39 C
Delhi
Monday, May 20, 2024
spot_img
spot_img

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਗ਼ੱਤਕਾ ਰੈਫ਼ਰੀ ਬਣਾਉਣ ਦੀ ਸ਼ੁਰੂਆਤ, ਲੜਕੀਆਂ ਨੂੰ ਗੱਤਕਾ ਖ਼ੇਡਣ ਲਈ ਪ੍ਰੇਰਿਤ ਕਰਨ ’ਤੇ ਦਿੱਤਾ ਜ਼ੋਰ

National Gatka Association starts elevating women payers as Referees

ਯੈੱਸ ਪੰਜਾਬ 
ਤਲਵੰਡੀ ਸਾਬੋ, 9 ਜਨਵਰੀ, 2023 –
ਗੱਤਕੇਬਾਜ ਲੜਕੀਆਂ ਨੂੰ ਸ਼ਸ਼ਕਤ ਬਣਾਉਣ, ਉਨ੍ਹਾਂ ਦੀ ਸਮਰੱਥਾ ਉਸਾਰੀ ਵਿੱਚ ਵਾਧਾ ਕਰਨ ਅਤੇ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਜਿੰਮੇਵਾਰੀ ਲਈ ਬਰਾਬਰੀ ਦੇ ਮੌਕੇ ਮੁਹੱਈਆ ਕਰਨ ਵਾਸਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਲਵੰਡੀ ਸਾਬੋ (ਬਠਿੰਡਾ) ਵਿਖੇ ਲਗਾਇਆ ਉੱਤਰੀ ਖੇਤਰ ਦਾ ਦੋ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ ਅੱਜ ਇੱਥੇ ਸਮਾਪਤ ਹੋ ਗਿਆ।

ਗੱਤਕਾ ਐਸੋਸੀਏਸ਼ਨ ਆਫ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸਮਾਪਤੀ ਮੌਕੇ ਮੌਕੇ ਮਾਤਾ ਸਾਹਿਬ ਕੌਰ ਕਾਲਜ (ਲੜਕੀਆਂ) ਤਲਵੰਡੀ ਸਾਬੋ ਦੀ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਉੱਪ-ਦਫ਼ਤਰ ਦੇ ਇੰਚਾਰਜ ਭੋਲਾ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।

ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਹੋਰ ਲੜਕੀਆਂ ਵੀ ਗੱਤਕਾ ਖੇਡਣ ਪ੍ਰਤੀ ਅਕਰਸ਼ਿਤ ਹੋਣਗੀਆਂ। ਉਹਨਾਂ ਕਿਹਾ ਕਿ ਗੱਤਕਾ ਅਤੇ ਸ਼ਸ਼ਤਰ ਵਿੱਦਿਆ ਸਿੱਖ ਵਿਰਾਸਤ ਦੀ ਪੁਰਾਤਨ ਕਲਾ ਹੈ।

ਸਿੱਖ ਧਰਮ ਵਿੱਚੋਂ ਵੱਖ ਵੱਖ ਉਦਾਹਰਣਾਂ ਦਿੰਦਿਆਂ ਗੁਰੂ ਸਾਹਿਬਾਨ ਵੱਲੋਂ ਬੀਬੀਆਂ ਨੂੰ ਬਰਾਬਰੀ ਦੇਣ ਦੇ ਸੰਦੇਸ਼ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਗੱਤਕਾ ਖਾਸ ਕਰਕੇ ਬੀਬੀਆਂ ਲਈ ਸਵੈ-ਰੱਖਿਆ ਦੀ ਬਿਹਤਰ ਖੇਡ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਸਤਰ-ਵਿੱਦਿਆ ਨੂੰ ਪ੍ਰਫੁੱਲਤ ਕੀਤੇ ਜਾਣ ਬਾਰੇ ਵੇਰਵੇ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਤਲਵੰਡੀ ਸਾਬੋ ਵਿਖੇ 20 ਜਨਵਰੀ ਅਤੇ 21 ਜਨਵਰੀ ਨੂੰ ਹੋ ਰਹੀ ਲੜਕੀਆਂ ਦੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਕੌਮੀ ਪੱਧਰ ਉਤੇ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਵਜੋਂ ਹੀ ਲੜਕੀਆਂ ਨੂੰ ਗੱਤਕੇ ਪ੍ਰਤੀ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਬਰਾਬਰੀ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਲੜਕੀਆਂ ਵੀ ਰੈਫ਼ਰੀ ਦੀ ਭੂਮਿਕਾ ਨਿਭਾਅ ਸਕਣ। ਇਸ ਕੈਂਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟੀ-ਸ਼ਰਟਾਂ ਅਤੇ ਸਰਟੀਫ਼ਿਕੇਟ ਵੀ ਦਿੱਤੇ ਗਏ।

ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਖੇਡ ਡਾਇਰੈਕਟੋਰੇਟ ਦੇ ਡਾਇਰੈਕਟਰ ਹਰਕਿਰਨਜੀਤ ਸਿੰਘ ਫਾਜਿਲਕਾ, ਰਮਨਜੀਤ ਸਿੰਘ ਸ਼ੰਟੀ, ਰਵਿੰਦਰ ਸਿੰਘ ਰਵੀ, ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਇੰਦਰਜੋਧ ਸਿੰਘ ਸੰਨੀ, ਚਰਨਜੀਤ ਕੌਰ ਮੁਹਾਲੀ, ਗੁਰਪ੍ਰੀਤ ਸਿੰਘ ਬਠਿੰਡਾ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਵੱਲੋਂ ਰਾਜਦੀਪ ਸਿੰਘ ਬਾਲੀ, ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਹਰਜੀਤ ਸਿੰਘ, ਜਸਕਰਨ ਸਿੰਘ, ਚੀਫ ਰੈਫਰੀ ਸੁਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਵੀ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION