ਚੰਡੀਗੜ੍ਹ ’ਚ ਫ਼ਿਰ ਫ਼ਾਇਰਿੰਗ, ਗੁਰਦੁਆਰੇ ਤੋਂ ਵਾਪਸ ਆਉਂਦੇ ਵਿਅਕਤੀ ’ਤੇ ਵਰ੍ਹਾਈਆਂ ਗੋਲੀਆਂ

ਯੈੱਸ ਪੰਜਾਬ
ਚੰਡੀਗੜ੍ਹ, 25 ਅਕਤੂਬਰ, 2020:
ਚੰਡੀਗੜ੍ਹ ਵਿੱਚ ਐਤਵਾਰ ਸਵੇਰੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਫ਼ਾਇਰਿੰਗ ਵਿੱਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਅਮਰੀਕ ਸਿੰਘ ਨਾਂਅ ਦਾ ਸੈਕਟਰ 22 ਨਿਵਾਸੀ ਇਹ ਵਿਅਕਤੀ ਪੰਜਾਬ ਫ਼ੂਡ ਐਂਡ ਸਿਵਲ ਸਪਲਾਈਜ਼ ਮਹਿਕਮੇ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ।

ਗਹਿਮਾ ਗਹਿਮੀ ਵਾਲੇ ਸੈਕਟਰ 22 ਵਿੱਚ ਚਿੱਟੇ ਦਿਨੀਂ ਵਾਪਰੀ ਇਸ ਘਟਨਾ ਬਾਰੇ ਖ਼ਬਰ ਹੈ ਕਿ ਅਮਰੀਕ ਸਿੰਘ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦ ਉਹ ਸੈਕਟਰ 22 ਡੀ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਆਇਆ।

ਅਮਰੀਕ ਸਿੰਘ ਦਾ ਗੁਰਦੁਆਰਾ ਸਾਹਿਬ ਵਿੱਚੋਂ ਨਿਕਲਣ ਦਾ ਇੰਤਜ਼ਾਰ ਕਰ ਰਹੇ ਦੋ ਬਾਈਕ ਸਵਾਰਾਂ ਵੱਲੋਂ ਉਸਤੇ ਦੋ ਗੋਲੀਆਂ ਚਲਾਈਆਂ ਗਈਆਂ। ਇਕ ਗੋਲੀ ਉਸਦੇ ਪੈਰ ਵਿੱਚ ਲੱਗੀ ਜਦਕਿ ਦੂਜੀ ਗੋਲੀ ਉਸਨੂੰ ਨਹੀਂ ਲੱਗੀ। ਅਮਰੀਕ ਸਿੰਘ ਵੱਲੋਂ ਰੌਲਾ ਪਾਏ ਜਾਣ ’ਤੇ ਹਮਲਾਵਰ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪਤਾ ਲੱਗਾ ਹੈ ਕਿ ਦੋਹਾਂ ਹਮਲਾਵਰਾਂ ਨੇ ਮਾਸਕ ਅਤੇ ‘ਕੈਪਸ’ ਪਾਈਆਂ ਹੋਈਆਂ ਸਨ।

ਅਮਰੀਕ ਸਿੰਘ ਨੂੰ ਸੈਕਟਰ 16 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਅਜੇ ਤਾਂਈਂ ਇਸ ਘਟਨਾ ਦੇ ਕਾਰਨ ਜਾਂ ਮਾਮਲੇ ਪਿੱਛੇ ਕਿਸ ਤਰ੍ਹਾਂ ਦੀ ਰੰਜਿਸ਼ ਸੀ, ਇਹ ਗੱਲਾਂ ਸਾਹਮਣੇ ਨਹੀਂ ਆਈਆਂ।

ਪੁਲਿਸ ਅਨੁਸਾਰ ਮੌਕੇ ’ਤੋਂ ਇਕ ਕਾਰਤੂਸ ਦਾ ਖ਼ੋਲ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਮੁੱਢਲੇ ਤੌਰ ’ਤੇ ਇਹ ਸਾਹਮਣੇ ਆਇਆ ਹੈ ਕਿ ਗੋਲੀ 32 ਬੋਰ ਦੇ ਰਿਵਾਲਵਰ ਤੋਂ ਚਲਾਈ ਗਈ ਹੈ।

ਪਤਾ ਲੱਗਾ ਹੈ ਕਿ ਦੋਸ਼ੀਆਂ ਬਾਰੇ ਸੂਹ ਲਗਾਉਣ ਲਈ ਪੁਲਿਸ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਦਾ ਵੀ ਮੁਆਇਨਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਲਗਾਤਾਰ ਬੇਖ਼ੌਫ ਅਪਰਾਧੀਆਂ ਵੱਲੋਂ ਫ਼ਾਇਰਿੰਗ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨਾਂ ਵਿੱਚ ਹੀ ਦੋ ਤਿੰਨ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਜਾਨਾਂ ਵੀ ਗਈਆਂ ਹਨ।