ਅੰਮ੍ਰਿਤਸਰ, 31 ਅਕਤੂਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਵਿਸ਼ਵ ’ਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਤਹਿਤ 1 ਨਵੰਬਰ ਤੋਂ 13 ਨਵੰਬਰ 2019 ਤੱਕ ਆਲਮੀ ਪੱਧਰ ’ਤੇ ਸੰਗਤਾਂ ਇੱਕੋ ਸਮੇਂ ਮੂਲ ਮੰਤਰ ਦੇ ਸਿਮਰਨ ਨਾਲ ਜੁੜ ਸਕਣੀਆਂ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ 21 ਅਕਤੂਬਰ 2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਦੌਰਾਨ ਕੌਮ ਨੂੰ 13 ਦਿਨ ਮੂਲ ਮੰਤਰ ਦੇ ਸਿਮਰਨ ਨਾਲ ਜੁੜਨ ਦਾ ਆਦੇਸ਼ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਇਸ ਆਦੇਸ਼ ਅਨੁਸਾਰ ਦੁਨੀਆਂ ਭਰ ਵਿਚ ਵੱਸਦੀਆਂ ਸੰਗਤਾਂ ਨੂੰ ਮੂਲ ਮੰਤਰ ਦੇ ਸਿਮਰਨ ਨਾਲ ਜੋੜਨ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਲਗਾਤਾਰ 13 ਦਿਨ ਸ਼ਾਮ ਨੂੰ 5:00 ਵਜੇ 10 ਮਿੰਟ ਲਈ ਮੂਲ ਮੰਤਰ ਦੇ ਸਿਮਰਨ ਸਮਾਗਮਾਂ ਨੂੰ ਲਾਈਵ ਕੀਤਾ ਜਾਵੇਗਾ।
ਇਸ ਦੀ ਸ਼ੁਰੂਆਤ 1 ਨਵੰਬਰ ਨੂੰ ਪਵਿੱਤਰ ਮੂਲ ਮੰਤਰ ਦੇ ਉਚਾਰਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ gurbanigavohbhai.com ’ਤੇ ਜਾ ਕੇ ਇਸ ਨਾਲ ਜੁੜਿਆ ਜਾ ਸਕੇਗਾ।
ਇਸ ਨਾਲ ਬੇਸਬੁੱਕ ਦੇ ਮਾਧਿਅਮ ਨਾਲ ਵੀ ਸਿੱਧਾ ਜੁੜਿਆ ਜਾ ਸਕਦਾ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਇਸ ਕਾਰਜ ਲਈ ਮੁੰਬਈ ਨਿਵਾਸੀ ਸ. ਜਸਬੀਰ ਸਿੰਘ ਧਾਮ ਦਾ ਵਿਸ਼ੇਸ਼ ਯੋਗਦਾਨ ਹੈ। ਉਹ ਇਸ ਕਾਰਜ ਨੂੰ ਸ਼ੋਸ਼ਲ ਮੀਡੀਆ ਦੇ ਮਾਧਿਅਮ ਦੁਆਰਾ ਸੰਗਤਾਂ ਤੱਕ ਪਹੁੰਚਾਉਣ ਲਈ ਸਹਿਯੋਗ ਦੇ ਰਹੇ ਹਨ।
ਡਾ. ਰੂਪ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਣ ਮਗਰੋਂ ਮੂਲ ਮੰਤਰ ਸਿਮਰਨ ਸਮਾਗਮਾਂ ਦਾ 2 ਨਵੰਬਰ ਨੂੰ ਕੈਨੇਡਾ, 3 ਨਵੰਬਰ ਨੂੰ ਯੂ. ਕੇ., 4 ਨਵੰਬਰ ਨੂੰ ਮਲੇਸ਼ੀਆ, 5 ਨਵੰਬਰ ਨੂੰ ਬਿਦਰ, 6 ਨਵੰਬਰ ਨੂੰ ਮੈਲਬੋਰਨ, 7 ਨਵੰਬਰ ਨੂੰ ਸਿੰਗਾਪੁਰ, 8 ਨਵੰਬਰ ਨੂੰ ਬ੍ਰਾਜ਼ੀਲ, 9 ਨਵੰਬਰ ਨੂੰ ਨਿਊਯਾਰਕ, 10 ਨਵੰਬਰ ਨੂੰ ਲੰਡਨ, 11 ਨਵੰਬਰ ਨੂੰ ਕੀਨੀਆ, 12 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ 13 ਨਵੰਬਰ ਨੂੰ ਦੁਬਈ ਤੋਂ ਸਿੱਧਾ ਪ੍ਰਸਾਰਣ ਹੋਵੇਗਾ।