40.1 C
Delhi
Tuesday, May 21, 2024
spot_img
spot_img

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ – ਬੀਬੀ ਜਗੀਰ ਕੌਰ

ਸਿੱਖ ਧਰਮ ਅੰਦਰ ਬੰਦੀ ਛੋੜ ਦਿਵਸ (ਦੀਵਾਲੀ) ਦਾ ਪਿਛੋਕੜ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿਚੋਂ ਰਿਹਾਅ ਹੋਣ ਨਾਲ ਜੁੜਿਆ ਹੋਇਆ ਹੈ। ਰਿਹਾਈ ਮਗਰੋਂ ਇਸ ਦਿਨ ਜਦੋਂ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜੇ ਸਨ ਤਾਂ ਸੰਗਤਾਂ ਵੱਲੋਂ ਦੀਪਮਾਲਾ ਕਰਕੇ ਖੁਸ਼ੀਆਂ ਮਨਾਈਆਂ ਗਈਆਂ।

ਗੁਰੂ ਸਾਹਿਬ ਨੇ ਗਵਾਲੀਅਰ ਕਿਲ੍ਹੇ ਵਿੱਚੋਂ ਬਾਹਰ ਆਉਣ ਸਮੇਂ ਆਪਣੇ ਨਾਲ ਉਨ੍ਹਾਂ ਰਾਜਿਆਂ ਦੀ ਵੀ ਖਲਾਸੀ ਕਰਵਾਈ ਜੋ ਉਥੇ ਜਹਾਂਗੀਰ ਵੱਲੋਂ ਕੈਦੀ ਬਣਾ ਕੇ ਰੱਖੇ ਗਏ ਸਨ। ਸਿੱਖ ਇਤਿਹਾਸ ਦੇ ਇਹ ਪੰਨੇ ਕੂੜ ਉਪਰ ਧਰਮ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਹਨ। ਇਸ ਨਾਲ ਮਨੁੱਖਤਾ ਅੰਦਰ ਮਰ ਚੁੱਕੀ ਅਜ਼ਾਦੀ ਦੀ ਕਿਰਨ ਇਕ ਵਾਰ ਫਿਰ ਤੋਂ ਰੌਸ਼ਨ ਹੋਈ। ਚਲਦੀ ਆ ਰਹੀ ਰਵਾਇਤ ਅਨੁਸਾਰ ਇਸ ਦਿਨ ਸੰਗਤਾਂ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਣ ਦਾ ਅਨੰਦ ਮਾਣਨ ਲਈ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ।

ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ, ਭਾਵੇਂ ਪੀੜਤ ਧਿਰ ਕੋਈ ਵੀ ਹੋਵੇ। ਦਰਅਸਲ ਸਿੱਖੀ ਦੇ ਮੁੱਢਲੇ ਅਸੂਲਾਂ ਵਿਚ ਨਿਆਂ ਅਤੇ ਪਰਉਪਕਾਰ ਮੋਹਰੀ ਹੈ। ਇਸੇ ਤਹਿਤ ਹੀ ਸਿੱਖ ਗੁਰੂ ਸਾਹਿਬਾਨ ਨੇ ਹਰ ਪੀੜਤ ਧਿਰ ਨਾਲ ਖੜ੍ਹਦਿਆਂ ਜ਼ੁਲਮਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਹੱਕ, ਸੱਚ ਤੇ ਨਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ।

ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਸ਼ਸਤਰਧਾਰੀ ਹੋਣਾ ਪਵੇਗਾ। ਇਸੇ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਮੌਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਵਾਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ।

ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ ਸੀ ਜੋ ਅੱਗੇ ਚੱਲ ਕੇ ਆਪਣੇ ਗੁਰੂ ਸਾਹਿਬ ਜੀ ਦੀ ਕਮਾਨ ਥੱਲੇ ਧਰਮ ਖਾਤਿਰ ਆਪਣੀਆਂ ਜਾਨਾਂ ਤੱਕ ਵਾਰ ਗਏ। ਵਕਤ ਦੀ ਸ਼ਕਤੀਸ਼ਾਲੀ ਮੁਗਲੀਆ ਹਕੂਮਤ ਦੇ ਦੌਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਫੌਜ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਸਾਰੀਆਂ ਵਿਚ ਉਹ ਜੇਤੂ ਰਹੇ। ਪਰ ਇਸ ਦੇ ਚਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਅਤੇ ਕੱਟੜ-ਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ।

ਗਵਾਲੀਅਰ ਦੇ ਇਸ ਵਿਸ਼ਾਲ ਅਤੇ ਮਜ਼ਬੂਤ ਕਿਲ੍ਹੇ ਵਿਚ ਹਕੂਮਤ ਵੱਲੋਂ ਇਸ ਮੁਲਕ ਦੇ ਬਹੁਤ ਸਾਰੇ ਬਾਗੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿਚ ਰੱਖੇ ਹੋਏ ਸਨ। ਗੁਰੂ ਸਾਹਿਬ ਦੀ ਗ੍ਰਿਫਤਾਰੀ ਸੁਣ ਕੇ ਸੰਗਤਾਂ ਵਿਆਕੁਲ ਹੋਣ ਲੱਗ ਪਈਆਂ। ਸੰਗਤਾਂ ਸ੍ਰੀ ਅੰਮ੍ਰਿਤਸਰ ਤੋਂ ਗਵਾਲੀਅਰ ਪੁੱਜਦੀਆਂ, ਪਰੰਤੂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਕਿਲ੍ਹੇ ਦੀ ਪਰਕਰਮਾਂ ਕਰਕੇ ਵਾਪਸ ਆ ਜਾਂਦੀਆਂ। ਗੁਰੂ ਸਾਹਿਬ ਦੀ ਆਭਾ ਅਤੇ ਸੰਗਤ ਦੀ ਭਾਵਨਾ ਵੇਖ ਕੇ ਜਹਾਂਗੀਰ ਨੂੰ ਸਮਝ ਪੈ ਗਈ ਕਿ ਇਸ ਲਹਿਰ ਨੂੰ ਬਹੁਤੀ ਦੇਰ ਨਹੀਂ ਦਬਾਇਆ ਜਾ ਸਕਦਾ। ਉਸ ਨੇ ਗੁਰੂ ਜੀ ਨਾਲ ਸੁਲਾ ਕਰਨੀ ਹੀ ਠੀਕ ਸਮਝੀ ਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜੇ।

ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ ਅਤੇ ਉਥੇ ਬੰਦੀ ਬਣਾਏ ਰਾਜਪੂਤ ਰਾਜਿਆਂ ਆਦਿ ਦੀ ਰਿਹਾਈ ਦੀ ਹਕੂਮਤ ਨਾਲ ਗੱਲਬਾਤ ਵੀ ਤੋਰੀ ਅਤੇ ਗੁਰੂ ਸਾਹਿਬ ਜੀ ਦੀ ਸੂਝਬੂਝ ਸਦਕਾ ਕੈਦੀ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਵਿੰਜਾ ਕਲੀਆਂ ਵਾਲਾ ਇਕ ਖਾਸ ਚੋਲਾ ਪਹਿਨਿਆ ਸੀ ਅਤੇ ਉਨ੍ਹਾਂ ਬਵਿੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜ੍ਹਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਿਲ ਕੀਤਾ ਸੀ। ਇਸ ਤਰ੍ਹਾਂ ਇਸ ਦਿਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

ਬੰਦੀ ਛੋੜ ਦਿਵਸ ਸਾਨੂੰ ਉਸ ਮਹਾਨ ਸ਼ਹੀਦ ਦੀ ਵੀ ਯਾਦ ਦਿਵਾਉਂਦੀ ਹੈ ਕਿ ਜਿਸ ਨੇ ਬੰਦ ਬੰਦ ਤਾਂ ਕਟਵਾ ਲਿਆ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਮੁਗ਼ਲ ਸਰਕਾਰ ਸ਼ੁਰੂ ਤੋਂ ਹੀ ਸਿੱਖ ਪੰਥ ਦੇ ਵਿਰੁੱਧ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜੋ ਆਦਰਸ਼ ਉਨ੍ਹਾਂ ਸਾਹਮਣੇ ਰੱਖਿਆ ਇਸ ਨਾਲ ਪੰਥ ਤੇ ਸਰਕਾਰ ਵਿਚ ਟੱਕਰ ਹੋਰ ਤਿੱਖੀ ਹੋ ਗਈ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਨ੍ਹਾਂ ਦੇ ਨਿਸ਼ਾਨਿਆਂ ਦੀ ਪੂਰਤੀ ਦੀ ਜ਼ੁੰਮੇਵਾਰੀ ਖ਼ਾਲਸਾ ਪੰਥ ਦੇ ਮੋਢਿਆਂ ’ਤੇ ਆਣ ਪਈ, ਜਿਸ ਲਈ ਸਮੇਂ ਸਮੇਂ ਸਿਰ ਇਕੱਠੇ ਹੋ ਕੇ ਪੰਥਕ ਪੱਧਰ ਤੇ ਫੈਸਲੇ ਕਰਨ ਦੀ ਲੋੜ ਮਹਿਸੂਸ ਹੋਣ ਲੱਗੀ।

ਬੰਦੀ ਛੋੜ ਦਿਵਸ ਦੇ ਸਲਾਨਾ ਇਕੱਠ ਨੂੰ ਇਸ ਮਨੋਰਥ ਲਈ ਵਰਤਿਆ ਜਾਣ ਲੱਗਾ। ਜਿਸ ਕਾਰਨ ਇਸ ਇਹਾੜੇ ਦੀ ਅਹਿਮੀਅਤ ਵਿਚ ਭਾਰੀ ਵਾਧਾ ਹੋਇਆ। ਇਹ ਫੈਸਲਾ ਉਹ ਗੁਰੂ ਦੀ ਮਤ ਅਨੁਸਾਰ ਕਰਦੇ ਤਾਂ ਹੀ ਇਨ੍ਹਾਂ ਨੂੰ ਗੁਰਮਤਾ ਕਹਿਆ ਜਾਂਦਾ ਸੀ। 18ਵੀਂ ਸਦੀ ਦੇ ਮੁਸ਼ਕਲ ਸਮੇਂ ਵਿਚ ਖ਼ਾਲਸਾ ਪੰਥ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ਇਕੱਠੇ ਹੋ ਕੇ ਅਰੰਭੇ ਸੰਘਰਸ਼ ਵਿਚ ਲੇਖਾ ਜੋਖਾ ਕਰਿਆ ਕਰਦੇ ਸਨ ਤੇ ਪਿਛਲੇ ਸਮੇਂ ਦੀਆਂ ਹੋਈਆਂ ਕੁਤਾਹੀਆਂ ਨੂੰ ਦੂਰ ਕਰਕੇ ਭਵਿੱਖ ਲਈ ਉਸਾਰੂ ਵਿਉਂਤਾਂ ਉਲੀਕਿਆਂ ਕਰਦੇ ਸਨ। ਪਰ ਹਕੂਮਤ ਵੱਲੋਂ ਸਖ਼ਤੀ ਦੇ ਦੌਰ ਵਿਚ ਸਿੱਖਾਂ ਦਾ ਸ੍ਰੀ ਅੰਮ੍ਰਿਤਸਰ ਆਉਣਾ ਮੁਸ਼ਕਲ ਹੋ ਗਿਆ।

ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਭਾਈ ਮਨੀ ਸਿੰਘ ਜੀ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਪ੍ਰਾਪਤ ਕੀਤੀ। ਪਰੰਤੂ ਜਦੋਂ ਉਨ੍ਹਾਂ ਨੂੰ ਜ਼ਕਰੀਆਂ ਖਾਨ ਵੱਲੋਂ ਇਕੱਠੇ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਤਰਤਾ ਨੂੰ ਰੋਕ ਦਿੱਤਾ। ਇਸ ’ਤੇ ਟੈਕਸ ਨਾ ਬਹਾਨਾ ਬਣਾ ਕੇ ਮੰਦ ਨੀਤ ਨਾਲ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਕਰੂਰ ਕਾਰਾ ਕੀਤਾ। ਇਸ ਤਰ੍ਹਾਂ ਬੰਦੀ ਛੋੜ ਦਿਵਸ ਦਾ ਨਾਤਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।

ਇਹੋ ਕਾਰਨ ਹੈ ਕਿ ਬੰਦੀ ਛੋੜ ਦਿਵਸ ’ਤੇ ਹਰ ਸਾਲ ਸਿੱਖ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਆਪਣੇ ਜੀਵਨ ਨੂੰ ਗੁਰਮਤਿ ਦੀਆਂ ਸੇਧਾਂ ਵਿਚ ਤੋਰਨ ਲਈ ਇਨ੍ਹਾਂ ਚਾਨਣ ਮੁਨਾਰਿਆ ਦੀ ਸਹਾਇਤਾ ਲੈਣ ਦੇ ਯਤਨ ਕਰਦੇ ਹਨ। ਅੱਜ ਵੀ ਖ਼ਾਲਸਾ ਪੰਥ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ਅੰਮ੍ਰਿਤਸਰ ਵਿਚ ਭਾਰੀ ਗਿਣਤੀ ਵਿਚ ਇਕੱਠਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ। ਮੰਤਵ ਇਹ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਨਾਲ ਜੁੜ ਕੇ ਭਵਿੱਖ ਦੀਆਂ ਤਰਜ਼ੀਹਾਂ ਨਿਰਧਾਰਤ ਕਰੇ। ਸੋ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ’ਤੇ ਜਿਥੇ ਸਿੱਖ ਨੇ ਹੱਕ ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ਼ ਨੂੰ ਦ੍ਰਿੜ ਕਰਨਾ ਹੈ ਉਥੇ ਸਿੱਖੀ ਸਿਖਰ ਦੀ ਪ੍ਰਪੱਕਤਾ ਨੂੰ ਰੋਮ ਰੋਮ ਵਿਚ ਵਸਾਉਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION