27.1 C
Delhi
Saturday, April 27, 2024
spot_img
spot_img

6 ਸਾਲਾ ਵਿਦਿਆਰਥੀ ਵੱਲੋਂ ਅਧਿਆਪਕ ਦੇ ਗੋਲੀ ਮਾਰਨ ਦੀ ਘਟਨਾ ਤੋਂ ਸਭ ਹੈਰਾਨ ਤੇ ਪ੍ਰੇਸ਼ਾਨ, ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੇ ਮੁੱਦੇ ‘ਤੇ ਪੁਲਿਸ ਜਕੋਤੱਕੀ ਵਿੱਚ

6-yr old shooting teacher in US leaves people surprised, police in dilemma

ਯੈੱਸ ਪੰਜਾਬ
ਸੈਕਰਾਮੈਂਟੋ, 8 ਜਨਵਰੀ, 2023 (ਹੁਸਨ ਲੜੋਆ ਬੰਗਾ)
ਨਿਊਪੋਰਟ ਨਿਊਜ (ਵਰਜੀਨੀਆ) ਦੇ ਰਿਚਨੈਕ ਐਲਮੈਂਟਰੀ ਸਕੂਲ ਵਿਚ ਬੀਤੇ ਦਿਨ ਇਕ 6 ਸਾਲਾ ਵਿਦਿਆਰਥੀ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਮੁੱਖੀ ਸਟੀਵ ਡਰੀਊ ਨੇ ਵਿਦਿਆਰਥੀ ਦੇ ਪੁਲਿਸ ਹਿਰਾਸਤ ਵਿਚ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਸੀਂ ਆਪਣੇ ਵਕੀਲ ਤੇ ਹੋਰਨਾਂ ਨਾਲ ਸੰਪਰਕ ਵਿਚ ਹਾਂ ਤਾਂ ਜੋ ਏਨੀ ਛੋਟੀ ਉਮਰ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਨੂੰ ਠੀਕ ਢੰਗ ਨਾਲ ਨਜਿੱਠਿਆ ਜਾ ਸਕੇ।

ਸਟੀਵ ਨੇ ਇਹ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ ਤੇ ਅਧਿਆਪਕ ਵਿਚਾਲੇ ਬਹਿਸ ਹੋਈ ਸੀ ਜਿਸ ਉਪਰੰਤ ਵਿਦਿਆਰਥੀ ਨੇ ਹਥਿਆਰ ਨਾਲ ਇਕ ਗੋਲੀ ਚਲਾਈ ਜੋ ਸਿੱਧੀ ਅਧਿਆਪਕਾ ਨੂੰ ਲੱਗੀ। ਇਹ ਅਚਨਚੇਤ ਗੋਲੀ ਚੱਲਣ ਦਾ ਮਾਮਲਾ ਨਹੀਂ ਹੈ। ਹਾਲਾਂ ਕਿ ਪੁਲਿਸ ਨੇ ਅਧਿਆਪਕ ਤੇ ਵਿਦਿਆਰਥੀ ਦੇ ਨਾਂ ਨਸ਼ਰ ਨਹੀਂ ਕੀਤੇ ਹਨ ਪਰੰਤੂ ਜੇਮਜ ਮੈਡੀਸਨ ਯੁਨੀਵਰਸਿਟੀ ਜਿਥੋਂ ਅਧਿਆਪਕਾ ਨੇ ਸਿੱਖਿਆ ਪ੍ਰਾਪਤ ਕੀਤੀ, ਨੇ ਅਧਿਆਪਕਾ ਦੀ ਪਛਾਣ ਐਬੀ ਵਰਨਰ ਵਜੋਂ ਕੀਤੀ ਹੈ। ਅਧਿਆਪਕਾ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਪੁਲਿਸ ਅਨੁਸਾਰ ਉਸ ਦੀ ਹਾਲਤ ਸਥਿੱਰ ਹੈ।

ਪੁਲਿਸ ਮੁੱਖੀ ਨੇ ਕਿਹਾ ਹੈ ਕਿ ਅਸੀਂ ਜਾਣਨਾ ਚਹੁੰਦੇ ਹਾਂ ਕਿ ਵਿਦਿਆਰਥੀ ਕੋਲ ਹਥਿਆਰ ਕਿਥੋਂ ਆਇਆ। ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਨਿਊਪੋਰਟ ਨਿਊਜ ਦੇ ਮੇਅਰ ਫਿਲਪ ਡੀ ਜੋਨਜ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਮੁੱੱਚਾ ਭਾਈਚਾਰਾ ਸਦਮੇ ਵਿਚ ਹੈ। ਇਕ 6 ਸਾਲ ਦੇ ਪਹਿਲੀ ਸ਼੍ਰੇਣੀ ਦੇ ਵਿਦਿਆਰਥੀ ਵੱਲੋਂ ਭਰੀ ਹੋਈ ਹੈਂਡਗੰਨ ਸਕੂਲ ਲਿਆਉਣਾ ਤੇ ਅਧਿਆਪਕ ਦੇ ਗੋਲੀ ਮਾਰਨ ਦੀ ਗੱਲ ਸਾਡੇ ਗਲੇ ਵਿਚੋਂ ਨਹੀਂ ਉਤਰਦੀ ਪਰੰਤੂ ਇਹ ਵੀ ਸੱਚ ਹੈ ਕਿ ਸਾਡਾ ਭਾਈਚਾਰਾ ਇਸ ਸਮੱਸਿਆ ਨਾਲ ਜੂਝ ਰਿਹਾ ਹੈ।

ਉਨਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਬੱਚੇ ਨੂੰ ਲੋੜੀਂਦੀ ਮੱਦਦ ਤੇ ਸੇਵਾਵਾਂ ਮਿਲਣ। ਨਿਊਪੋਰਟ ਨਿਊਜ ਪਬਲਿਕ ਸਕੂਲ ਸੁਪਰਡੈਂਟ ਡਾ ਜਾਰਜ ਪਾਰਕਰ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਉਹ ਬਹੁਤ ਦੁੱਖੀ ਹੈ। ਉਨਾਂ ਨੇ ਬੱਚਿਆਂ ਤੋਂ ਹਥਿਆਰ ਦੂਰ ਰਖਣ ਸਬੰਧੀ ਲੋੜੀਂਦੇ ਕਦਮ ਚੁੱਕਣ ਉਪਰ ਜੋਰ ਦਿੱਤਾ ਹੈ।

ਉਨਾਂ ਕਿਹਾ ਬੱਚਿਆਂ ਨੂੰ ਸਿੱਖਿਆ ਦੇਣ ਤੇ ਸੁਰੱਖਿਅਤ ਰਖਣ ਦੀ ਲੋੜ ਹੈ। ਸਕੂਲ ਦੇ ਪਿੰਸੀਪਲ ਬਰੀਆਨਾ ਫੋਸਟਰ ਨਿਊਟੋਨ ਨੇ ਇਕ ਬਿਆਨ ਵਿਚ ਮੰਗਲਵਾਰ ਤੱਕ ਸਕੂਲ ਬੰਦ ਰਖਣ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਕੂਲ ਬੰਦ ਰਖਣ ਦਾ ਸਮਾਂ ਵਧਾਇਆ ਗਿਆ ਤਾਂ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਮੁੱਚਾ ਸਟਾਫ ਤੇ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈ ਕੇ ਸਦਮੇ ਵਿਚ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION