆ ਚੁੱਕੇ ਹਨ।

ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਅਗਨੀਹੋਤਰੀ ਤਾਂ ਸਿਹਤਯਾਬ ਹੋ ਚੁੱਕੇ ਹਨ ਪਰ ਸ: ਕਾਂਗੜ, ਸ: ਰੰਧਾਵਾ ਅਤੇ ਸ: ਭੱਟੀ ਦੇ ਅਜੇ ਵੀ ਪ੍ਰੋਟੋਕਾਲ ਦੇ ਤਹਿਤ ਇਸ ਸੈਸ਼ਨ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਘੱਟ ਹੈ।

ਇਸ ਵਿਧਾਨ ਸਭਾ ਸੈਸ਼ਨ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਅਸਲ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕਾਂ ਦੀਆਂ ਇਸ ਸੈਸ਼ਨ ਦੇ ਸੰਬੰਧ ਵਿੱਚ ਹੀ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਸਾਰੇ ਵਿਧਾਇਕਾਂ ਨੇ ਭਾਗ ਲਿਆ ਸੀ। ਅਕਾਲੀ ਦਲ ਦੇ ਵਿਧਾਇਕਾਂ ਨੇ ਤਾਂ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈਆਂ ਵਿਧਾਇਕਾਂ ਅਤੇ ਪਾਰਟੀ ਮੀਟਿੰਗਾਂ ਵਿੱਚ ਭਾਗ ਵੀ ਲਿਆ ਅਤੇ ਪ੍ਰਸ਼ਾਦਾ ਵੀ ਇਕੱਠੇ ਹੀ ਛਕਿਆ ਸੀ।

ਹੁਣ ਅਕਾਲੀ ਦਲ ਦੇ ਵਿਧਾਇਕਾਂ ਸ: ਵਡਾਲਾ ਅਤੇ ਸ: ਚੰਦੂਮਾਜਰਾ ਅਤੇ ‘ਆਪ’ ਦੇ ਵਿਧਾਇਕਾਂ ਸ: ਬਿਲਾਸਪੁਰ ਅਤੇ ਸ: ਪੰਡੋਰੀ ਦੇ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਕਾਰਨ ਸਵਾਲ ਇਹ ਬਣ ਗਿਆ ਹੈ ਕਿ ਕੀ ਸਾਰੇ ਵਿਧਾਇਕਾਂ ਨੂੰ ਹੀ ਆਪੋ ਆਪਣੇ ਤੌਰ ’ਤੇ ਆਪਣੇ ਆਪ ਨੂੰ ‘ਕੁਆਰੰਟੀਨ’ ਕਰਨਾ ਹੋਵੇਗਾ ਜਾਂ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਇਕੱਠੇ ਰਹੇ ਵਿਧਾਇਕਾਂ ਵਿੱਚੋਂ ਕਿਸੇ ਦੇ ਵੀ ਪਾਜ਼ਿਟਿਵ ਆਉਣ ਮਗਰੋਂ ਬਾਕੀਆਂ ਨੂੰ ਘੱਟੋ ਘੱਟ 4 ਦਿਨ ਅਤੇ ਵੱਧ ਤੋਂ ਵੱਧ 12 ਦਿਨ ਆਪਣੇ ਆਪ ਨੂੰ ‘ਕੁਆਰੰਟੀਨ’ ਕਰਕੇ ਮੁੜ ਟੈਸਟ ਕਰਾਉਣਾ ਚਾਹੀਦਾ ਹੈ।

ਇਸ ਬਾਰੇ ਹੁਣ ਅਕਾਲੀ ਦਲ ਅਤੇ ‘ਆਪ’ ਇਹ ਕਹਿ ਰਹੇ ਹਨ ਕਿ ਉਹ ਕੋਵਿਡ ਨਿਯਮਾਂ ਦੀ ਹਰ ਹਾਲ ਵਿੱਚ ਪਾਲਣਾ ਕਰਨਗੇ ਅਤੇ ਸਿਹਤ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

ਇਸ ਸੂਰਤ ਵਿੱਚ ਇਕ ਵਾਰ ਤਾਂ 28 ਅਗਸਤ ਨੂੰ ਹੋਣ ਵਾਲੇ ਇਕ ਰੋਜ਼ਾ ਵਿਧਾਨ ਸਭਾ ਸੈਸ਼ਨ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਹੁਣ ਵੇਖ਼ਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪਹਿਲਾਂ ਪਾਰਟੀਆਂ ਅਤੇ ਫ਼ਿਰ ਸਪੀਕਰ ਕੀ ਫ਼ੈਸਲਾ ਲੈਂਦੇ ਹਨ ਕਿਉਂਕਿ ਵਿਧਾਨ ਸਭਾ ਸੈਸ਼ਨ ਕਰਵਾਉਣਾ ਇਕ ਸੰਵਿਧਾਨਕ ਲੋੜ ਵੀ ਹੈ।

Yes Punjab Gall Punjab Di

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION