29.1 C
Delhi
Saturday, April 27, 2024
spot_img
spot_img

ਨਜ਼ਮ ਦੀ ਗੱਲ ਕਰਦਾ ਹੈ-ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ : ਉਜਾਗਰ ਸਿੰਘ

ਜੀਵ ਜੰਤੂਆਂ, ਕੀਟਾਣੂਆਂ ਅਤੇ ਕੀਟਨਾਸ਼ਕਾਂ ਦੇ ਖੋਜੀ ਵਿਗਿਆਨੀ ਵਿਚ ਸੁਹਜਾਤਮਿਕ ਪ੍ਰਵਿਰਤੀ ਅਤੇ ਸੂਖ਼ਮ ਕਲਾਵਾਂ ਦਾ ਸੁਮੇਲ ਹੋਣਾ ਵਿਲੱਖਣ ਜੇਹੀ ਗੱਲ ਲੱਗਦੀ ਹੈ। ਇਨ੍ਹਾਂ ਦੋਹਾਂ ਵਿਧਾਵਾਂ ਦਾ ਆਪਸ ਵਿਚ ਸੁਮੇਲ ਨਹੀਂ ਹੈ। ਜੀਵ ਵਿਗਿਆਨ ਤੇ ਸਾਹਿਤ ਬਿਲਕੁਲ ਹੀ ਸੋਹਜਾਤਮਿਕ ਵਿਧਾਵਾਂ ਹਨ ਤੇ ਦੋ ਵੱਖਰੀਆਂ ੨ ਪੈੜਾਂ।

ਪੇਂਟਿੰਗ ਉਸ ਤੋਂ ਵੀ ਸੂਖ਼ਮਤਾ ਦਾ ਰਾਹ ਹੈ। ਜੀਵ ਵਿਗਿਆਨ ਵਿਚ ਖੋਜ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਕੇ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ. ਅਮਰਜੀਤ ਟਾਂਡਾ ਨੇ ਕਲਾਤਮਿਕ ਪ੍ਰਤਿਭਾ ਤੇ ਪ੍ਰਵਿਰਤੀ ਨੂੰ ਪ੍ਰਫੁਲਤ ਹੀ ਨਹੀਂ ਕੀਤਾ ਸਗੋਂ ਸਾਹਿਤ ਅਤੇ ਚਿਤਰਕਾਰੀ ਦੇ ਖੇਤਰ ਵਿਚ ਵੀ ਪਛਾਣ ਬਣਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।

ਨਕੋਦਰ ਨੇਡ਼ੇ ਢੇਰੀਆਂ ਪਿੰਡ ਦੇ ਇੱਕ ਪੇਂਡੂ ਪਰਿਵਾਰ ਵਿਚ ਪਰਵਰਸ਼ ਲੈ ਕੇ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ .ਸੀ. ਦੀ ਡਿਗਰੀ ਪਾਸ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। 1983 ਵਿਚ ਜੀਵ ਵਿਗਿਆਨ ਵਿਚ ਹੀ ਪੀ. ਐਚ. ਡੀ. ਦੀ ਡਿਗਰੀ ਲੈ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਇਸ ਉਪਰੰਤ ਯੂਨੀਵਰਸਿਟੀ ਵਿਚ ਹੀ 15 ਸਾਲ ਖੋਜ ਤੇ ਅਧਿਆਪਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੇ ਰਹੇ ਤੇ ਫਿਰ ਕੁਝ ਸੁਪਨੇ ਸਿਰਜ ਕੇ ਆਸਟਰੇਲੀਆ ਪਰਵਾਸ ਕਰ ਗਏ।

ਸਕੂਲ ਸਮੇਂ ਵਿਚ ਹੀ ਕਵਿਤਾਵਾਂ ਲਿਖਣ ਦਾ ਚਸਕਾ ਲੱਗ ਗਿਆ ਸੀ, ਜਿਸ ਨੂੰ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵਿਚ ਪਡ਼੍ਹਦਿਆਂ ਹੀ ਬੂਰ ਪੈਣਾ ਸ਼ੁਰੂ ਹੋ ਗਿਆ ਸੀ। ਜਿਸ ਦੇ ਸਿੱਟੇ ਵਜੋਂ ਅਮਰਜੀਤ ਨੂੰ ਯੂਨੀਵਰਸਿਟੀ ਵਿਚ ਹੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ।

ਉਸ ਦੀਆਂ ਕਵਿਤਾਵਾਂ ਸੁਣਨ ਲਈ ਵਿਦਿਆਰਥੀਆਂ ਦਾ ਜਮਘਟਾ ਜੁਡ਼ਿਆ ਰਹਿੰਦਾ। ਆਸਟਰੇਲੀਆ ਵਿਚ ਪਰਵਾਸ ਤੋਂ ਬਾਅਦ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਦੌਰਾਨ ਉਸ ਨੇ ਆਪਣੇ ਕਵਿਤਾ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ ਹਵਾਵਾਂ ਦੇ ਰੁਖ਼, ਲਿਖਤੁਮ ਨੀਲੀ ਬੰਸਰੀ, ਕੋਰੇ ਕਾਗਜ਼, ਦੀਵਾ ਸਫਿਆਂ ਦਾ, ਕਵਿਤਾਂਜਲੀ, ਸ਼ਬਦਾਂਮਣੀ ਤੇ ਥਕੇ ਹੁੂਏ ਕਵਿਤਾਵਾਂ ਦੀਆਂ ਅਤੇ ਨੀਲਾ ਸੁੱਕਾ ਨਾਵਲ ਪੁਸਤਕਾਂ ਪ੍ਰਕਾਸ਼ਿਤ ਕਰਵਾਕੇ ਸਿੱਧ ਕਰ ਦਿੱਤਾ ਕਿ ਸੱਚੇ ਸੁਚੇ ਪੰਜਾਬੀ ਵਿਦੇਸ਼ਾਂ ਵਿਚ ਵੀ ਸਫਲ ਹੋ ਸਕਦੇ ਹਨ। ਉਹ “ਕਲੀਰੇ” ਮੈਗਜ਼ੀਨ ਦੇ ਵੀ ਸੰਪਾਦਕ ਰਹੇ।

ਡਾ. ਅਮਰਜੀਤ ਟਾਂਡਾ ਨੇ ਆਪਣੇ ਨਿੱਕੇ ਭਰਾ ਬਲਬੀਰ ਟਾਂਡਾ ਜੋ ਇੱਕ ਫਿਲਮ ਨਿਰਦੇਸ਼ਕ ਹਨ, ਨਾਲ ਮਿਲਕੇ ਟਾਂਡਾ ਬਰਦਰਜ਼ ਦੇ ਬੈਨਰ ਹੇਠ ਵੈਰੀ, ਧੀ ਜੱਟ ਦੀ, ਪਹਿਲਾ ਪਹਿਲਾ ਪਿਆਰ, ਦਾ ਲਾਇਨ ਆਫ਼ ਪੰਜਾਬ ਅਤੇ ਇੱਕ ਹਿੰਦੀ ਫੀਚਰ ਫਿਲਮ ਸਮਗਲਰ ਵਰਗੀਆਂ ਫਿਲਮਾਂ ਵੀ ਬਣਾਈਆਂ ਹਨ, ਜਿਹਡ਼ੀਆਂ ਸਮਾਜਕ ਬੁਰਾਈਆਂ ਤੇ ਝਾਤ ਪਾਉਂਦੀਆਂ ਹਨ। ਆਮ ਤੌਰ ਤੇ ਪਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਡਾਲਰ ਕਮਾਉਣ ਵਿਚ ਹੀ ਉਲਝ ਜਾਂਦੇ ਹਨ। ਡਾ. ਅਮਰਜੀਤ ਟਾਂਡਾ ਆਪਣੀ ਇੱਕ ਵੱਖਰੀ ਹੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਹੋਏ ਹਨ।

ਉਸ ਨੂੰ ਵਿਦੇਸ਼ਾਂ ਵਿਚਲੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਪੰਜਾਬ ਨਾਲ ਜੁਡ਼ੇ ਰਹਿਣ ਦੀ ਚਿੰਤਾ ਹੈ, ਇਸ ਕਰਕੇ ਉਹ ਉਨ੍ਹਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋਡ਼ਕੇ ਰੱਖਣ ਲਈ ਭੰਗਡ਼ਾ, ਗਿੱਧਾ, ਪੰਜਾਬੀ ਡਰੈਸ ਦੇ ਮੁਕਾਬਲੇ ਅਤੇ ਸਭਿਆਚਾਰਿਕ ਤੇ ਧਾਰਮਿਕ ਪ੍ਰੋਗਰਾਮ ਆਯੋਜਤ ਵੀ ਕਰਾਉਂਦੇ ਹਨ।

ਡਾ.ਅਮਰਜੀਤ ਟਾਂਡਾ ਆਪਣੇ ਉਦਮੀ ਸੁਭਾਅ ਕਰਕੇ ਸਮਾਜ ਦੇ ਹਰ ਖੇਤਰ ਵਿਚ ਵਿਚਰਦੇ ਰਹੇ। ਪਰਵਾਸੀ ਪੰਜਾਬੀਆਂ ਦੀ ਵੈਲਫੇਅਰ ਸੋਸਾਇਟੀ ਨੇ ਉਸ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ 2010 ਵਿਚ ਮੈਲਬਾਰਨ ਸਿਖ ਸੋਸਾਇਟੀ ਨੇ 2001 ਵਿਚ ਅੰਤਰਰਾਸ਼ਟਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਤ ਕੀਤਾ। ਭਾਰਤ ਦੀ ਐਂਨ ਆਰ ਆਈ ਵੈੱਲਫੇਅਰ ਸੁਸਾਇਟੀ ਦੇ ਅਡਵਾਈਜ਼ਰੀ ਬੋਰਡ ਵੱਲੋਂ ਵੀ ਉਨ੍ਹਾਂ ਨੂੰ “ਹਿੰਦ ਰਤਨ ਐਵਾਰਡ” ਦੇ ਕੇ ਨਿਵਾਜਿਆ ਗਿਆ ਹੈ।

ਉਹ ਪੰਜਾਬੀ ਸਾਹਿਤ ਅਕਾਡਮੀ ਸਿਡਨੀ ਦੇ ਫਾਊਂਡਰ ਪ੍ਰੈਜੀਡੈਂਟ ਅਤੇ ਵਿਸ਼ਵ ਪੰਜਾਬੀ ਸਾਹਿਤਪੀਠ ਦੇ ਡਾਇਰੈਕਟਰ ਵੀ ਹਨ। ਉਹ ਆਸਟਰੇਲੀਆ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੇ ਸਲਾਹਕਾਰ ਵੀ ਹਨ।

ਉਹਨਾਂ ਆਪਣੇ ਸਿਰ ਤੇ ਸਮਾਜ ਸੇਵਾ ਦਾ ਵੀ ਬੀਡ਼ਾ ਵੱਖ ਚੁਕਿਆ ਹੋਇਆ ਹੈ। ਕਵਿਤਾ ਲਿਖਣਾ ਅਤੇ ਕਵਿਤਾ ਮੁਕਾਬਲਿਆਂ ਵਿਚੋਂ ਹਮੇਸ਼ਾ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਰਿਹਾ ਹੈ। ਡਾ.ਅਮਰਜੀਤ ਟਾਂਡਾ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ ਤਾਂਹੀ ਸ਼ਾਇਦ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦੇਖ ਕੇ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।

“ਅੱਗ ਜਦੋਂ ਵੀ ਛਾਤੀ ਵਿਚ ਬਲਦੀ ਹੈ, ਪਰਬਤ ਵੀ ਉੱਚੇ ਨਹੀਂ ਲਗਦੇ”

ਉਨ੍ਹਾਂ ਦੀ “ਅੱਗ” ਕਵਿਤਾ ਵਿੱਚੋਂ ਇਹ ਪੰਕਤੀਆਂ ਦਰਸਾਉਂਦੀਆਂ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਪਹਾਡ਼ ਵੀ ਨਹੀਂ ਰੋਕ ਸਕਦੇ। ਬਲਿਊ ਸਟਾਰ ਅਪ੍ਰੇਸ਼ਨ, 1984 ਦਾ ਕਤਲੇਆਮ ਅਤੇ ਪੰਜਾਬ ਵਿਚ ਸਰਕਾਰੀ ਤੰਤਰ ਅਤੇ ਕਥਿਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਡੋਹਲੇ ਲਹੂ ਨੇ ਵੀ ਉਸ ਦੇ ਦਿਲ ਨੂੰ ਝੰਜੋਡ਼ਿਆ ਹੈ ਤੇ ਉਸ ਦੀਆਂ ਕਈ ਕਵਿਤਾਵਾਂ, ਇਨ੍ਹਾਂ ਘਟਨਾਵਾਂ ਨਾਲ ਸੰਬੰਧਤ ਹਨ।

” ਰਾਤਾਂ ਲਈ ਜਗਾ ਤੂੰ ਦੀਵੇ ਮੈਂ ਸੁੰਨੇ ਸਜਾਉਨਾਂ ਬਨੇਰੇ,
ਸੂਰਜ ਨੂੰ ਸ਼ਹਿਰੀਂ ਪਿੰਡੀਂ ਸੱਦਦਾ ਪੂੰਝਣ ਲਈ ਹਨੇਰੇ।”
ਏਸੇ ਤਰ੍ਹਾਂ ਲਹੂ ਲੁਹਾਣ ਹੋਏ ਪੰਜਾਬ ਦੇ ਸੰਤਾਪ ਦਾ ਜ਼ਿਕਰ ਕਰਦਾ ਹੈ।
” ਤੂੰ ਗੁਡ ਤਿਆਰ ਕਰ, ਸਿੰਜ ਸਜਾ ਧਰਤ ਮੇਰੇ ਪੰਜਾਬ ਦੀ,
ਮੈਂ ਚੁਣਕੇ ਕਿਸਮ ਬਹਾਰ ਚੋਂ ਲਿਆਉਨਾ ਸੋਹਣੇ ਗੁਲਾਬ ਦੀ।”
ਮੈਂ ਨਾ ਸਿਖ, ਨਾ ਹਿੰਦੂ, ਨਾ ਕੋਈ ਮੁਸਲਮਾਨ ਹਾਂ,
ਪਰ ਮੁੱਦਤਾਂ ਤੋਂ–ਫਿਰ ਵੀ ਨਾ ਕਰ ਸਕਿਆ, ਡੁਲ੍ਹੇ ਲਹੂ ਦੀ ਪਛਾਣ।
ਮਾਰ ਦਿੱਤੇ ਗਏ ਮੇਰੀ ਰਾਤ ਦੇ ਜੁਗਨੂੰ ਕੱਲ੍ਹ ਕਈ
ਗੁਨਾਹ ਸੀ ਕਿ ਉਹ ਕੁਲੀਆਂ ਰੁਸ਼ਨਾਣ ਕਿਉਂ ਗਏ।”

ਡਾ. ਅਮਰਜੀਤ ਸਿੰਘ ਟਾਂਡਾ ਦਾ ਦਿਲ ਸਮਾਜਿਕ ਬੁਰਾਈਆਂ ਵੇਖ ਕੇ ਵਲੂੰਧਰਿਆ ਜਾਂਦਾ ਹੈ।

” ਗ਼ਰੀਬ ਦੀ ਕੁਲੀ ਸਾਡ਼ੀ ਹੈ, ਹੁਣ ਕੋਈ ਯਾਦਗਾਰ ਤਾਂ ਬਣਾ ਦਿਓ
ਦੋ ਤਿੰਨ ਉਹਦੇ ਸੁਪਨੇ ਲੈ ਕੇ, ਉਹਦੀ ਲਾਸ਼ ਹੇਠ ਤਾਂ ਵਿਛਾ ਦਿਓ”

ਪੰਜਾਬ ਵਿਚ ਅੱਸੀਵਿਆਂ ਵਿਚ ਵਿਛੇ ਸੱਥਰਾਂ ਅਤੇ ਮਜ਼ਲੂਮਾਂ, ਮਾਸੂਮਾਂ, ਨੌਜਵਾਨਾਂ, ਇਸਤਰੀਆਂ, ਬੱਚਿਆਂ ਦੇ ਹੋਏ ਕਤਲੇਆਮ ਬਾਰੇ ਉਸ ਦੀ ਇਕ ਕਵਿਤਾ ਹੈ –

“ਕੀ ਕਰੇ ਕੋਈ ਦਲੀਲਾਂ ਨੂੰ ਤੇ ਬੇਗ਼ੁਨਾਹ ਅਪੀਲਾਂ ਨੂੰ,
ਕਿਸੇ ਵੀ ਨਾ ਹੱਥ ਫਡ਼ਨਾ ਸਲੀਬ ਵੱਲ ਲੈ ਜਾਣਗੇ”
“ਇੱਕ ਚੰਦ ਤੇ ਮੁੱਠੀ ਭਰ ਸਿਤਾਰੇ ਲਿਆਇਆ ਹਾਂ,
ਹਵਾ ਚੋਂ ਖ਼ੂਨ ਪੂੰਝੋ ਮੈਂ ਸਜਾਉਣਾ ਹੈ ਇਹਨਾਂ ਨੂੰ”

ਓਦਣ ਦੀਆਂ ਮਾਵਾਂ ਨਹੀਂ ਸੁਤੀਆਂ,
ਜਿਹਨਾਂ ਦੇ ਪੁੱਤ ਘਰੋਂ ਕਾਲਜ ਨੂੰ ਗਏ ਨਾ ਪਰਤੇ
ਕੀ ਦਿਆਂ ਦਿਲਾਸਾ ਉਹਨਾਂ ਨੂੰ”

ਉਸਦੀ ਕਵਿਤਾ ਸਮਾਜਿਕ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ, ਬੱਚਿਆਂ ਵੱਲੋਂ ਇੰਟਰਨੈਟ ਦੀ ਵਧੇਰੇ ਵਰਤੋਂ ਅਤੇ ਆਧੁਨਿਕਤਾ ਦੇ ਮਾਡ਼ੇ ਪ੍ਰਭਾਵਾਂ ਦਾ ਪ੍ਰਗਟਾਵਾ ਵੀ ਕਰਦੀ ਹੈ-

“ਬੰਦ ਘਰਾਂ ਵਿਚ ਬੱਚੇ ਮਾਂ ਬਾਪ ਏਨੇ ਨਜ਼ਦੀਕ ਹਨ,
ਚਿਰਾਂ ਬਾਅਦ ਲੱਗਿਆ ਕਰੂ ਪਤਾ ਕਿ ਬਾਪ ਨਹੀਂ ਰਿਹਾ”
ਹੋ ਚਲੇ ਹਨ ਘਰੀਂ ਮਾਵਾਂ ਨੂੰ ਵੰਡਣ ਜੋਗੇ ਹੁਣ ਪੁੱਤ,
ਬਾਪ ਦੀ ਪੱਗ ਸੰਭਾਲੋ ਮੌਸਮ ਚ ਫਿਰਦੀ ਹੈ ਰੁੱਤ”

ਉਸਦੀ ਇਕ ਹੋਰ ਕਵਿਤਾ ਆਪਣੇ ਆਪ ਨੂੰ ਪਵਿਤਰ ਤੇ ਧਾਰਮਿਕ ਅਖਵਾਉਣ ਵਾਲਿਆਂ ਦਾ ਪਰਦਾਫਾਸ਼ ਕਰਦੀ ਹੈ-

“ਸਪੀਕਰਾਂ ਤੇ ਵਾਰ ਵਾਰ ਬੁਲਵਾਉਂਦੇ ਨਾਂ ਨੂੰ ਜੋ,
ਉਂਝ ਕਹਿੰਦੇ ਕਿ ਅਸੀਂ ਕੀਤਾ ਗੁਪਤ ਦਾਨ ਏ”

ਸਮਾਜਿਕ ਤਾਣੇ ਬਾਣੇ ਵਿਚ ਆਈ ਗਿਰਾਵਟ ਬਾਰੇ ਵੀ ਉਸਨੇ ਲਿਖਿਆ।

ਆਪਣੇ ਘਰ ਦੇ ਮਸਲੇ ਨਾ ਸੁਲਝਦੇ,
ਪਰ ਗੁਆਂਢੀਆਂ ਲਈ ਹਰ ਕੋਈ ਪ੍ਰੇਸ਼ਾਨ ਹੈ।

ਡਾ. ਅਮਰਜੀਤ ਟਾਂਡਾ ਵਿਚ ਇੱਕ ਹੋਰ ਖ਼ੂਬੀ ਵਧੀਆ ਚਿਤਰਕਾਰ ਹੋਣਾ ਵੀ ਹੈ। ਉਨ੍ਹਾਂ ਬਹੁਤ ਸਾਰੇ ਸਿਖ ਗੁਰੂਆਂ, ਮਹਾਤਮਾਵਾਂ, ਧਾਰਮਿਕ ਵਿਅਕਤੀਆਂ, ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਸਿਆਸਤਦਾਨਾਂ ਆਦਿ ਦੇ ਸਕੈਚ ਤੇ ਪੇਂਟਿੰਗਜ਼ ਵੀ ਬਣਾਈਆਂ ਹਨ। ਚਿੱਤਰ ਕਲਾ ਵੀ ਇਹ ਨਜ਼ਮ ਤੇ ਸ਼ਾਇਰੀ ਵਾਂਗ ਸੂਖ਼ਮ ਕਲਾ ਹੈ।

ਉਨ੍ਹਾਂ ਨੂੰ ਬਹੁਪੱਖੀ ਕਲਾਕਾਰ ਤੇ ਸ਼ਾਇਰ ਕਿਹਾ ਜਾ ਸਕਦਾ ਹੈ। ਸਾਹਿਤਕ ਸਰਗਰਮੀਆਂ ਉਸ ਦਾ ਸ਼ੌਕ ਹੈ ਪ੍ਰੰਤੂ ਆਪਣੇ ਕਿੱਤੇ ਵਿਚ ਵੀ ਉਸ ਨੇ ਚੰਗਾ ਨਾਮਣਾ ਖੱਟਿਆ ਹੈ। ਆਪ ਨੇ ਆਪਣੇ ਕਿੱਤੇ ਨਾਲ ਸੰਬੰਧਤ -ਕੀਟ ਵਿਗਿਆਨ, ਚੂਹਿਆਂ ਤੇ ਕਾਬੂ, ਟਰਮਾਈਟਜ਼ ਦੀ ਮੈਨੇਜਮੈਂਟ ਬਾਰੇ ਵੀ ਚਾਰ ਪੁਸਤਕਾਂ ਲਿਖੀਆਂ ਹਨ।

ਡਾ.ਅਮਰਜੀਤ ਟਾਂਡਾ ਨੂੰ ਇੰਗਲੈਂਡ ਦੀ ਇਨਸਟੀਚਿਊਟ ਆਫ਼ ਬਾਇਆਲੋਜੀ ਵੱਲੋਂ ਚਾਰਟਡ ਬਨਸਪਤੀ ਵਿਗਿਆਨੀ ਦੀ ਆਨਰੇਰੀ ਡਿਗਰੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਅਮਰੀਕਾ ਦੀ ਬਾਇਓਗਰਾਫੀਕਲ ਇਨਸਟੀਚਿਊਟ ਰੇਲਿੰਗ ਨੇ ਮਾਣਤਾ ਦੇ ਕੇ ਦੁਨੀਆਂ ਦੇ ਪ੍ਰਸਿਧ 5000 ਵਿਗਿਆਨੀਆਂ ਵਿਚ ਵੀ ਉਨ੍ਹਾਂ ਦਾ ਨਾਮ ਸ਼ਾਮਿਲ ਕੀਤਾ ਹੈ। ਮੈਨੂੰ ਅੱਜ ਅਜਿਹੀ ਸਖ਼ਸ਼ੀਅਤ ਬਾਰੇ ਕੁਝ ਲਿਖਦਿਆਂ ਬੇਹਦ ਖ਼ੁਸ਼ੀ ਹੋ ਰਹੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
[email protected]

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION