27.1 C
Delhi
Saturday, April 27, 2024
spot_img
spot_img

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰਾਵੀ’ ਸ਼ਾਹਮੁਖੀ ਅੱਖਰਾਂ ਚ ਰਾਏ ਅਜ਼ੀਜ਼ਉਲਾ ਖਾਨ ਵੱਲੋਂ ਲਾਹੌਰ ਵਿਖੇ ਲੋਕ ਅਰਪਨ

ਲੁਧਿਆਣਾ, 22 ਫਰਵਰੀ, 2020 –

ਲਾਹੌਰ ਵਿਖੇ ਹਾਲ ਹੀ ਵਿੱਚ ਸੰਪੂਰਨ ਹੋਈ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਵਿਦਾਇਗੀ ਸ਼ਾਮ ਨੂੰ ਪਾਕ ਹੈਰੀਟੇਜ ਹੋਟਲ ਵਿਖੇ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਰਾਵੀ ਸਾਂਝ ਪ੍ਰਕਾਸ਼ਨ ਲਾਹੌਰ (ਪਾਕਿਸਤਾਨ)ਵੱਲੋਂ ਸ਼ਾਹਮੁਖੀ ਅੱਖਰਾਂ ਚ ਪ੍ਰਕਾਸ਼ਿਤ ਕਰਕੇ ਪਾਕਿਸਤਾਨ ਕੌਮੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਤੇ ਸਮੂਹ ਪੰਜਾਬੀਆਂ ਦੀ ਸਤਿਕਾਰਤ ਹਸਤੀ ਰਾਏ ਅਜ਼ੀਜ਼ਉਲਾ ਖਾਨ ਸਾਹਿਬ ਹੱਥੋਂ ਲੋਕ ਅਰਪਨ ਕੀਤਾ ਗਿਆ।

ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਚ ਸ਼ਾਮਿਲ ਪ੍ਰੋ: ਜ਼ਾਹਿਦ ਹਸਨ, ਡਾ: ਸੁਗਰਾ ਸੱਦਫ਼, ਬਾਬਾ ਨਜਮੀ, ਅਫ਼ਜ਼ਲ ਸਾਹਿਰ, ਡਾ: ਦੀਪਕ ਮਨਮੋਹਨ ਸਿੰਘ, ਡਾ: ਸੁਖਦੇਵ ਸਿੰਘ ਸਿਰਸਾ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਡਾ: ਸੁਲਤਾਨਾ ਬੇਗਮ, ਸ: ਗਿਆਨ ਸਿੰਘ ਕੰਗ ਪ੍ਰਧਾਨ ,ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ, ਕਮਰ ਮਹਿਦੀ ਤੇ ਅਮਜਦ ਸਲੀਮ ਮਿਨਹਾਸ ਨੇ ਪੁਸਤਕ ਦੀ ਮੂੰਹ ਵਿਖਾਲੀ ਕਰਵਾਈ।

ਸਾਡਾ ਟੀ ਵੀ ਦੇ ਪੇਸ਼ਕਾਰ ਯੂਸਫ਼ ਪੰਜਾਬੀ ਨੇ ਗੁਰਭਜਨ ਗਿੱਲ ਦੀ ਸੰਖੇਪ ਜਾਣ ਪਛਾਣ ਕਰਾਈ। ਮੰਚ ਸੰਚਾਲਨ ਪ੍ਰਮੁੱਖ ਪੰਜਾਬੀ ਕਵੀ ਅਫ਼ਜ਼ਲ ਸਾਹਿਰ ਨੇ ਕਰਦਿਆਂ ਗੁਰਭਜਨ ਗਿੱਲ ਨਾਲ ਵੀਹ ਸਾਲ ਪੁਰਾਣੀ ਸੱਜਣਤਾਈ ਦੇ ਹਵਾਲੇ ਨਾਲ ਗੱਲ ਅੱਗੇ ਤੋਰੀ।

ਮੁੱਖ ਮਹਿਮਾਨ ਰਾਏ ਅਜੀਜ ਉਲਾ ਖਾਨ ਸਾਹਿਬ ਨੇ ਕਿਹਾ ਕਿ ਗੁਰਭਜਨ ਮੇਰਾ ਨਿੱਕਾ ਭਰਾ ਹੈ ਅਤੇ ਉਸ ਦੇ ਸਾਰੇ ਪਰਿਵਾਰ ਨਾਲ ਸਾਂਝ ਦਾ ਆਧਾਰ ਅਮਨ, ਮੁਹੱਬਤ ਤੇ ਭਾਈਚਾਰਕ ਸ਼ਕਤੀ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਰੇ ਪੁਰਖਿਆਂ ਦੀ ਸਾਂਝ ਕਾਰਨ ਹੀ ਰਾਏਕੋਟ ਛੱਡਣ ਦੇ ਬਾਵਜੂਦ ਮੇਰੀ ਨੌਵੀਂ ਪੀੜ੍ਹੀ ਨੂੰ ਵੀ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਮੁਖੀ ਵਿੱਚ ਵੀ ਗੁਰਭਜਨ ਗਿੱਲ ਦੀਆਂ ਲਿਖਤਾਂ ਪੜ੍ਹੀਆਂ ਹਨ, ਇਨ੍ਹਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਵਰਗਾ ਅਹਿਸਾਸ ਹੈ।

ਕਿਤਾਬ ਦਾ ਮੁੱਖਬੰਦ ਲਿਖਣ ਵਾਲੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਦੇ ਵਿਦਵਾਨ ਪ੍ਰੋਫੈਸਰ ਜ਼ਾਹਿਦ ਹਸਨ ਨੇ ਬੋਲਦਿਆਂ ਕਿਹਾ ਕਿ ਰਾਵੀ ਸਾਡੇ ਭਾਣੇ ਇੱਕ ਦਰਿਆ ਹੀ ਨਹੀਂ, ਸਾਡਾ ਵਸੇਬ ਤੇ ਸਾਡਾ ਮੂੰਹ ਮੁਹਾਂਦਰਾ ਹੈ ਜੋ ਇਸ ਧਰਤੀ, ਇਸ ਖਿੱਤੇ ਦੀ ਲੋਕਾਈ ਦੀ ਜੂਨ ਬਦਲਦਾ ਰਿਹਾ ਹੈ। ਗੁਰਭਜਨ ਗਿੱਲ ਜੀ ਨੇ ਰਾਵੀ ਕੰਢੇ ਦੀ ਜ਼ਿੰਦਗੀ ਬਾਰੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਬਾਬਾ ਸ਼ੇਖ ਫ਼ਰੀਦ ਜੀ ਦੇ ਮਨ ਤੇ ਮੁਖ ਤੋਂ ਅੰਦਰ ਤੀਕ ਝਾਤੀ ਮਾਰਦਿਆਂ ਸ਼ਿਅਰੀ ਮੋਤੀ ਢੂੰਡ ਕੇ ਮਾਲਾ ਪਰੋਈ ਹੈ।

ਇੰਸਟੀਚਿਉਟ ਆਫ ਆਰਟ ਐੰਡ ਕਲਚਰ ਦੇ ਖੋਜੀ ਵਿਦਵਾਨ ਇਕਬਾਲ ਕੈਸਰ ਨੇ ਰਾਵੀ ਬਾਰੇ ਬੋਲਦਿਆਂ ਕਿਹਾ ਕਿ ਇਹ ਗ਼ਜ਼ਲ ਕਿਤਾਬ ਸਾਡਾ ਸਾਂਝਾ ਦਰਦ ਨਾਮਾ ਹੈ , ਜੋ ਸ਼ਬਦਾਂ ਤੋਂ ਪਾਰ ਵੀ ਸਮਝਣਾ ਪਵੇਗਾ। ਰਾਵੀ ਕੰਢੇ ਗੁਰੂ ਨਾਨਕ ਦਾ ਕਰਤਾਰਪੁਰ ਸਾਹਿਬ ਵਿਖੇ ਪੱਕਾ ਡੇਰਾ ਹੈ ਅਤੇ ਉਹ ਸਾਡੀਆਂ ਮਨੁੱਖ ਵਿਰੋਧੀ ਹਰਕਤਾਂ ਨੂੰ ਨਾਲੋ ਨਾਲ ਵੇਖ ਰਹੇ ਹਨ। ਇਹ ਕਿਤਾਬ ਧਰਤੀ ਪੁੱਤਰਾਂ ਲਈ ਸਬਕ ਜਹੀ ਹੈ ਕਿ ਕਿਵੇਂ ਅਲੱਗ ਰਹਿ ਕੇ ਵੀ ਇੱਕ ਦੂਦੇ ਲਈ ਸ਼ੁਭਚਿੰਤਨ ਕਰਨਾ ਹੈ।

ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ ਚ ਪੁਰਖਿਆਂ ਦੀ ਜ਼ਮੀਨ ਲਈ ਵਿਯੋਗਿਆ ਮਨੁਖ ਲਗਾਤਾਰ ਦੋਰਾਂ ਪੰਜਾਬਾਂ ਦੀ ਖ਼ੈਰ ਮੰਗਦਾ ਤੇ ਸਿਰਜਣ ਸ਼ੀਲ ਰਹਿੰਦਾ ਹੈ।

ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਦੀ ਸਾਬਕਾ ਡਾਇਰੈਕਟਰ ਜਨਰਲ ਡਾ: ਸੁਗਰਾ ਸੱਦਫ਼ ਨੇ ਕਿਹਾ ਕਿ ਰਾਵੀ ਸਿਰਫ਼ ਗ਼ਜ਼ਲ ਪਰਾਗਾ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ, ਜਿਸ ਤੋਂ ਸਾਨੂੰ ਸਭ ਦੇ ਭਲੇ ਦਾ ਸੁਨੇਹਾ ਮਿਲਦਾ ਹੈ।

ਪ੍ਰਸਿੱਧ ਵਿਦਵਾਨ ਡਾ: ਗੁਲਾਮ ਹੁਸੈਨ ਸਾਜਿਦ ਸਾਹਿਬ ਨੇ ਕਿਤਾਬ ਬਾਰੇ ਲੰਮਾ ਪਰਚਾ ਪੜ੍ਹਿਆ ਤੇ ਕਿਹਾ ਕਿ ਲੋਕ ਜ਼ਬਾਨ ਚ ਲਿਖੀ ਇਹ ਸ਼ਾਇਰੀ ਸਾਨੂੰ ਧਰਤੀ ਨਾਲ ਜੋੜਦੀ ਹੈ।

ਡਾ: ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਤਾਂ ਅੱਜ ਹੀ ਆਪਣੇ ਸਾਥੀਆਂ ਪੰਮੀ ਬਾਈ, ਡਾ: ਰਤਨ ਸਿੰਘ ਢਿੱਲੋਂ ਤੇ ਖਾਲਿਦ ਹੁਸੈਨ ਸਮੇਤ ਰਾਵੀ ਕੰਢੇ ਜਾ ਕੇ ਕਰਤਾਰਪੁਰ ਸਾਹਿਬ ਵਿਖੇ ਗੁਰਭਜਨ ਗਿੱਲ ਦੀ ਕਿਤਾਬ ਬਾਬਾ ਨਾਨਕ ਦੀ ਸੰਗਤ ਨੂੰ ਭੇਂਟ ਕਰਕੇ ਆਇਆ ਹਾਂ।

ਸਾਂਝ ਪ੍ਰਕਾਸ਼ਨ ਦੇ ਅਮਜਦ ਸਲੀਮ ਮਿਨਹਾਸ ਨੇ ਕਿਹਾ ਕਿ ਇਹ ਸ਼ਾਇਰੀ ਸਾਨੂੰ ਦੱਸਦੀ ਹੈ ਕਿ ਅਮਨ ਚੈਨ ਨੇ ਹੀ ਵਿਕਾਸ ਦਾ ਰਾਹ ਖੋਲ੍ਹਣਾ ਹੈ ਅਤੇ ਜੰਗ ਨੇ ਸਾਂਝੀ ਪੰਜਾਬੀ ਰਹਿਤਲ ਦਾ ਘਾਣ ਕਰਨਾ ਹੈ। ਸੁਚੇਤ ਕਰਨ ਵਾਲੀ ਇਹ ਸ਼ਾਇਰੀ ਭਾਰਤ ਪਾਕਿਸਤਾਨ ਦੇ ਅਵਾਮ ਲਈ ਬੇਹੱਦ ਅਰਥਵਾਨ ਹੈ।

ਪਰੈੱਸ ਕਲੱਬ ਲਾਹੌਰ ਦੇ ਪ੍ਰਤੀਨਿਧ ਤੇ ਪ੍ਰਸਿੱਧ ਸ਼ਾਇਰ ਸਰਫ਼ਰਾਜ਼ ਸ਼ਫ਼ੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਪੰਜਾਬ ਤੋਂ ਗਏ ਪ੍ਰਮੁੱਖ ਲੇਖਕ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ: ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ: ਜਸਵਿੰਦਰ ਕੌਰ ਮਾਂਗਟ, ਡਾ: ਨਰਵਿੰਦਰ ਸਿੰਘ ਕੌਸ਼ਲ,ਡਾ: ਸੁਨੀਤਾ ਧੀਰ, ਸੁਸ਼ੀਲ ਦੋਸਾਂਝ ਸਮੇਤ ਪਾਕਿਸਤਾਨ ਦੇ ਵੀ ਕੁਝ ਲੇਖਕ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION