29.1 C
Delhi
Sunday, April 28, 2024
spot_img
spot_img

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਕਾਰਡੀਓ ਯੂਨਿਟ ਛੇਤੀ ਸ਼ੁਰੂ ਕੀਤਾ ਜਾਵੇਗਾ: ਕਾਲਕਾ, ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 4 ਅਕਤੂਬਰ, 2022:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਈ ਜਾ ਰਹੀ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਡਿਸਪੈਂਸਰੀ ਵਿਚ

ਦਿਲ ਦੇ ਰੋਗਾਂ ਨਾਲ ਪੀੜ੍ਹਤ ਹੇਠਲੇ ਤਬਕੇ ਦੇ ਮਰੀਜ਼ਾਂ ਲਈ ਨਵੰਬਰ ਮਹੀਨੇ ਵਿਚ ਕਾਰਡੀਓ ਯੂਨਿਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਿੱਥੇ ਮਰੀਜਾਂ ਨੂੰ ਦੇਸ਼ ਵਿਚ ਸਭ ਤੋਂ ਸਸਤੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

ਇਹ ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਈ.ਸੀ.ਜੀ ਮਸ਼ੀਨ, ਟੀ.ਐਮ.ਟੀ ਬਾਇਓ ਮਾਨਿਟਰ, ਪਲਸ ਆਕਸੀਮੀਟਰ, ਆਕਸੀਜਨ ਕੰਸਟਰੇਟਰ ਆਦਿ ਮਸ਼ੀਨਾਂ ਲਗਾਉਣ ਦੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ ਅਤੇ ਇਹ ਮਸ਼ੀਨਰੀ ਅਕਟੂਬਰ ਮਹੀਨੇ ਵਿਚ ਖਰੀਦ ਲਈ ਜਾਵੇਗੀ।

ਗੁਰਦੁਆਰਾ ਬੰਗਲਾ ਸਾਹਿਬ ਦੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਖੇ ਸ਼ੁਰੂ ਹੋਣ ਵਾਲੇ ਇਸ ਕਾਰਡਿਓ ਯੂਨਿਟ ਵਿਚ ਦਿੱਲੀ ਦੇ ਨਿਜੀ ਅਤੇ ਸਰਕਾਰੀ ਹਸਪਤਾਲਾਂ ਦੇ ਹਿਰਦੇ ਰੋਗ ਦੇ ਮਾਹਿਰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ ਅਤੇ ਇਸ ਪੋਲੀਕਲੀਨਿਕ ਵਿਚ ਮਰੀਜਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਕੰਸਲਟੇਸ਼ਨ ਫ਼ੀਸ ਨਹੀਂ ਲਈ ਜਾਵੇਗੀ ਜਦੋਂ ਕਿ ਸਾਰੇ ਡਾਇਗਨੋਸਟਿਕ ਟੈਸਟ ਦੇਸ਼ ਭਰ ਵਿਚ ਸਭ ਤੋਂ ਸਸਤੇ ਰੇਟ ’ਤੇ ਕੀਤੇ ਜਾਣਗੇ ਤਾਕਿ ਗਰੀਬ ਵਰਗ ਦੇ ਮਰੀਜਾਂ ਨੂੰ ਘੱਟ ਕੀਮਤਾਂ ਵਿਚ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਣ।

ਦਿਲ ਦੇ ਰੋਗਾਂ ਦੀ ਸਮੇਂ ’ਤੇ ਜਾਂਚ ਅਤੇ ਪਛਾਣ ਲਈ ਪੋਲੀਕਲੀਨਿਕ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਕਿ ਦਿਲ ਨਾਲ ਸੰਬੰਧਤ ਰੋਗਾਂ ਪ੍ਰਤੀ ਸਮਾਜ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦੋ ਸਾਲਾਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਏ ਜਾ ਰਹੇ ਪੌਲੀਕਲੀਨਿਕ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਸਸਤੇ ਰੇਟਾਂ ’ਤੇ ਡਾਇਗਨੌਸਟਿਕ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਡਿਸਪੈਂਸਰੀ ਵਿੱਚ ਕੁੱਲ 8 ਕਰੋੜ ਰੁਪਏ ਦੀ ਲਾਗਤ ਨਾਲ ਡਾਇਲਸਿਸ, ਅਲਟਰਾਸਾਊਂਡ, ਐਕਸ-ਰੇਅ ਅਤੇ ਐਮ.ਆਰ.ਆਈ. ਸੀ.ਟੀ ਸਕੈਨ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿੱਥੇ ਪਿਛਲੇ ਦੋ ਸਾਲਾਂ ਵਿੱਚ 25000 ਮਰੀਜ਼ਾਂ ਨੂੰ ਦੇਸ਼ ਵਿੱਚ ਸਭ ਤੋਂ ਸਸਤੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਇਸ ਡਾਇਗਨੌਸਟਿਕ ਸੈਂਟਰ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਗ਼ਰੀਬ ਮਰੀਜ਼ਾਂ ਨੂੰ ਸਿਰਫ਼ 50 ਰੁਪਏ ਵਿੱਚ ਐਮ.ਆਰ.ਆਈ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਦਕਿ ਜਨਰਲ ਵਰਗ ਦੇ ਮਰੀਜ਼ਾਂ ਲਈ ਇਹ 1400 ਰੁਪਏ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ, ਜਦੋਂ ਕਿ ਐਮਆਰਆਈ ਦਾ ਮਾਰਕੀਟ ਰੇਟ 6000-8000 ਰੁਪਏ ਹੈ। ਲਗਭਗ 20000 ਵਰਗ ਫੀਟ ਦੇ ਖੇਤਰ ਵਿਚ ਦੋ ਵੱਡੇ ਕਮਰੇ ਡਾਇਲਸਿਸ ਅਤੇ ਐਮਆਰਆਈ ਮਸ਼ੀਨਾਂ ਲਈ ਅਲਾਟ ਕੀਤੇ ਗਏ ਹਨ। ਡਾਇਗਨੌਸਟਿਕ ਸੈਂਟਰ ਦੀ ਯੂਨਿਟ ਲਈ ਇੱਕ ਮਾਹਿਰ, ਦੋ ਡਾਕਟਰ, ਦੋ ਤਕਨੀਕੀ ਮਾਹਿਰ ਅਤੇ ਸਹਾਇਕ ਸਟਾਫ਼ ਤਾਇਨਾਤ ਕੀਤਾ ਗਿਆ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੋਲੀਕਲੀਨਿਕ ਵਿੱਚ ਨਾਮਵਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ 100 ਦੇ ਕਰੀਬ ਡਾਕਟਰ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰ ਰਹੇ ਹਨ, ਇਸ ਸਮੇਂ ਪੌਲੀਕਲੀਨਿਕ ਵਿੱਚ ਰੋਜ਼ਾਨਾ 400 ਦੇ ਕਰੀਬ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਪੌਲੀਕਲੀਨਿਕ ਵਿੱਚ ਮੁੱਖ ਤੌਰ ’ਤੇ ਕਮਜ਼ੋਰ ਵਰਗ ਦੇ ਮਰੀਜ਼ ਆਪਣੇ ਇਲਾਜ ਲਈ ਆਉਂਦੇ ਹਨ ਜੋ ਮਹਿੰਗੇ ਕੰਸਲਟੇਸ਼ਨ ਫੀਸਾਂ ਅਤੇ ਮਹਿੰਗੇ ਡਾਇਗਨੌਸਟਿਕ ਟੈਸਟਾਂ ਦਾ ਖਰਚਾ ਨਹੀਂ ਚੁਕ ਸਕਦੇ ।

ਸ. ਕਾਹਲੋਂ ਨੇ ਅੱਗੇ ਦੱਸਿਆ ਇਸ ਪੌਲੀਕਲੀਨਿਕ ਦੇ ਡਾਇਗਨੌਸਟਿਕ ਸੈਂਟਰ ਦੀ ਰੇਡੀਓਥੈਰੇਪਿਸਟ, ਟੈਕਨੀਸ਼ੀਅਨ ਆਦਿ ਦੀਆਂ ਸੇਵਾਵਾਂ ਆਊਟਸੋਰਸ ਕੀਤੀਆਂ ਗਈਆਂ ਹਨ ਤਾਂ ਜੋ ਸੰਚਾਲਨ ਲਾਗਤ ਨੂੰ ਘੱਟ ਤੋਂ ਘੱਟ ਰੱਖਿਆ ਜਾ ਸਕੇ।

ਸ. ਕਾਹਲੋਂ ਨੇ ਦੱਸਿਆ ਕਿ ਪੋਲੀਕਲੀਨਿਕ ਵਿੱਚ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਦੋ ਮਹੀਨੇ ਪਹਿਲਾਂ 45 ਲੱਖ ਰੁਪਏ ਦੀ ਲਾਗਤ ਵਾਲੀ ਮੈਮੋਗ੍ਰਾਫੀ ਮਸ਼ੀਨ ਲਗਾਈ ਗਈ ਸੀ ਅਤੇ ਸਿਰਫ਼ 800 ਰੁਪਏ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲਾਂ ਵੱਲੋਂ ਰੈਫਰ ਕੀਤੀਆਂ ਔਰਤਾਂ ਡਾਕਟਰੀ ਖਰਚਿਆਂ ਨੂੰ ਘਟਾਉਣ ਲਈ ਇਸ ਪੋਲੀਕਲੀਨਿਕ ਦੀ ਸਹੂਲਤ ਦੀ ਵਰਤੋਂ ਕਰ ਰਹੀਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION