27.1 C
Delhi
Friday, April 26, 2024
spot_img
spot_img

6 ਕਾਂਗਰਸ ਵਿਧਾਇਕਾਂ ਨੂੰ ਕੈਬਨਿਟ ਦਰਜਾ ਪੰਜਾਬ ਦੇ ਖਜ਼ਾਨੇ ਦੀ ਚਿੱਟੇ ਦਿਨੀਂ ਲੁੱਟ ਦੇ ਤੁਲ: ਮਜੀਠੀਆ

ਚੰਡੀਗੜ੍ਹ, 10 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਛੇ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਅਤੇ ਕੈਬਨਿਟ ਤੇ ਰਾਜ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖਜ਼ਾਨੇ ਉੱਤੇ ਵਾਧੂ ਬੋਝ ਪਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਜਿਸ ਸਰਕਾਰ ਕੋਲ ਮਿਡ ਡੇਅ ਭੋਜਨ, ਦਲਿਤ ਵਜ਼ੀਫਿਆਂ, ਸਮਾਜ ਭਲਾਈ ਸਕੀਮਾਂ, ਗੰਨੇ ਦੇ ਬਕਾਏ, ਡੀਏ ਦੀਆਂ ਕਿਸ਼ਤਾਂ, ਹੜ੍ਹਪੀੜਤਾਂ ਨੂੰ ਮੁਆਵਜ਼ਾ ਜਾਂ ਇੱਥੋਂ ਤਕ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਨੂੰ ਮਨਾਉਣ ਲਈ ਵੀ ਪੈਸੇ ਨਹੀਂ ਹਨ, ਉਸ ਨੂੰ ਇੰਨੀ ਵੱਡੀ ਫਜ਼ੂਲਖਰਚੀ ਨਹੀਂ ਕਰਨੀ ਚਾਹੀਦੀ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਸਰਕਾਰ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਸਹੂਲਤਾਂ ਅਤੇ ਲਾਭ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਸ ਨੇ ਪੰਜ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਮੰਤਰੀਆਂ ਦਾ ਦਰਜਾ ਦੇ ਦਿੱਤਾ ਹੈ ਜਦਕਿ ਇੱਕ ਵਿਧਾਇਕ ਨੂੰ ਸਲਾਹਕਾਰ ਥਾਪ ਕੇ ਰਾਜ ਮੰਤਰੀ ਬਣਾ ਦਿੱੱਤਾ ਹੈ।

ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਾਂਗਰਸ ਦਾ ਧਿਆਨ ਸਿਰਫ ਆਪਣੀ ਸਰਕਾਰ ਨੂੰ ਡਿਗਣ ਤੋਂ ਬਚਾਉਣ ਵੱਲ ਹੈ ਅਤੇ ਇਸ ਪ੍ਰਕਿਰਿਆ ਵਿਚ ਸਰਕਾਰ ਨੇ ਸੂਬੇ ਦੁਰਲੱਭ ਸਰੋਤਾਂ ਨੂੰ ਆਪਣੇ ਆਗੂਆਂ ਉੱਤੇ ਖਰਚਣਾ ਸ਼ੁਰੂ ਕਰ ਦਿੱਤਾ ਹੈ। ਇਹ ਕਾਰਵਾਈ ਸਰਕਾਰੀ ਖਜ਼ਾਨੇ ਉੱਤੇ ਦਿਨ ਦਿਹਾੜੇ ਡਾਕਾ ਮਾਰਨ ਦੇ ਸਮਾਨ ਹੈ। ਉਹਨਾਂ ਕਿਹਾ ਕਿ ਤਾਜ਼ਾ ਨਿਯੁਕਤੀਆਂ ਨਾਲ ਸਰਕਾਰ ਅੰਦਰ ਸਿਆਸੀ ਨਿਯੁਕਤੀਆਂ ਦੀ ਗਿਣਤੀ 26 ਹੋ ਗਈ ਹੈ, ਜਿਹਨਾਂ ਵਿਚ 12 ਸਲਾਹਕਾਰ, ਚਾਰ ਸਿਆਸੀ ਸਕੱਤਰ, 9 ਵਿਸ਼ੇਸ਼ ਕਾਰਜ ਵਾਹਕ ਅਧਿਕਾਰੀ ਅਤੇ ਇੱਕ ਮੁੱਖ ਸੰਸਦੀ ਸਲਾਹਕਾਰ ਸ਼ਾਮਿਲ ਹੈ।

ਸਰਕਾਰੀ ਖ਼ਜ਼ਾਨੇ ਨਾਲ ਆਪਣੇ ਵਿਧਾਇਕਾਂ ਦੇ ਢਿੱਡ ਭਰਨ ਤੋਂ ਇਲਾਵਾ ਇਸ ਕਾਰਵਾਈ ਲਈ ਕਾਂਗਰਸ ਦੀ ਕਿਸੇ ਵੀ ਦਲੀਲ ਨੂੰ ਰੱਦ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪਹਿਲੀ ਵਾਰ ਜਾਂ ਦੂਜੀ ਵਾਰ ਵਿਧਾਇਕ ਬਣਿਆ ਕਾਂਗਰਸੀ ਆਗੂ ਦੋ ਵਾਰ ਮੁੱਖ ਮੰਤਰੀ ਬਣ ਚੁੱਕੇ ਵਿਅਕਤੀ (ਕੈਪਟਨ ਅਮਰਿੰਦਰ ਸਿੰਘ) ਨੂੰ ਕੀ ਸਲਾਹ ਦੇ ਸਕਦਾ ਹੈ? ਉੁਹਨਾਂ ਕਿਹਾ ਕਿ ਕੀ ਕਾਂਗਰਸ ਪਾਰਟੀ ਦੀ ਸੋਚ ਦਾ ਦੀਵਾਲਾ ਨਿਕਲ ਗਿਆ ਹੈ ਅਤੇ ਕਾਂਗਰਸ ਸਰਕਾਰ ਨੈਤਿਕ ਤੌਰ ਤੇ ਇੰਨੀ ਨਿੱਘਰ ਗਈ ਹੈ ਕਿ ਇਹ ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਆਮ ਆਦਮੀ ਦਾ ਗਲ ਵੱਢਣ ਲਈ ਤਿਆਰ ਹੈ।

ਇਹ ਕਹਿੰਦਿਆਂ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਕਾਂਗਰਸੀ ਵਿਧਾਇਕਾਂ ਨੂੰ ਵੋਟਰਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਇਹ ਕਾਰਵਾਈ ਵਿਧਾਇਕਾਂ ਨੂੰ ਇਸ ਜਲਾਲਤ ਤੋਂ ਕੱਢਣ ਲਈ ਕੀਤੀ ਗਈ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਨਿਯੁਕਤੀਆਂ ਗੈਰਕਾਨੂੰਨੀ ਅਤੇ ਸੰਵਿਧਾਨਿਕ ਨਿਯਮਾਂ ਦੇ ਵਿਰੁੱਧ ਹਨ। ਉਹਨਾਂ ਕਿਹਾ ਕਿ ਵਿਧਾਇਕ ਲਾਭ ਵਾਲਾ ਅਹੁਦਾ ਨਹੀਂ ਸੰਭਾਲ ਸਕਦੇ ਹਨ ਜੋ ਇਹਨਾਂ ਵਿਧਾਇਕਾਂ ਨੇ ਸੰਭਾਲਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਅਣਮਨੁੱਖੀ ਰਵੱਈਏ ਕਰਕੇ ਸੂਬੇ ਦੇ ਲੋਕ ਨਰਕ ਭੋਗ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ 25 ਲੱਖ ਵਿਦਿਆਰਥੀਆਂ ਨੂੰ ਮਿਡ ਡੇਅ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਨੇ ਇਸ ਵਾਸਤੇ ਫੰਡ ਜਾਰੀ ਨਹੀਂ ਕੀਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੋਸ਼ਣ ਮਹੀਨਾ ਮਨਾਉਣ ਲਈ ਪੰਜ ਤਾਰਾ ਹੋਟਲਾਂ ਵਿਚ ਸਮਾਗਮ ਕਰ ਰਹੀ ਹੈ ਜਦਕਿ ਇਸ ਵੱਲੋਂ ਆਂਗਣਵਾੜੀ ਕੇਂਦਰਾਂ ਵਿਚ ਜਾ ਰਹੇ 5 ਲੱਖ ਗਰੀਬ ਬੱਚਿਆਂ ਨੂੰ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ।

ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਦਲਿਤ ਵਜ਼ੀਫੇ ਬੰਦ ਕਰਨ ਕਰਕੇ ਕਾਲਜਾਂ ਵਿਚ ਦਲਿਤ ਵਿਦਿਆਰਥੀਆਂ ਦੀ ਗਿਣਤੀ ਤਿੰਨ ਲੱਖ ਤੋਂ ਘਟ ਕੇ ਦੋ ਲੱਖ ਰਹਿ ਗਈ ਹੈ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਵੀ ਨਹੀਂ ਦਿੱਤੇ ਜਾ ਰਹੇ ਹਨ।

ਸਮਾਜ ਭਲਾਈ ਸਕੀਮਾਂ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਆਸ਼ੀਰਵਾਦ ਸਕੀਮ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਗਰੀਬ ਤਬਕੇ ਦੀਆਂ ਨਵ-ਵਿਆਹੁਤਾਵਾਂ ਨੂੰ ਸ਼ਗਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਮਾਜ ਭਲਾਈ ਸਕੀਮਾਂ, ਜਿਵੇਂ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਆਦਿ ਨੂੰ ਆਡਿਟ ਕਰਨ ਦੇ ਨਾਂ ਉੱਤੇ ਬੰਦ ਕਰ ਦਿੱਤਾ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਸਾਲ ਤੋਂ ਫਸਲੀ ਨੁਕਸਾਨ ਲਈ ਮੁਆਵਜ਼ੇ ਨਾ ਜਾਰੀ ਕਰਕੇ ਅੰਨਦਾਤਾ ਨੂੰ ਵੀ ਨਹੀਂ ਬਖਸ਼ਿਆ ਹੈ। ਉਹਨਾਂ ਕਿਹਾ ਕਿ ਗੰਨਾ ਉਤਪਾਦਕਾਂ ਨੂੰ 700 ਕਰੋੜ ਰੁਪਏ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਇਸ ਤੋਂ ਇਲਾਵਾ ਉਹਨਾਂ ਨੇ ਮੁਕੰਮਲ ਕਰਜ਼ਾ ਮੁਆਫੀ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਸਕੀਮ ਲਾਗੂ ਨਾ ਕਰਕੇ ਅਤੇ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਮੋਬਾਇਲ ਫੋਨ ਨਾ ਦੇ ਕੇ ਨੌਜਵਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਨੇ ਸਮਾਜ ਦੇ ਹਰ ਵਰਗ ਨੂੰ ਠੱਗਿਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਉਦਯੋਗਾਂ ਨਾਲ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਹਨਾਂ ਨੂੰ ਅੱਠ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲ ਦੌਰਾਨ ਬਿਜਲੀ ਦੀਆਂ ਦਰਾਂ ਵਿਚ 25 ਫੀਸਦੀ ਵਾਧਾ ਕਰਕੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਦਲਿਤਾਂ ਨੂੰ ਦਿੱਤੀ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਨੂੰ ਵੀ ਬੰਦ ਕਰ ਦਿੱਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਦੇਣ ਅਤੇ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਇਨਕਾਰ ਕਰਕੇ ਸਰਕਾਰ ਨੇ ਸਭ ਤੋਂ ਵੱਡਾ ਜ਼ੁਲਮ ਢਾਹਿਆ ਹੈ। ਉਹਨਾਂ ਕਿਹਾ ਕਿ ਠੇਕੇ ਉੱਤੇ ਭਰਤੀ ਕੀਤੇ 27 ਹਜ਼ਾਰ ਕਾਮੇ ਉਸੇ ਤਰ੍ਹਾਂ ਰੁਲ ਰਹੇ ਹਨ ਅਤੇ ਸਰਕਾਰ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ ਹੈ।ਉਹਨਾਂ ਕਿਹਾ ਕਿ ਕੋਈ ਨਵੀਂ ਭਰਤੀ ਨਹੀਂ ਹੋ ਰਹੀ ਹੈ। ਹੁਣ ਤਾਂ ਅਜਿਹੇ ਹਾਲਾਤ ਹੋ ਗਏ ਹਨ ਕਿ ਸੇਵਾ ਮੁਕਤ ਪਟਵਾਰੀਆਂ ਨੂੰ ਦੁਬਾਰਾ ਤੋਂ ਨੌਕਰੀ ਤੇ ਰੱਖਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪ੍ਰਸਾਸ਼ਨ ਬਾਰੇ ਜਿੰਨਾ ਘੱਟ ਕਿਹਾ ਜਾਵੇ ਚੰਗਾ ਹੈ। ਪੀਸੀਐਸ ਅਧਿਕਾਰੀ ਅੱਜ ਹੜਤਾਲ ਉਤੇ ਚਲੇ ਗਏ ਸਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਵਿਭਿੰਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਖ਼ਿਲਾਫ ਹਿੰਸਾ ਕੀਤੀ ਜਾ ਰਹੀ ਹੈ।

ਸਰਦਾਰ ਮਜੀਠੀਆ ਨੇ ਹਾਲ ਹੀ ਵਿਚ ਆਏ ਹੜ੍ਹਾਂ ਸਦਕਾ ਘਰ ਬਾਰ ਅਤੇ ਫਸਲਾਂ ਦਾ ਨੁਕਸਾਨ ਉਠਾਉਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਫੰਡ ਨਾ ਜਾਰੀ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀ ਮੰਡਲ ਸੁਲਤਾਨਪੁਰ ਲੋਧੀ ਵੀ ਸਿਰਫ ਦਿਖਾਵਾ ਕਰਨ ਲਈ ਪਹੁੰਚ ਗਿਆ ਹੈ ਜਦਕਿ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਪੁਰਬ ਨੂੰ ਮਨਾਉਣ ਲਈ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ ਹੈ।

ਇਸੇ ਦੌਰਾਨ ਸਵਾਲਾਂ ਦੇ ਜੁਆਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਤੁਰੰਤ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਕਾਂਗਰਸ ਪਾਰਟੀ ਵਿਚੋਂ ਵੀ ਕੱਢ ਦੇਣਾ ਚਾਹੀਦਾ ਹੈ।ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਉਹ ਸਪਸ਼ਟ ਕਰਨ ਕਿ ਕੀ ਉਹ ਪਿਛਲੇ 35 ਸਾਲ ਤੋਂ ਇਨਸਾਫ ਲਈ ਲੜ ਰਹੇ ਸਿੱਖਾਂ ਨਾਲ ਹਨ ਜਾਂ ਫਿਰ ਕਾਂਗਰਸ ਪਾਰਟੀ ਨਾਲ ਹਨ?

ਪਾਕਿਸਤਾਨੀ ਪਾਰਟੀ ਪੀਟੀਆਈ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਵੱਲੋਂ ਦਿੱਤੇ ਬਿਆਨ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਹੁਣ ਸੁਰੱਖਿਅਤ ਨਹੀਂ ਹਨ, ਬਾਰੇ ਪੁੱਛੇ ਜਾਣ ਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਤੱਥ ਇਹ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਪ੍ਰਤੀਨਿਧੀ ਵੱਲੋਂ ਅਜਿਹਾ ਬਿਆਨ ਦੇਣਾ ਉੱਥੋਂ ਦੀ ਅਸਲੀ ਹਾਲਤ ਦਾ ਪਰਦਾਫਾਸ਼ ਕਰਦਾ ਹੈ।

ਉਹਨਾਂ ਕਿਹਾ ਕਿ ਹੁਣ ਸੰਯੁਕਤ ਰਾਸ਼ਟਰ ਨੂੰ ਪਾਕਿਸਤਾਨ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਬਲਦੇਵ ਕੁਮਾਰ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ।ਉਹਨਾਂ ਇਹ ਵੀ ਕਿਹਾ ਕਿ ਹੁਣ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਪਾਕਿਸਤਾਨ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਇੰਨੀ ਹੁੱਬ ਕੇ ਤਾਰੀਫ ਕਿਉਂ ਕੀਤੀ ਸੀ?

ਸਰਦਾਰ ਮਜੀਠੀਆ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵੱਲ ਨਾਲ ਬਦਤਮੀਜ਼ੀ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਬੈਂਸ ਨੂੰ ਤੁਰੰਤ ਅਧਿਕਾਰੀ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ, ਜੋ ਕਿ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਕਰ ਰਿਹਾ ਸੀ ਅਤੇ ਕਿਹਾ ਕਿ ਅਜਿਹਾ ਵਿਵਹਾਰ ਸਾਰੇ ਸਿਆਸੀ ਆਗੂਆਂ ਦਾ ਅਕਸ ਖਰਾਬ ਕਰਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION