ਯੈੱਸ ਪੰਜਾਬ
ਨਵੀਂ ਦਿੱਲੀ, 12 ਸਤੰਬਰ, 2022:
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਪੰਜਾਬ ਸਣੇ ਕੁਝ ਸੂਬਿਆਂ ਵਿੱਚ ਸੋਮਵਾਰ ਸਵੇਰੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ।
ਸੂਤਰਾਂ ਅਨੁਸਾਰ ਐਨ.ਆਈ.ਏ. ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿੱਚ ਲਗਪਗ 50 ਤੋਂ ਵੱਧ ਟਿਕਾਣਿਆਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੀ ਲਗਪਗ ਦੋ ਦਰਜਨ ਥਾਂਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਮੋਹਾਲੀ ਵਿੱਚ ਪੰਜਾਬ ਇੰਟੈਲੀਜੈਂਸ ਦਫ਼ਤਰ ’ਤੇ ਹਮਲੇ ਜਿਹੇ ਕੁਝ ਅਹਿਮ ਕੇਸਾਂ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ।
ਖ਼ਬਰ ਲਿਖ਼ੇ ਜਾਣ ਤਾਈਂ ਪੰਜਾਬ ਵਿੱਚ ਅੰਮ੍ਰਿਤਸਰ, ਮੁਕਤਸਰ ਅਤੇ ਕੋਟਕਪੂਰਾ ਆਦਿ ਵਿੱਚ ਛਾਪੇਮਾਰੀ ਦੀਆਂ ਖ਼ਬਰਾਂ ਮਿਲੀਆਂ ਹਨ।
ਇਹ ਵੀ ਖ਼ਬਰ ਹੈ ਕਿ ਜਿਹੜੇ ਨਾਮੀ ਗੈਂਗਜ਼ ਇਸ ਵੇਲੇ ਐਨ.ਆਈ.ਏ. ਦੀ ਰਾਡਾਰ ’ਤੇ ਹਨ, ਉਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ, ਜੱਗੂ ਭਗਵਾਨਪੁਰੀਆ ਗੈਂਗ, ਦਵਿੰਦਰ ਬੰਬੀਹਾ ਗੈਂਗ, ਕਾਲਾ ਜਠੇੜੀ ਗਰੁੱਪ, ਕੌਸ਼ਲ ਗਰੁੱਪ ਸ਼ਾਮਲ ਹਨ।
ਹਾਲਾਂਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸਾਰੇ 6 ਸ਼ੂਟਰਾਂ ਵਿੱਚੋਂ ਚਾਰ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 2 ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ ਪਰ ਕੇਂਦਰੀ ਏਜੰਸੀਆਂ ਦਾ ਮੰਨਣਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗਜ਼ ਵੱਲੋਂ ਕੀਤੀ ਜਾ ਰਹੀ ਚੈਲੰਜਬਾਜ਼ੀ ਦੇ ਚੱਲਦਿਆਂ ਗੈਂਗਵਾਰ ਦਾ ਖ਼ਤਰਾ ਮੰਡਰਾ ਰਿਹਾ ਹੈ।
ਐਨ.ਆਈ.ਏ. ਦੀ ਅੱਜ ਦੀ ਕਾਰਵਾਈ ਗੈਂਗਵਾਰ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਹੀ ਵੇਖ਼ੀ ਜਾ ਰਹੀ ਹੈ।