ਯੈੱਸ ਪੰਜਾਬ
ਚੰਡੀਗੜ੍ਹ, 24 ਅਗਸਤ, 2019:
ਵੱਡੇ ਸਿੱਖ ਹਿਤੂ ਹੋਣ ਦਾ ਦਾਅਵਾ ਕਰਦਿਆਂ ਸਨਿਚਰਵਾਰ ਨੂੰ ਚੰਡੀਗੜ੍ਹ ਪੁੱਜੇ ਸੀਨੀਅਰ ਭਾਜਪਾ ਨੇਤਾ ਸੁਬਰਾਨੀਅਮ ਸਵਾਮੀ ਨੇ ‘ਕਰਤਾਰਪੁਰ ਲਾਂਘਾ ਬਨਣਾ ਹੀ ਨਹੀਂ ਚਾਹੀਦਾ ਅਤੇ ਕੰਮ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ‘ ਜਿਹੇ ਬਿਆਨ ਦਿੰਦਿਆਂ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ।
ਅੱਜ ਇਕ ਸਮਾਗਮ ਵਿਚ ਸ਼ਮੂਲੀਅਤ ਲਈ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਪੁੱਜੇ ਸ੍ਰੀ ਸਵਾਮੀ ਸ਼ਾਇਦ ਆਪਣੀ ਗੱਲ ਕਹਿਣ ਲਈ ਉਤਾਵਲੇ ਹੀ ਬੈਠੇ ਸਨ।
ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚ ਖ਼ਰਾਬ ਚੱਲ ਰਹੇ ਸੰਬੰਧਾਂ ਦਾ ਕੋਈ ਅਸਰ ਕਰਤਾਰਪੁਰ ਲਾਂਘੇ ’ਤੇ ਹੋ ਸਕਦਾ ਹੈ, ਸ੍ਰੀ ਸਵਾਮੀ ਨੇ ਇਕਦਮ ਕਿਹਾ ਕਿ ਕਰਤਾਰਪੁਰ ਲਾਂਘਾ ਤਾਂ ਬਨਣਾ ਹੀ ਨਹੀਂ ਚਾਹੀਦਾ।
ਉਹਨਾਂ ਕਿਹਾ ਕਿ ਅਜੇ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਜਦ ਸਮਾਂ ਆਵੇਗਾ ਤਾਂ ਅਸੀਂ ਆਪੇ ਹੀ ਇਹ ਲਾਂਘਾ ਬਣਾ ਲਵਾਂਗੇ।
ਭਾਜਪਾ ਨੇਤਾ ਨੇ ਕਿਹਾ ਕਿ ਮੇਰੀ ਰਾਇ ਹੈ ਕਿ ਜਿੰਨਾ ਕੰਮ ਹੋ ਗਿਆ ਸੋ ਹੋ ਗਿਆ ਅਤੇ ਇਸ ਕੰਮ ਨੂੰ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ, ਇੱਥੇ ਹੀ ਰੋਕ ਦੇਣਾ ਚਾਹੀਦਾ ਹੈ।
ਇਹ ਕਹੇ ਜਾਣ ’ਤੇ ਕਿ ਲਾਂਘੇ ਦਾ ਕਾਫ਼ੀ ਕੰਮ ਹੁਣ ਹੋ ਚੁੱਕਾ ਹੈ, ਸ੍ਰੀ ਸਵਾਮੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਕੁਝ ਬਣ ਗਿਆ ਹੈ, ਉਹ ਤੋੜੋ, ਮੇਰੀ ਰਾਇ ਹੈ ਕਿ ਕੰਮ ਅੱਗੇ ਨਾ ਵਧਾਇਆ ਜਾਵੇ।
ਇਹ ਕਹੇ ਜਾਣ ’ਤੇ ਕਿ ਇਸ ਮਾਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਸ੍ਰੀ ਸਵਾਮੀ ਨੇ ਕਿਹਾ ਕਿ ਸਿੱਖਾਂ ਨੂੰ ਸਮਝਾਣਾ ਪਵੇਗਾ। ਉਹਨਾਂ ਕਿਹਾ ਕਿ ਮੈਂ ਸਿੱਖਾਂ ਨੂੰ ਜਾਣਦਾ ਹਾਂ, ਸਿੱਖ ਰਾਸ਼ਟਰਵਾਦੀ ਹਨ।
ਉਹਨਾਂ ਸਿੱਖਾਂ ਦੇ ਨੇੜੂ ਅਤੇ ਹਿਤੂ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦ ‘ਅਪ੍ਰੇਸ਼ਨ ਬਲੂਸਟਾਰ’ ਹੋਇਆ ਸੀ ਤਾਂ ਕੇਵਲ ਮੈਂ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਚੰਦਰਸ਼ੇਖ਼ਰ, ਹੀ ਸਨ ਜੋ ਸਿੱਖਾਂ ਦੇ ਨਾਲ ਖੜ੍ਹੇ ਹੋਏ ਸਾਂ।
ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਸ ਗੱਲ ਨੂੂੰ ਖ਼ਾਲਿਸਤਾਨੀ ਤਾਂ ਨਹੀਂ ਮੰਨਣਗੇ ਪਰ ਨਾਲ ਹੀ ਉਨ੍ਹਾਂ ਆਖ਼ਿਆ ਕਿ ਮੈਦਾਨ ਵਿਚ ਕੋਈ ਵੀ ਸਿੱਖ ਖ਼ਾਲਿਸਤਾਨ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਜੋ ਵੀ ਸਰਦਾਰ ਖ਼ਾਲਿਸਤਾਨ ਬੋਲੇਗਾ, ਉਸਦਾ ਦਿਮਾਗ਼ ਹੀ ਖ਼ਾਲੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਅਜੇ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ ’ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਅਤੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਜੁੜਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ।