26.7 C
Delhi
Saturday, April 27, 2024
spot_img
spot_img

4 ਜੁਲਾਈ 1955 ਨੂੰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ‘ਚ ਗੁ. ਸੰਤੋਖਸਰ ਤੋਂ ਅਕਾਲ ਤਖ਼ਤ ਸਾਹਿਬ ਤਕ ਕੀਤਾ ਮਾਰਚ

ਯੈੱਸ ਪੰਜਾਬ
ਅੰਮ੍ਰਿਤਸਰ, 4 ਜੁਲਾਈ, 2021:
1947 ਦੀ ਅਖੌਤੀ ਆਜ਼ਾਦੀ ਤੋਂ 8 ਸਾਲ ਬਾਅਦ 4 ਜੁਲਾਈ 1955 ਨੂੰ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚੇ ਨੂੰ ਕੁਚਲਣ ਲਈ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਆਵਾਜ਼-ਏ-ਕੌਮ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋੰ ਮਾਰਚ ਕੀਤਾ ਗਿਆ ਤੇ ਉਪਰੰਤ ਅਰਦਾਸ ਕੀਤੀ ਗਈ ਕਿ ਛੇਵੇਂ ਪਾਤਸ਼ਾਹ ਸਿੱਖ ਕੌਮ ਨੂੰ ਅਜ਼ਾਦੀ ਬਖ਼ਸ਼ਣ।

ਇਹ ਮਾਰਚ ਆਵਾਜ਼-ਏ-ਕੌਮ ਜਥੇਬੰਦੀ ਦੇ ਸਰਪ੍ਰਸਤ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਅਤੇ ਭਾਈ ਹਰਜਿੰਦਰ ਸਿੰਘ ਜਲੰਧਰ ਦੀ ਅਗਵਾਈ ‘ਚ ਕੀਤਾ ਗਿਆ।

ਮਾਰਚ ਦੌਰਾਨ ਸਿੱਖ ਹੋਮਲੈਂਡ ਜ਼ਿੰਦਾਬਾਦ, ਰਾਜ ਕਰੇਗਾ ਖ਼ਾਲਸਾ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਨਹੀਂ ਭੁੱਲਾਂਗੇ ਆਦਿ ਨਾਅਰੇ ਲਗਾਏ ਗਏ ਤੇ ਸਿੱਖ ਨੌਜਵਾਨਾਂ ਤੇ ਸੰਗਤਾਂ ਨੇ ਹੱਥਾਂ ਵਿੱਚ ਉਸ ਵੇਲ਼ੇ ਹਮਲੇ ਵਿੱਚ ਹੋਏ ਨੁਕਸਾਨ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।

ਇਸ ਮੌਕੇ ਆਗੂਆਂ ਨੇ ਸਾਂਝੇ ਰੂਪ ‘ਚ ਕਿਹਾ ਕਿ 66 ਸਾਲਾਂ ਪਹਿਲਾਂ ਭਾਰਤੀ ਹਕੂਮਤ ਵਲ਼ੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਇਸ ਕਹਿਰਵਾਨ ਹਮਲੇ ਬਾਰੇ ਹਰੇਕ ਸਿੱਖ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਉਹ ਭਾਰਤ ਵਿੱਚ ਆਜ਼ਾਦ ਨਹੀਂ, ਗੁਲਾਮ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਇਸ ਆਸ ਨਾਲ ਭਾਰਤੀ ਰਾਜ ਵਿੱਚ ਸ਼ਾਮਲ ਹੋਈ ਸੀ ਕਿ ਉਨ੍ਹਾਂ ਨੂੰ ਇਸ ਰਾਜ ਵਿੱਚ ਬਰਾਬਰੀ ਦਾ ਹੱਕ ਦਿੱਤਾ ਜਾਵੇਗਾ।

ਭਾਰਤੀ ਰਾਜ ਨੇ ਵੀ ਸਿੱਖਾਂ ਨੂੰ ਇਹ ਸੁਪਨਾ ਦਿਖਾਇਆ ਸੀ ਕਿ ਭਾਰਤ ਦੇ ਉੱਤਰ-ਪੱਛਮ ਵਿੱਚ ਉਨ੍ਹਾਂ ਨੂੰ ਅਜਿਹਾ ਰਾਜ ਦਿੱਤਾ ਜਾਵੇਗਾ, ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਇਹ ਸੁਪਨਾ ਅਖੌਤੀ ਆਜ਼ਾਦੀ ਤੋਂ ਚੰਦ ਦਿਨਾਂ ਬਾਅਦ ਹੀ ਚੂਰ-ਚੂਰ ਹੋ ਗਿਆ। ਇਸ ਲਈ ਇਸ ਵੱਡੇ ਧੋਖੇ ਤੋਂ ਬਾਅਦ ਸਿੱਖਾਂ ਨੇ ਪੰਜਾਬੀ ਸੂਬਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਪਰ ਭਾਰਤੀ ਹਕੂਮਤ ਸੱਤਾ ਵਿੱਚ ਸਿੱਖਾਂ ਨੂੰ ਤਿਲ ਮਾਤਰ ਵੀ ਤਾਕਤ ਦੇਣ ਲਈ ਤਿਆਰ ਨਹੀਂ ਸੀ।

ਭਾਰਤੀ ਹਕੂਮਤ ਨੇ ਸਿੱਖਾਂ ਨੂੰ ਪੰਜਾਬੀ ਸੂਬਾ ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਨੇ ਤਾਂ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ’ਤੇ ਵੀ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਨੂੰ ਹਟਾਉਣ ਲਈ ਸਿੱਖਾਂ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਮੋਰਚਾ ਲਾਇਆ ਗਿਆ ਸੀ। ਭਾਰਤ ਸਰਕਾਰ ਇਸ ਮੋਰਚੇ ਨੂੰ ਉੱਕਾ ਹੀ ਸਹਿਣ ਕਰਕੇ ਰਾਜ਼ੀ ਨਹੀਂ ਸੀ, ਇਸ ਲਈ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਭੀਮ ਸੈਨ ਸੱਚਰ ਵਲੋਂ ਇਸ ਮੋਰਚੇ ਖਿਲਾਫ ਰਵੱਈਆ ਅਖਤਿਆਰ ਕੀਤਾ ਗਿਆ ਸੀ।

ਉਸ ਦੇ ਹੁਕਮਾਂ ਨਾਲ਼ ਹੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਮਹਾਸ਼ਾ ਅਸ਼ਵਨੀ ਕੁਮਾਰ ਵਲ਼ੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਜੀ ’ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਸਿੱਖ ਸੰਗਤਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਗੋਲ਼ੀਆਂ ਚਲਾਈਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਜਿਸ ਦੋਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਜ਼ਖਮੀਂ ਹੋਏ ਅਤੇ ਕਈ ਸਿੰਘ ਸ਼ਹੀਦ ਹੋ ਗਏ।

ਉਹਨਾਂ ਕਿਹਾ ਕਿ ਇਹਨਾਂ ਹਮਲਿਆਂ ਤੋਂ ਨਿਜ਼ਾਤ ਪਾਉਣ ਲਈ ਸਿੱਖਾਂ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ ਤੇ ਆਜ਼ਾਦ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਪ੍ਰਾਪਤੀ ਤੋਂ ਬਿਨਾਂ ਦੂਜਾ ਹੋਰ ਕੋਈ ਰਾਹ ਨਹੀਂ ਹੈ। ਇਸ ਮੌਕੇ ਰਣਵੀਰ ਸਿੰਘ, ਸਤਵੰਤ ਸਿੰਘ, ਕਰਨੈਲ ਸਿੰਘ ਘੌੜੇਬਾਹਾ, ਰਵਿੰਦਰ ਸਿੰਘ ਹੁਸ਼ਿਆਰਪੁਰ, ਮਨਪ੍ਰੀਤ ਸਿੰਘ, ਜਸਵੰਤ ਸਿੰਘ ਸੁਭਾਨਾ, ਰਣਜੀਤ ਸਿੰਘ ਆਦਿ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION