30.1 C
Delhi
Saturday, April 27, 2024
spot_img
spot_img

CM ਮਾਨ ਨੇ ਲੇਹ ਵਿਖੇ ਸ਼ਹੀਦ ਹੋਏ ਦੋ ਬਹਾਦਰ ਜਵਾਨਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵਜੋਂ 1-1 ਕਰੋੜ ਰੁਪਏ ਦੇ ਚੈੱਕ ਸੌਂਪੇ

ਯੈੱਸ ਪੰਜਾਬ
ਚੰਡੀਗੜ੍ਹ, 27 ਅਗਸਤ, 2023:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੇਹ (ਲੱਦਾਖ) ਵਿਖੇ 19 ਅਗਸਤ ਨੂੰ ਸੜਕ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਦੋ ਬਹਾਦਰ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇੱਕ-ਇੱਕ ਕਰੋੜ ਰੁਪਏ ਦੇ ਚੈੱਕ ਸੌਂਪੇ।

ਇਨ੍ਹਾਂ ਸ਼ਹੀਦਾਂ ਦੇ ਜੱਦੀ ਘਰ ਜਾਕੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਲੇਹ ਵਿਖੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਨੌਂ ਬਹਾਦਰ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਲੇਹ (ਲੱਦਾਖ) ਵਿਖੇ ਸ਼ਹੀਦ ਹੋਣ ਵਾਲੇ ਇਨ੍ਹਾਂ ਜਵਾਨਾਂ ਵਿੱਚ ਪੰਜਾਬ ਦੇ ਦੋ ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਸਰਸੜੀ (ਫਰੀਦਕੋਟ) ਅਤੇ ਤਰਨਦੀਪ ਸਿੰਘ ਵਾਸੀ ਬਸੀ ਪਠਾਣਾ ਵੀ ਸ਼ਾਮਲ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੇਸ਼ ਲਈ ਅਤੇ ਖਾਸ ਕਰਕੇ ਇਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਮੁੱਖ ਮੰਤਰੀ ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਨ੍ਹਾਂ ਬਹਾਦਰ ਜਵਾਨਾਂ ਵੱਲੋਂ ਦੇਸ਼ ਲਈ ਦਿੱਤੀ ਬੇਮਿਸਾਲ ਕੁਰਬਾਨੀ ਦੇ ਸਨਮਾਨ ਵਜੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੇ ਚੈੱਕ ਸੌਂਪਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਨ੍ਹਾਂ ਸ਼ਹੀਦਾਂ ਦਾ ਸਦਾ ਰਿਣੀ ਰਹੇਗਾ, ਜਿਨ੍ਹਾਂ ਨੇ ਦੇਸ਼ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਇਨ੍ਹਾਂ ਬਹਾਦਰ ਜਵਾਨਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ ਸੂਬਾ ਸਰਕਾਰ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਇਨ੍ਹਾਂ ਪਰਿਵਾਰਾਂ ਨੂੰ ਇਹ ਵਿੱਤੀ ਸਹਾਇਤਾ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਪ੍ਰਦਾਨ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਨੀਤੀ ਅਨੁਸਾਰ ਸ਼ਹੀਦਾਂ ਦੇ ਵਾਰਸਾਂ ਲਈ ਨੌਕਰੀਆਂ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਅਤੇ ਨੌਜਵਾਨਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ।

ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਇਹ ਵਿੱਤੀ ਸਹਾਇਤਾ ਜਿੱਥੇ ਇੱਕ ਪਾਸੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਚਿੰਤਾ ਮੁਕਤ ਕਰੇਗੀ ਉਥੇ ਹੀ ਉਨ੍ਹਾਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰਨ ਵਿੱਚ ਅਹਿਮ ਸਾਬਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਇਹ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋ ਕੇ ਨਿਰਸਵਾਰਥ ਢੰਗ ਨਾਲ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕਰੇਗੀ।

ਇਸੇ ਦੌਰਾਨ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਸ਼ਹੀਦ ਤਰਨ ਦੀਪ ਸਿੰਘ ਦੀ ਅੰਤਮ ਅਰਦਾਸ ਮੌਕੇ ਮੁੱਖ ਮੰਤਰੀ ਨੇ ਵਿੱਤੀ ਸਹਾਇਤਾ ਦਾ ਚੈੱਕ ਸੌਂਪਦਿਆਂ ਸ਼ਹੀਦ ਦੀ ਭੈਣ ਲਈ ਸਰਟੀਫਿਕੇਟਾਂ ਦੀ ਤਸਦੀਕ ਤੋਂ ਬਾਅਦ ਸਰਕਾਰੀ ਨੌਕਰੀ ਅਤੇ ਸ਼ਹੀਦ ਦੇ ਨਾਮ ‘ਤੇ ਸਿੰਥੈਟਿਕ ਟਰੈਕ ਅਤੇ ਹੋਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਤਾਂ ਜੋ ਹੋਰ ਨੌਜਵਾਨ ਹਥਿਆਰਬੰਦ ਬਲਾਂ ‘ਚ ਭਰਤੀ ਲਈ ਪ੍ਰੇਰਿਤ ਹੋ ਸਕਣ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਿੰਡ ਸਰਸੜੀ (ਫ਼ਰੀਦਕੋਟ) ਵਿਖੇ ਸ਼ਹੀਦ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਾ ਚੈੱਕ ਸੌਂਪਣ ਤੋਂ ਇਲਾਵਾ ਸ਼ਹੀਦ ਰਮੇਸ਼ ਲਾਲ ਦੀ ਪਤਨੀ ਨੂੰ ਨੌਕਰੀ ਦੇਣ ਅਤੇ ਸ਼ਹੀਦ ਦੇ ਨਾਮ ‘ਤੇ ਪਿੰਡ ਵਿੱਚ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਦੀ ਡਿਸਪੈਂਸਰੀ ਦੇ ਨਵੀਨੀਕਰਨ ਅਤੇ ਪੰਜਗਰਾਈਂ ਤੋਂ ਨੰਗਲ ਰੋਡ ਦਾ ਨਾਂ ਸ਼ਹੀਦ ਦੇ ਨਾਮ ‘ਤੇ ਰੱਖਣ ਦਾ ਐਲਾਨ ਵੀ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION