ਯੈੱਸ ਪੰਜਾਬ
ਚੰਡੀਗੜ੍ਹ, 11 ਮਾਰਚ, 2021 –
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵੱਲੋਂ ਸ਼੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਸ਼੍ਰੀ ਨਨਕਾਣਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਦੀ ਯਾਦ ਵਿੱਚ ਆਉਣ ਵਾਲੀ 21 ਮਾਰਚ ਨੂੰ ਪਿੰਡ ਧਾਰੋਵਾਲ ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ।
ਸੈਮੀਨਾਰ ਦੀ ਤਿਆਰੀ ਲਈ ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਨਵੀਨਰ ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਜਿਸ ਵਿੱਚ ਸਾਬਕਾ ਕੈਬਿਨੇਟ ਮੰਤਰੀ ਸ: ਸੇਵਾ ਸਿੰਘ ਸੇਖਵਾਂ, ਸ: ਗੁਰਿੰਦਰ ਸਿੰਘ ਬਾਜਵਾ, ਐਸਜੀਪੀਸੀ ਦੇ ਐਗਜੈਕਟਿਵ ਮੈਂਬਰ ਸ:ਅਮਰੀਕ ਸਿੰਘ ਸ਼ਾਹਪੁਰ, ਮਾਸਟਰ ਜੋਹਰ ਸਿੰਘ, ਸ: ਮਨਜੀਤ ਸਿੰਘ ਭੋਮਾ ਅਤੇ ਸ: ਜਸਬੀਰ ਸਿੰਘ ਘੁੰਮਣ ਸ਼ਾਮਿਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੈਂਬਰ ਸ: ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਸਾਕਾ ਸਿੱਖ ਸ਼ਰਧਾਲੂਆਂ ਵਿੱਚ ਕਾਫ਼ੀ ਮਹੱਤਵ ਰੱਖਦਾ ਹੈ ਅਤੇ ਸਾਕਾ ਨਨਕਾਣਾ ਸਾਹਿਬ ਪਕਿਸਤਾਨ ਅਤੇ ਭਾਰਤ ਦੋਵੇਂ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਵੀ ਇਸ ਸਾਕੇ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਦੀ ਯਾਦ ਵਿੱਚ ਇੱਕ ਸੈਮੀਨਾਰ ਉਨ੍ਹਾਂ ਦੇ ਪਿੰਡ ਧਾਰੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਸਿੱਖ ਸਗੰਤ ਨੂੰ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।