ਯੈੱਸ ਪੰਜਾਬ
ਚੰਡੀਗੜ੍ਹ 19 ਮਾਰਚ 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਸਨਿਚਰਵਾਰ ਤੋਂ ਚਲਾਏ ਅਪ੍ਰੇਸ਼ਨ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਫ਼ਰਾਰ ਦੱਸੇ ਜਾ ਰਹੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਤੇ ‘ਸਸਪੈਂਸ’ ਲੰਬਾ ਹੁੰਦਾ ਜਾ ਰਿਹਾ ਹੈ।
ਇਸ ਅਪ੍ਰੇਸ਼ਨ ਦੇ ਸੰਬੰਧ ਵਿੱਚ ਹੁਣ ਤਕ ਬਣੀ ਸਥਿਤੀ ਨੂੰ ਵੇਖ਼ਦਿਆਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਨਿਚਰਵਾਰ ਨੂੰ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸੇਵਾਵਾਂ ਬੰਦ ਕਰਨ ਸੰਬੰਧੀ ਜਾਰੀ ਹੁਕਮ ਅੱਗੇ ਵਧਾਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਜਾਰੀ ਕੀਤੇ ਹੁਕਮਾਂ ਅਨੁਸਾਰ ਇਹ ਸੇਵਾਵਾਂ ਪੰਜਾਬ ਭਰ ਵਿੱਚ ਐਤਵਾਰ ਦੁਪਹਿਰ 12 ਵਜੇ ਤਕ ਬੰਦ ਕੀਤੀਆਂ ਗਈਆਂ ਸਨ ਪਰ ਕਿਉਂਜੋ ਅਜੇ ਤਾਂਈਂ ਪੁਲਿਸ ਦਾ ਇਹ ਅਪ੍ਰੇਸ਼ਨ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਇਹ ਪਾਬੰਦੀ ਵਧਾਏ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਸੰਬੰਧੀ ਕੋਈ ਰਸਮੀ ਹੁਕਮ ਅੱਜ ਦੁਪਹਿਰ ਤਕ ਹੀ ਜਾਰੀ ਹੋ ਜਾਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ।