ਯੈੱਸ ਪੰਜਾਬ
ਨਵੀਂ ਦਿੱਲੀ,30 ਜੂਨ, 2021:
ਮੰਗਲਵਾਰ ਨੂੰ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਨ ਦਿੱਲੀ ਪੁੱਜੇ ਪੰਜਾਬ ਦੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਅਤੇ ਸ਼ਾਮ ਨੂੰ ਸ੍ਰੀ ਰਾਹੁਲ ਗਾਂਧੀ ਨੂੰ ਮਿਲੇ।
ਦੋਹਾਂ ਆਗੂਆਂ ਨਾਲ ਹੋਈ ਗੱਲਬਾਤ ਦਾ ਕੋਈ ਵੇਰਵਾ ਨਹੀਂ ਮਿਲਿਆ ਪਰ ਚਰਚਾਵਾਂ ਦਾ ਬਜ਼ਾਰ ਗਰਮ ਹੈ ਅਤੇ ਕੁਝ ਚੈਨਲਾਂ ਵੱਲੋਂ ਸੂਤਰਾਂ ਦੇ ਆਧਾਰ ’ਤੇ ਇਹ ਰਿਪੋਰਟਿੰਗ ਕੀਤੀ ਜਾ ਰਹੀ ਹੈ ਕਿ ਸ: ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਉਨ੍ਹਾਂ ਨੂੰ 2022 ਪੰਜਾਬ ਚੋਣਾਂ ਲਈ ‘ਚੋਣ ਪ੍ਰਚਾਰ ਕਮੇਟੀ’ ਦਾ ਮੁਖ਼ੀ ਵੀ ਥਾਪਿਆ ਜਾ ਸਕਦਾ ਹੈ। ‘ਯੈੱਸ ਪੰਜਾਬ’ ਫ਼ਿਰ ਸਪਸ਼ਟ ਕਰਦਾ ਹੈ ਕਿ ਇਹ ਸਭ ਚਰਚਾਵਾਂ ਹਨ ਅਤੇ ਅਜੇ ਕੋਈ ਅਧਿਕਾਰਤ ਤਾਂ ਕੀ ਸੂਤਰਾਂ ਤੋਂ ਵੀ ਐਸੀ ਕੋਈ ਜਾਣਕਾਰੀ ਨਹੀਂ ਹੈ।
ਅੱਜ ਦੇ ਦਿਨ ਦਾ ਸਭ ਤੋਂ ਵਿਸ਼ੇਸ਼ ਪਹਿਲੂ ਰਿਹਾ ਸ੍ਰੀਮਤੀ ਪ੍ਰਿਅੰਕਾ ਗਾਂਧੀ ਵੱਲੋਂ ਪੰਜਾਬ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ਕੀਤੀ ਗਈ ਭੱਜ ਦੌੜ ਅਤੇ ਮਿਹਨਤ।
ਅੱਜ ਸਵੇਰੇ ਸ: ਸਿੱਧੂ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੇ ਘਰ ਪੁੱਜੇ ਤਾਂ ਦੋਹਾਂ ਨੇਤਾਵਾਂ ਵਿਚਕਾਰ ਇਕ ਵਿਰਾਮ ਨਾਲ ਲੰਬੀ ਮੁਲਾਕਾਤ ਹੋਈ। 3 ਘੰਟੇ ਦੀ ਦੱਸੀ ਜਾ ਰਹੀ ਇਸ ਮੀਟਿੰਗ ਦੌਰਾਨ ਸ੍ਰੀਮਤੀ ਪ੍ਰਿਅੰਕਾ ਗਾਂਧੀ ਸ: ਸਿੱਧੂ ਨਾਲ ਆਪਣੇ ਘਰ ਵਿਖ਼ੇ ਚੱਲ ਰਹੀ ਮੀਟਿੰਗ ਅੱਧਵਾਟੇ ਹੀ ਛੱਡ ਕੇ ਸ੍ਰੀ ਰਾਹੁਲ ਗਾਂਧੀ ਦੇ ਤੁਗਲਕ ਰੋਡ ਨਿਵਾਸ ’ਤੇ ਗਏ ਅਤੇ ਅੱਧੇ ਘੰਟੇ ਦੀ ਮੀਟਿੰਗ ਮਗਰੋਂ ਸ੍ਰੀ ਰਾਹੁਲ ਗਾਂਧੀ ਦੇ ਘਰੋਂ ਨਿਕਲ ਕੇ ਸ੍ਰੀਮਤੀ ਸੋਨੀਆ ਗਾਂਧੀ ਦੀ 10 ਜਨਪਥ ਸਥਿਤ ਰਿਹਾਇਸ਼ ’ਤੇ ਪੁੱਜੇ।
ਮੰਗਲਵਾਰ ਦਾ ਦਿਨ ਵੀ ਸ: ਸਿੱਧੂ ਬਾਰੇ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ ਸੀ ਕਿਉਂਕ ਸੋਮਵਾਰ ਨੂੂੰ ਉਨ੍ਹਾਂ ਦੀ ਟੀਮ ਵੱਲੋਂ ਖ਼ੁਦ ਮੀਡੀਆ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਮੰਗਲਵਾਰ, 29 ਜੂਨ ਨੂੰ ਦਿੱਲੀ ਜਾ ਰਹੇ ਹਨ ਜਿੱਥੇ ਉਨ੍ਹਾਂ ਦੀ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਹੈ। ਇਸ ਖ਼ਬਰ ਨੂੰ ਮੀਡੀਆ ਨੇ ਪ੍ਰਮੁੱਖ਼ਤਾ ਨਾਲ ਪੇਸ਼ ਕੀਤਾ ਅਤੇ ਨਿਗਾਹਾਂ ਮੰਗਲਵਾਰ ’ਤੇ ਟਿਕ ਗਈਆਂ।
ਪਰ ਮੰਗਲਵਾਰ ਨੂੰ ਸ: ਸਿੱਧੂ ਦੇ ਪਟਿਆਲਾ ਤੋਂ ਚੱਲਣ ਤੋਂ ਲੈ ਕੇ ਦਿੱਲੀ ਪੁੱਜਣ ਅਤੇ ਕੋਈ ਮੁਲਾਕਾਤ ਨਾ ਹੋਣ ਦੀ ਚਰਚਾ ਤਾਂ ਰਹੀ ਹੀ ਪਰ ਇਸ ਦਿਨ ਦਾ ਸਾਰਾ ਧਿਆਨ ਸ੍ਰੀ ਰਾਹੁਲ ਗਾਂਧੀ ਦੇ ਉਸ ਬਿਆਨ ਵੱਲ ਕੇਂਦਰਿਤ ਹੋ ਗਿਆ ਜਿਸ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਸ: ਸਿੱਧੂ ਨਾਲ ਮੀਟਿੰਗ ਬਾਰੇ ਪੁੱਛੇ ਜਾਣ ’ਤੇ ਕਿਹਾ ਸੀ ‘ਨੋ ਮੀਟਿੰਗ ਵਿਦ ਸਿੱਧੂ’।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ