30.6 C
Delhi
Tuesday, April 30, 2024
spot_img
spot_img

ਟਾਈਟਲਰ ਮਾਮਲੇ ’ਤੇ ਜਾਖ਼ੜ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ – ਕਾਂਗਰਸ ਹਾਈਕਮਾਨ, ਅੰਬਿਕਾ ਸੋਨੀ ਅਤੇ ਮੁੱਖ ਮੰਤਰੀ ਚੰਨੀ ’ਤੇ ਉਠਾਏ ਸਵਾਲ

ਯੈੱਸ ਪੰਜਾਬ
ਚੰਡੀਗੜ੍ਹ, 30 ਅਕਤੂਬਰ, 2021:
ਕਾਂਗਰਸ ਹਾਈਕਮਾਨ ਦੇ ਇਸ਼ਾਰੇ ’ਤੇ ਪ੍ਰਦੇਸ਼ ਕਾਂਗਰਸ ਦੀਆਂ ਕੁੰਜੀਆਂ ਸ: ਨਵਜੋਤ ਸਿੰਘ ਸਿੱਧੂ ਦੇ ਹਵਾਲੇ ਕਰਨ ਉਪਰੰਤ ਕਿਸੇ ਚੰਗੀ ‘ਅਡਜਸਟਮੈਂਟ’ ਦੀ ਉਮੀਦ ਲਾਈ ਬੈਠੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਹੱਥੋਂ ਮੁੱਖ ਮੰਤਰੀ ਦੀ ਕੁਰਸੀ ਆਉਂਦੇ ਆਉਂਦੇ ਨਿਕਲ ਜਾਣ ਤੋਂ ਬਾਅਦ ਸ੍ਰੀ ਜਾਖ਼ੜ ਨੇ ਹੁਣ ਬਗਾਵਤੀ ਸੁਰ ਅਖ਼ਤਿਆਰ ਕੀਤੇ ਹੋਏ ਹਨ ਅਤੇ ਉਹ ਮੌਕਾ ਬੇਮੌਕਾ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ‘ਹਿਸਾਬ ਬਰਾਬਰ’ ਕਰ ਰਹੇ ਹਨ।

ਇਹ ਵੱਖ਼ਰੀ ਗੱਲ ਹੈ ਕਿ ਕਾਂਗਰਸ ਹਾਈਕਮਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਉਨ੍ਹਾਂ ਨੂੰ ਹੁਣ ਗਾਹੇ ਬਗਾਹੇ ਮੌਕਾ ਦਿੰਦੇ ਜਾ ਰਹੇ ਹਨ ਜਿਸ ਉੱਤੇ ਚੁੱਟਕੀ ਲੈਣ ਜਾਂ ਫ਼ਿਰ ਵਾਰ ਕਰਨ ਦਾ ਮੌਕਾ ਸ੍ਰੀ ਜਾਖ਼ੜ ਖੁੰਝਣ ਨਹੀਂ ਦੇ ਰਹੇ।

ਕਾਂਗਰਸ ਹਾਈਕਮਾਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ਵਿੱਚ ‘ਪਰਮਾਨੈਂਟ ਇਨਵਾਈਟੀ’ ਨਿਯੁਕਤ ਕੀਤੇ ਜਾਣ ਦੇ ਅਤਿ ਸੰਵੇਦਨਸ਼ੀਲ ਮੁੱਦੇ ਅਤੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਐਲਾਨੇ ਜਾਣ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸੀਨੀਅਰ ਕਾਂਗਰਸ ਨੇਤਾ ਸ੍ਰੀਮਤੀ ਅੰਬਿਕਾ ਸੋਨੀ ਨਾਲ ਦਿੱਲੀ ਵਿਖ਼ੇ ਹੋਈ ਮੁਲਾਕਾਤ ਦੀਆਂ ਤਾਰਾਂ ਜੋੜਦਿਆਂ ਸ੍ਰੀ ਜਾਖ਼ੜ ਨੇ ਇਕ ਵੱਡਾ ਹਮਲਾ ਬੋਲਿਆ ਹੈ।

ਉਨ੍ਹਾਂ ਨੇ ਕਿਹਾ ਹੈਕਿ ਟਾਈਟਲਰ ਦੀ ਨਿਯੁਕਤੀ ਪੰਜਾਬ ਲਈ ਬੜਾ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਆਖ਼ਿਆ ਹੈ ਕਿ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਨੇ ਸ੍ਰੀਮਤੀ ਅੰਬਿਕਾ ਸੋਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦਾ ‘ਫ਼ੀਡਬੈਕ‘ ਲੈ ਕੇ ਹੀ ਫ਼ੈਸਲਾ ਲਿਆ ਹੋਵੇਗਾ।

ਜ਼ਿਕਰਯੋਗ ਹੈ ਕਿ ਸ੍ਰੀ ਜਾਖ਼ੜ ਦਾ ਨਾਂਅ ਜਿਸ ਵੇਲੇ ਮੁੱਖ ਮੰਤਰੀ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਸੀ ਤਾਂ ਉਸ ਦੇ ਅਤੇ ਆਪਣੇ ਨਾਂਅ ਦੇ ਵਿਰੋਧ ਵਿੱਚ ਸ੍ਰੀਮਤੀ ਅੰਬਿਕਾ ਸੋਨੀ ਨੇ ਇਹ ਕਿਹਾ ਸੀ ਕਿ ਪੰਜਾਬ ਵਿੱਚ ਕੋਈ ਸਿੱਖ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਸਮਝਿਆ ਜਾਂਦਾ ਹੈ ਕਿ ਸ੍ਰੀਮਤੀ ਅੰਬਿਕਾ ਸੋਨੀ ਦੀ ਇਸ ਦਲੀਲ ਨੇ ਕੇਵਲ ਸ੍ਰੀਮਤੀ ਸੋਨੀ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਪਰ੍ਹਾਂ ਨਹੀਂ ਸੀ ਕੀਤਾ ਸਗੋਂ ਸ੍ਰੀ ਜਾਖ਼ੜ ਦੇ ਨਾਂਅ ’ਤੇ ਵੀ ਕਾਟਾ ਫ਼ਿਰਵਾ ਦਿੱਤਾ ਸੀ।

ਦੂਜੇ ਬੰਨੇ ਭਾਵੇਂ ਸ੍ਰੀ ਜਾਖ਼ੜ ਨੇ ਸ: ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਬਾਰੇ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਲਗਾਤਾਰ ਸ:ਚੰਨੀ ’ਤੇ ਵੀ ਨਿਸ਼ਾਨੇ ਸਾਧਦੇ ਆ ਰਹੇ ਹਨ।

ਉਨ੍ਹਾਂ ਨੇ ਬੀਤੇ ਦਿਨੀਂ ਸ: ਚੰਨੀ ਦੇ ਦਿੱਲੀ ਵਿੱਚ ਹੋਣ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿੱਚ ਹੋਣ ’ਤੇ ਤਿੱਖਾ ਤਨਜ਼ ਕੱਸਦਿਆਂ ਟਵੀਟ ਕੀਤਾ ਸੀ ਕਿ ‘ਇਕ ਵਾਰ ਫ਼ਿਰ, ਪੰਜਾਬ ਦਾ ਮੁੱਖ ਮੰਤਰੀ ਦਿੱਲੀ ਵਿੱਚ, ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿੱਚ। ਇਹ ਕਹਿਣਾ ਹੀ ਹੋਵੇਗਾ ਕਿ ਦੋਹਾਂ ਵਿੱਚੋਂ ਇਕ ਦੀ ਟਾਈਮਿੰਗ ਤਾਂ ਠੀਕ ਹੈ।’ ਕੱਢਣ ਵਾਲੇ ਇਸ ਦਾ ਅਰਥ ਇਹ ਵੀ ਕੱਢ ਰਹੇ ਹਨ ਕਿ ਸ੍ਰੀ ਕੇਜਰੀਵਾਲ ਦੀ ਟਾਈਮਿੰਗ ਠੀਕ ਸੀ ਕਿਉਂਕਿ ਉਹ ਤਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਏ ਸਨ ਪਰ ਸ: ਚੰਨੀ ਉਸ ਵੇਲੇ ਦਿੱਲੀ ਵਿੱਚ ਕੀ ਕਰ ਰਹੇ ਸਨ, ਜਦ ਰਾਜ ਅੰਦਰ ਚੋਣਾਂ ਬਹੁਤ ਨੇੜੇ ਹਨ।

ਸ੍ਰੀ ਜਾਖ਼ੜ ਵੱਲੋਂ ਸ੍ਰੀ ਟਾਈਟਲਰ ਦੀ ਨਿਯੁਕਤੀ ਵਾਲੀ ਗੱਲ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਦੇ ਤਾਰ ਛੇੜਣ ਵਾਲੀ ਹੈ।

ਸ੍ਰੀ ਜਾਖ਼ੜ ਦਾ ਅੱਜ ਵਾਲਾ ਤਨਜ਼ ਇਕ ਤੀਰ ਨਾਲ ਤਿੰਨ ਨਿਸ਼ਾਨੇ ਵਿੰਨ੍ਹਦਾ ਹੋਇਆ ਉਸ ਕਾਂਗਰਸ ਹਾਈਕਮਾਨ ਨੂੰ ਵੀ ਨਿਸ਼ਾਨਾ ਬਣਾ ਗਿਆ ਹੈ ਜਿਸ ਨੇ ਪਹਿਲਾਂ ਸ੍ਰੀ ਜਾਖ਼ੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕੀਤਾ ਅਤੇ ਫ਼ਿਰ ਮੁੱਖ ਮੰਤਰੀ ਦੇ ਤੌਰ ’ਤੇ ਉਨ੍ਹਾਂ ਦਾ ਨਾਂਅ ਵਿਚਾਰ ਕੇ ਉਨ੍ਹਾਂ ਨੂੰ ਲਾਂਭੇ ਕਰਦਿਆਂ ਸ: ਚੰਨੀ ਨੂੰ ਰਾਜ ਅੰਦਰ ‘ਦਲਿਤ ਚਿਹਰੇ’ ਵਜੋਂ ਪੇਸ਼ ਕਰ ਦਿੱਤਾ।

ਹਾਈ ਕਮਾਨ ਅਤੇ ਸ੍ਰੀਮਤੀ ਅੰਬਿਕਾ ਸੋਨੀ ਨਾਲ ਨਾਰਾਜ਼ਗੀ ਦੇ ਤਾਂ ਸ੍ਰੀ ਜਾਖ਼ੜ ਦੇ ਕਾਰਨ ਬਿਲਕੁਲ ਸਪਸ਼ਟ ਹਨ ਪਰ ਇਸ ਮਾਮਲੇ ਵਿੱਚ ਅਤੇ ਇਸ ਤੋਂ ਪਹਿਲਾਂ ਵੀ ਸ: ਚੰਨੀ ਨੂੰ ਨਿਸ਼ਾਨਾ ਬਣਾਏ ਜਾਣ ਦੇ ਸ੍ਰੀ ਜਾਖ਼ੜ ਦੇ ਕਾਰਨਾਂ ਬਾਰੇ ਸਿਆਸੀ ਹਲਕਿਆਂ ਵਿੱਚ ਵੱਖ ਵੱਖ ਚਰਚਾਵਾਂ ਹਨ।

ਉੱਧਰ ਸ੍ਰੀ ਜਾਖ਼ੜ ਵੱਲੋਂ ਕੀਤੀ ਟਿੱਪਣੀ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ:ਦਲਜੀਤ ਸਿੰਘ ਚੀਮਾ ਨੇ ਵੀ ਸ:ਚੰਨੀ ਨੂੰ ਸਵਾਲ ਕੀਤਾ ਹੇ ਕਿ ਉਹ ਇਸ ਮਾਮਲੇ ਵਿੱਚ ਆਪਣੀ ਭੂਮਿਕਾ ਸਪਸ਼ਟ ਕਰਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION